ਲੋਕ ਸਭਾ ਚੋਣਾਂ ’ਚ ਹਰਸਿਮਰਤ ਕੌਰ ਨੇ ਕੀਤਾ ਸਭ ਤੋਂ ਵੱਧ ਖ਼ਰਚ ਅਤੇ ਸਭ ਤੋਂ ਘੱਟ ਕਰਨ ਵਾਲੇ ਉਮੀਦਵਾਰ ਬਣੇ ਵਿਰਸਾ ਵਲਟੋਹਾ

Harsimrat Kaur

ਦੂਜੇ ਨੰਬਰ ’ਤੇ ਸਭ ਤੋਂ ਵੱਧ ਖ਼ਰਚ ਕਰਨ ਵਾਲੇ ਕਰਮਜੀਤ ਅਨਮੋਲ ਅਤੇ ਸਭ ਘੱਟ ਵਿੱਚ ਦੂਜੇ ਨੰਬਰ ’ਤੇ ਅਮਨਸ਼ੇਰ ਸਿੰਘ ਕਲਸੀ | Harsimrat Kaur

ਚੰਡੀਗੜ੍ਹ (ਅਸ਼ਵਨੀ ਚਾਵਲਾ)। Harsimrat Kaur : ਲੋਕ ਸਭਾ ਚੋਣਾਂ ਵਿੱਚ ਪੈਸਾ ਬਹਾਉਣ ਵਾਲੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਸਭ ਤੋਂ ਅੱਗੇ ਰਹੀ ਹੈ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਹੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਸਭ ਤੋਂ ਘੱਟ ਖ਼ਰਚਾ ਕਰਦੇ ਹੋਏ ਰਿਕਾਰਡ ਬਣਾ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਵਿੱਚ ਸਭ ਤੋਂ ਜਿਆਦਾ 93 ਲੱਖ 23 ਹਜ਼ਾਰ 903 ਰੁਪਏ ਖ਼ਰਚ ਕੀਤੇ ਗਏ ਹਨ ਤਾਂ ਵਿਰਸਾ ਸਿੰਘ ਵਲਟੋਹਾ ਵਲੋਂ 21 ਲੱਖ 39 ਹਜ਼ਾਰ 698 ਰੁਪਏ ਖਰਚ ਕੀਤੇ ਗਏ ਹਨ।

ਜੇਕਰ ਪਾਰਟੀ ਵਾਇਜ਼ ਦੇਖਿਆ ਜਾਵੇ ਤਾਂ ਭਾਜਪਾ ਪਾਰਟੀ ਦੇ ਉਮੀਦਵਾਰਾਂ ਵੱਲੋਂ ਹੀ ਸਭ ਤੋਂ ਜਿਆਦਾ ਫੀਸਦੀ ਦਰ ਨਾਲ ਖ਼ਰਚ ਕੀਤਾ ਗਿਆ ਹੈ। ਭਾਜਪਾ ਦੇ 13 ਉਮੀਦਵਾਰਾਂ ਵਲੋਂ 9 ਕਰੋੜ 87 ਲੱਖ 66 ਹਜ਼ਾਰ 749 ਰੁਪਏ ਖ਼ਰਚ ਕੀਤੇ ਗਏ ਹਨ, ਜਿਸ ਹਿਸਾਬ ਨਾਲ ਪ੍ਰਤੀ ਉਮੀਦਵਾਰ 75 ਲੱਖ 97 ਹਜ਼ਾਰ 442 ਰੁਪਏ ਖ਼ਰਚ ਕੀਤੇ ਗਏ ਹਨ। ਜਦੋਂ ਕਿ ਕਾਂਗਰਸ ਦੇ ਪ੍ਰਤੀ ਉਮੀਦਵਾਰ ਖ਼ਰਚ 70 ਲੱਖ 18 ਹਜ਼ਾਰ 796 ਤਾਂ ਆਮ ਆਦਮੀ ਪਾਰਟੀ ਦੇ ਪ੍ਰਤੀ ਉਮੀਦਵਾਰ 65 ਲੱਖ 22 ਹਜ਼ਾਰ 185 ਰੁਪਏ ਆਇਆ ਹੈ। ਇਸ ਹਿਸਾਬ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਉਮੀਦਵਾਰ 57 ਲੱਖ 22 ਹਜ਼ਾਰ 946 ਰੁਪਏ ਖ਼ਰਚ ਕੀਤਾ ਗਿਆ ਹੈ।

