ਏਅਰ ਪਿਸਟਲ ਨਾ ਹੋਣ ਕਰਕੇ ਟ੍ਰਾਇਲ ਤੋਂ ਖੁੰਝੀ ਸੀ ਪੰਜਾਬ ਦੀ ਹੋਣਹਾਰ ਨਿਸ਼ਾਨੇਬਾਜ਼
- ਖੇਡ ਮੰਤਰੀ ਮੀਤ ਹੇਅਰ ਨੇ ਸੌਂਪਿਆ ਦੋ ਲੱਖ ਦੀ ਕੀਮਤ ਦਾ ਏਅਰ ਪਿਸਟਲ
(ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਰੁਘੂ ਦੀ ਵਾਸੀ ਅਮਨਦੀਪ ਕੌਰ ਭਾਵੇਂ ਆਪਣੀਆਂ ਲੱਤਾਂ ਤੋਂ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਪਰ ਉਸਦੀ ਹਿੰਮਤ ਵੱਡੀਆਂ ਮੰਜਿਲਾਂ ਸਰ ਕਰਨ ਦੀ ਹੈ ਬੁਲੰਦ ਹੌਂਸਲੇ ਵਾਲੀ ਅਮਨਦੀਪ ਕੌਰ ਨਿਸ਼ਾਨੇਬਾਜ਼ ਹੈ ਨਿਸ਼ਾਨੇਬਾਜ਼ੀ ’ਚ ਉਹ ਇਕੱਲੇ ਤਮਗੇ ਹੀ ਨਹੀਂ ਜਿੱਤਦੀ ਬਲਕਿ ਉਸਦੀ ਜਿੱਤ ਉਨ੍ਹਾਂ ਲੋਕਾਂ ਨੂੰ ਸੁਨੇਹਾ ਵੀ ਦਿੰਦੀ ਹੈ, ਜੋ ਕੁੜੀਆਂ ਨੂੰ ਬੋਝ ਸਮਝਦੇ ਹਨ ਅੱਜ ਬਠਿੰਡਾ ਪੁੱਜੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਦੋਂ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਮਿਲ ਕੇ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸੀ ਤਾਂ ਉੱਥੇ ਮੌਜ਼ੂਦ ਅਮਨਦੀਪ ਕੌਰ ਨੂੰ ਆਪਣੇ ਭਵਿੱਖ ਦੇ ਖੇਡ ਸਫ਼ਰ ਲਈ ਅਭਿਆਸ ਕਰਨ ਲਈ ਏਅਰ ਪਿਸਟਲ ਸੌਂਪਿਆ।
ਏਅਰ ਪਿਸਟਲ ਮਿਲਣ ਨਾਲ ਹੁਣ ਇਸ (Shooter Amandeep Kaur) ਨਿਸ਼ਾਨੇਬਾਜ਼ ਨੂੰ ਅਭਿਆਸ਼ ਦਾ ਫਿਕਰ ਨਹੀਂ ਰਿਹਾ, ਜਦੋਂਕਿ ਇਸ ਤੋਂ ਪਹਿਲਾਂ ਉਸ ਨੂੰ ਅਭਿਆਸ਼ ’ਚ ਮੁਸ਼ਕਲ ਆਉਂਦੀ ਸੀ ਤੇ ਕਈ ਮੁਕਾਬਲਿਆਂ ’ਚ ਹਿੱਸਾ ਲੈਣ ਤੋਂ ਵੀ ਖੁੰਝ ਗਈ ਟੀਮ ਇੰਡੀਆ ਦੇ ਟ੍ਰਾਇਲਾਂ ’ਚ ਵੀ ਉਹ ਹਿੱਸਾ ਨਹੀਂ ਲੈ ਸਕੀ ਸੀ।
ਇਸ ਮੌਕੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੋਂ ਜਿੱਤ ਕੇ ਜਦੋਂ ਉਹ ਸਟੇਟ ਲਈ ਗਈ ਤਾਂ ