ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ
ਨਵੀਂ ਦਿੱਲੀ (ਏਜੰਸੀ)। 26 ਜਨਵਰੀ ਨੂੰ ਆ ਰਹੇ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖੁਫ਼ੀਆ ਏਜੰਸੀਆਂ ਨੇ ਇੱਕ ਕਾਲ ਇੰਟਰਸੈਪਟ ਕੀਤੀ ਹੈ ਜਿਸ ਪਿੱਛੋਂ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਜਾਮਾ ਮਸਜਿਦ ਇਲਾਕੇ ਵਿੱਚ ਤਿੰਨ ਸ਼ੱਕ ਅੱਤਵਾਦੀ ਲੁਕੇ ਹੋਏ ਹਨ ਜੋ ਗਣਤੰਤਰ ਦਿਵਸ ‘ਤੇ ਵੱਡਾ ਅੱਤਵਾਦੀ ਹਮਲਾ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਤਿੰਨੇ ਅੱਤਵਾਦੀ ਅਫ਼ਗਾਨ ਮੂਲ ਦੇ ਹਨ ਅਤੇ ਪਸਤੋ ਭਾਸ਼ਾ ਵਿੱਚ ਗੱਲ ਕਰਦੇ ਹਨ। ਇਨ੍ਹਾਂ ਅੱਤਵਾਦੀਆਂ ਦੀ ਟਰੇਨਿੰਗ ਪਾਕਿਸਤਾਨ ਵਿੱਚ ਹੋਈ ਹੈ। ਦਿੱਲੀ ਪੁਲਿਸ ਨੇ ਜਾਣਕਾਰੀ ਦੇ ਆਧਾਰ ‘ਤੇ ਪੂਰੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
ਸੂਤਰਾਂ ਮੁਤਾਬਕ ਖੁਫ਼ੀਆ ਏਜੰਸੀਆਂ ਨੇ ਜੋ ਕਾਲ ਇੰਟਰਸੈਪਟ ਕੀਤੀ ਹੈ, ਉਸ ਵਿੱਚ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਜੰਮੂ-ਕਸ਼ਮੀਰ ਪੁਲਿਸ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ। ਖੁਫ਼ੀਆ ਏਜੰਸੀਆਂ ਦੇ ਇਸ ਇਨਪੁੱਟ ‘ਤੇ ਸਪੈਸ਼ਲ ਸਕਿਊਰਿਟੀ ਮੀਟਿੰਗ ਦੌਰਾਨ ਵੀ ਚਰਚਾ ਕੀਤੀ ਗਈ। ਪੂਰੇ ਮਾਮਲੇ ‘ਤੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਤੋਂ ਇਲਾਵਾ ਤਮਾਮ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।