ਉਮੀਦਵਾਰ ਫੀਸਦੀ ਦਰ ਨਾਲ ਭਾਜਪਾ ਵੱਲੋਂ ਕੀਤਾ ਗਿਆ ਸਭ ਤੋਂ ਵੱਧ ਖ਼ਰਚ, ਪ੍ਰਤੀ ਉਮੀਦਵਾਰ ਆਇਆ 76 ਲੱਖ ਖ਼ਰਚਾ

ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਵਿੱਚ ਹਰ ਉਮੀਦਵਾਰ ਨੂੰ ਆਪਣੇ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਤੋਂ ਲੈ ਕੇ ਹਰ ਛੋਟੇ ਮੋਟੇ ਕੰਮ ਲਈ 95 ਲੱਖ ਰੁਪਏ ਤੱਕ ਹੀ ਖ਼ਰਚ ਕਰਨ ਦੀ ਹੱਦ ਭਾਰਤੀ ਚੋਣ ਕਮਿਸ਼ਨ ਵਲੋਂ ਤੈਅ ਕੀਤੀ ਗਈ ਹੈ। ਇਸ ਲਈ ਹਰ ਉਮੀਦਵਾਰ ਨੂੰ ਇਸ 95 ਲੱਖ ਰੁਪਏ ਦੀ ਹੱਦ ਵਿੱਚ ਰਹਿੰਦੇ ਹੋਏ ਹੀ ਖ਼ਰਚ ਕੀਤਾ ਜਾਣਾ ਜਰੂਰੀ ਸੀ। ਚੋਣ ਕਮਿਸ਼ਨ ਵਲੋਂ ਤੈਅ ਕੀਤੀ ਗਈ ਇਸ ਹੱਦ ਦੇ ਸਭ ਤੋਂ ਨੇੜੇ ਹਰਮਿਸਰਤ ਕੌਰ ਬਾਦਲ ਅਤੇ ਕਰਮਜੀਤ ਸਿੰਘ ਅਨਮੋਲ ਹੀ ਪੁੱਜੇ ਹਨ, ਜਿਨਾਂ ਨੇ 90 ਲੱਖ ਰੁਪਏ ਦੇ ਅੰਕੜਾ ਪਾਰ ਕਰਦੇ ਹੋਏ ਰਿਕਾਰਡ ਬਣਾਇਆ ਹੈ।

ਚੋਣ ਅਮਲ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੂੰ ਇਨ੍ਹਾਂ ਉਮੀਦਵਾਰਾਂ ਵਲੋਂ ਦਿੱਤੇ ਗਏ ਆਪਣਾ ਹਿਸਾਬ ਕਿਤਾਬ ਜਮਾ ਕਰਵਾਇਆ ਗਿਆ ਹੈ ਅਤੇ ਇਨਾਂ ਉਮੀਦਵਾਰਾਂ ਦੀ ਸੂਚੀ ਵੀ ਕਾਫ਼ੀ ਜਿਆਦਾ ਲੰਬੀ ਇਸ ਲਈ ਸਭ ਤੋਂ ਜਿਆਦਾ ਅਤੇ ਸਭ ਤੋਂ ਘੱਟ ਖ਼ਰਚਾ ਕਰਨ ਵਾਲੇ ਉਮੀਦਵਾਰਾਂ ਤੋਂ ਇਲਾਵਾ ਮੁੱਖ ਉਮੀਦਵਾਰਾਂ ਵਿੱਚ ਕਰਮਜੀਤ ਅਨਮੋਲ ਵਲੋਂ 91 ਲੱਖ 44 ਹਜ਼ਾਰ 420 ਰੁਪਏ, ਗੁਰਮੀਤ ਸਿੰਘ ਮੀਤ ਹੇਅਰ ਵਲੋਂ 77 ਲੱਖ 61 ਹਜ਼ਾਰ 499 ਰੁਪਏ, ਲਾਲਜੀਤ ਭੁੱਲਰ ਵਲੋਂ 52 ਲੱਖ 43 ਹਜ਼ਾਰ 380, ਚਰਨਜੀਤ ਸਿੰਘ ਚੰਨੀ ਵਲੋਂ 85 ਲੱਖ 12 ਹਜ਼ਾਰ 284, ਅਮਰਿੰਦਰ ਰਾਜਾ ਵੜਿੰਗ ਵੱਲੋਂ 66 ਲੱਖ 57 ਹਜ਼ਾਰ 239 ਰੁਪਏ, ਡਾ. ਧਰਮਵੀਰ ਗਾਂਧੀ ਵੱਲੋਂ 8 ਲੱਖ 5 ਹਜ਼ਾਰ 143 ਰੁਪਏ, ਹੰਸ ਰਾਜ ਹੰਸ ਵਲੋਂ 89 ਲੱਖ 25 ਹਜ਼ਾਰ 543, ਰਵਨੀਤ ਬਿੱਟੂ ਵੱਲੋਂ 75 ਲੱਖ 44 ਹਜ਼ਾਰ 883 ਰੁਪਏ, ਅਰਵਿੰਦ ਖੰਨਾ ਵਲੋਂ 79 ਲੱਖ 336 ਰੁਪਏ ਖ਼ਰਚ ਕੀਤੇ ਗਏ ਹਨ।

