ਹਰਿਆਣਾ ਦੇ ਦੋ ਨੌਜਵਾਨਾਂ ਦੇ ਗੁੱਟਾਂ ਦੀ ਪੰਜਾਬ ‘ਚ ਝੜਪ

Haryana youth groups clash in Punjab

ਇੱਕ ਗੁੱਟ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋ ਜਖ਼ਮੀ, ਪੁਲਿਸ ਜਾਂਚ ‘ਚ ਜੁਟੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ ਰਾਮ ਸਰੂਪ ਪੰਜੋਲਾ)। ਪਟਿਆਲਾ ਦੇ ਨੇੜਲੇ ਕਸਬਾ ਬਲਬੇੜਾ ਦੇ ਪਿੰਡ ਚੌਰਾਸੋਂ ਨੇੜੇ ਅੱਜ ਦੁਪਿਹਰ ਵੇਲੇ ਹਰਿਆਣਾ ਦੇ ਦੋ ਨੌਜਵਾਨ ਗੁੱਟਾਂ ਦੀ ਆਪਸੀ ਤਰਕਾਰਬਾਜੀ ਦੇ ਚੱਲਦਿਆਂ ਇੱਕ ਗੁੱਟ ਵੱਲੋਂ ਉਸ ਸਮੇਂ ਦੂਜੇ ਗੁੱਟ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ ਸੀ। ਇਸ ਤੋਂ ਇਲਾਵਾ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਘਟਨਾ ਸਥਾਨ ‘ਤੇ ਪਟਿਆਲਾ ਤੇ ਹਰਿਆਣਾ ਦੀ ਪੁਲਿਸ ਦੇ ਅਧਿਕਾਰੀ ਪੁੱਜੇ।

ਜਾਣਕਾਰੀ ਅਨੁਸਾਰ 25 ਸਾਲਾ ਗੁਰਦੀਪ ਸਿੰਘ ਉਰਫ਼ ਦੀਪਕ ਪੁੱਤਰ ਗਿਆਨ ਸਿੰਘ ਵਾਸੀ ਗੱਗੜਪੁਰ ਹਰਿਆਣਾ, ਰਿੰਕੂ ਵਾਸੀ ਗੜਾ ਹਰਿਆਣਾ ਅਤੇ ਸੁਖਮਨ ਸਿੰਘ ਸੁੱਖਾ ਵਾਸੀ ਗੱਗੜਪੁਰ ਜੋ ਕਿ ਪਲਸਰ ਮੋਟਰਸਾਇਕਲ ‘ਤੇ ਪੰਜਾਬ ਦੇ ਬਲਬੇੜਾ ਤੋਂ ਜਾ ਰਹੇ ਸਨ।

ਇਨ੍ਹਾਂ ਵੱਲੋਂ ਪਿਛਲੇ ਦਿਨੀਂ ਹੀ ਇਹ ਨਵਾਂ ਮੋਟਰਸਾਇਕਲ ਬਲਬੇੜਾ ਏਜੰਸੀ ਤੋਂ ਖਰੀਦਿਆ ਗਿਆ ਸੀ। ਇਸੇ ਦੌਰਾਨ ਹੀ ਵਿਰੋਧੀ ਗੁੱਟ ਵੱਲੋਂ ਇਨ੍ਹਾਂ ਦਾ ਗੱਡੀ ਨਾਲ ਪਿੱਛਾ ਕੀਤਾ ਗਿਆ। ਜਦੋਂ ਇਹ ਪਿੰਡ ਚੌਰਾਸੋਂ ਕੋਲ ਪੁੱਜੇ ਤਾਂ ਇਨ੍ਹਾਂ ਦੇ ਮੋਟਰਸਾਇਕਲ ਨੂੰ ਗੱਡੀ ਸਵਾਰਾਂ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਇਹ ਹੇਠਾਂ ਡਿੱਗ ਗਏ ਅਤੇ ਜਖ਼ਮੀ ਹੋ ਗਏ। ਹੇਠਾਂ ਡਿੱਗਣ ਤੋਂ ਬਾਅਦ ਗੁਰਦੀਪ ਸਿੰਘ ਵਿਰੋਧੀ ਗੁੱਟ ਦੇ ਨੌਜਵਾਨਾਂ ਤੋਂ ਬਚਣ ਲਈ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਭੱਜ ਗਿਆ।

ਇਸੇ ਦੌਰਾਨ ਹੀ ਉਕਤ ਕਾਰ ਸਵਾਰਾਂ ਵੱਲੋਂ ਹੋਰ ਰਸਤਿਆਂ ਰਾਹੀਂ ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸਦੇ ਭੱਜਦੇ ਹੋਏ ਦੇ ਧੜਾਧੜ ਗੋਲੀਆਂ ਚਲਾ ਦਿੱਤੀਆਂ, ਜੋ ਕਿ ਦੀਪਕ ਦੇ ਸਿਰ ‘ਤੇ ਵੱਜੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਧਰ ਜਖ਼ਮੀ ਹੋਏ ਉਸਦੇ ਦੋ ਸਾਥੀਆਂ ਨੂੰ ਇੱਥੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਟਿਆਲਾ ਪੁਲਿਸ ਦੇ ਐਸਪੀਡੀ ਹਰਮੀਤ ਸਿੰਘ ਹੁੰਦਲ, ਐਸਪੀਆਰ ਅਜੇ ਪਾਲ ਸਿੰਘ, ਸੀਆਈਏ ਦੇ ਇੰਚਾਰਜ਼ ਸ਼ਮਿੰਦਰ ਸਿੰਘ ਸਮੇਤ ਹਰਿਆਣਾ ਪੁਲਿਸ ਦੇ ਅਧਿਕਾਰੀ ਵੀ ਪੁੱਜੇ। ਇਸ ਮੌਕੇ ਐਸਪੀਆਰ ਅਜੇ ਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਉਕਤ ਦੋਵੇਂ ਗੁੱਟਾਂ ਵਿੱਚ ਆਪਸੀ ਰੰਜਿਸ਼ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਧਰ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਸੁੱਖ ਪਹਿਲਵਾਨ ਵਾਸੀ ਘੁਮੇੜੀ, ਨਿਰਮਲ ਨਿੰਮਾ, ਕਾਲਾ ਬੋਡੀ ਆਦਿ ਵੱਲੋਂ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ਼ ਕਰਨ ਤੋਂ ਬਾਅਦ ਕਾਰਵਾਈ ਬਾਰੇ ਦੱਸਿਆ ਜਾਵੇਗਾ। ਉਂਜ ਇਹ ਘਟਨਾ ਗੈਂਗਵਾਰ ਨਾਲ ਜੋੜੀ ਜਾ ਰਹੀ ਹੈ ਅਤੇ ਦੋਵਾਂ ਗਰੁੱਪਾਂ ਵਿੱਚ ਆਪਸੀ ਖਹਿਬਾਜੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀਪਕ ਦੀ ਲਾਸ਼ ਨੂੰ ਇੱਥੇ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸਤ ਦਾ ਮਹੌਲ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਵਿਰੁੱਧ ਪਟਿਆਲਾ ਦੇ ਅਰਬਨ ਅਸਟੇਟ ਵਿਖੇ ਵੀ ਇੱਕ ਮਾਮਲਾ ਦਰਜ਼ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।