ਤਿੰਨ ਉਮੀਦਵਾਰਾਂ ਨੂੰ ਮਿਲਿਆ ਸਭ ਤੋਂ ਜਿਆਦਾ ਫੰਡ, ਚੋਣ ਖ਼ਰਚੇ ਤੋਂ ਬਾਅਦ ਵੀ ਬਚ ਗਏ ਲੱਖਾਂ ਰੁਪਏ

ਲੋਕ ਸਭਾ ਚੋਣਾਂ ਵਿੱਚ 95 ਲੱਖ ਰੁਪਏ ਦੀ ਲਿਮਿਟ ਤੱਕ ਖ਼ਰਚ ਕਰਨ ਵਾਲੇ ਉਮੀਦਵਾਰਾਂ ਵਿੱਚੋਂ 3 ਉਮੀਦਵਾਰ ਇਹੋ ਜਿਹੇ ਵੀ ਹਨ, ਜਿਨ੍ਹਾਂ ਵੱਲੋਂ ਚੋਣ ਮੈਦਾਨ ਵਿੱਚ ਇੰਨਾ ਜਿਆਦਾ ਫੰਡ ਮਿਲਿਆ ਹੈ ਕਿ ਉਨ੍ਹਾਂ ਦਾ ਸਾਰਾ ਚੋਣ ਖ਼ਰਚਾ ਨਿਕਲਣ ਤੋਂ ਬਾਅਦ ਵੀ ਲੱਖਾ ਰੁਪਏ ਦੀ ਬਚਤ ਹੋ ਗਈ ਹੈ। ਸਭ ਤੋਂ ਜਿਆਦਾ ਪੈਸੇ ਦੀ ਬਚਤ ਪਰਨੀਤ ਕੌਰ ਨੂੰ ਹੋਈ ਹੈ। ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਨੂੰ 1 ਕਰੋੜ 12 ਲੱਖ ਰੁਪਏ ਦੀ ਚੋਣ ਫੰਡ ਲੋਕ ਸਭਾ ਚੋਣਾਂ ਦੌਰਾਨ ਮਿਲਿਆ ਸੀ ਤਾਂ 75 ਲੱਖ 44 ਹਜ਼ਾਰ 883 ਰੁਪਏ ਖ਼ਰਚ ਕਰਕੇ ਵੀ 36 ਲੱਖ 55 ਹਜ਼ਾਰ 117 ਰੁਪਏ ਉਨ੍ਹਾਂ ਕੋਲ ਬੱਚ ਗਏ ਹਨ।

Also Read : ਆਓ! ਦਿਖਾਈਏ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸ਼ੰਭੂ ਬਾਰਡਰ ਦੇ ਮੌਕੇ ਦੇ ਹਾਲਾਤ

ਇਸ ਨਾਲ ਹੀ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ 87 ਲੱਖ 58 ਹਜ਼ਾਰ 725 ਰੁਪਏ ਫੰਡ ਮਿਲਿਆ ਤਾਂ 75 ਲੱਖ 1 ਹਜ਼ਾਰ 332 ਰੁਪਏ ਖ਼ਰਚਾ ਕਰਕੇ 12 ਲੱਖ 57 ਹਜ਼ਾਰ 393 ਰੁਪਏ ਦੀ ਬਚਤ ਹੋਈ ਹੈ। ਇਸੇ ਤਰ੍ਹਾਂ 69 ਹਜ਼ਾਰ 515 ਰੁਪਏ ਦਾ ਫੰਡ ਆਇਆ ਸੀ ਤਾਂ ਉਨ੍ਹਾਂ ਨੇ 43 ਲੱਖ 84 ਹਜ਼ਾਰ 425 ਰੁਪਏ ਖ਼ਰਚ ਕਰਦੇ ਹੋਏ 9 ਲੱਖ 85 ਹਜ਼ਾਰ 90 ਰੁਪਏ ਦੀ ਬਚਤ ਕੀਤੀ ਹੈ।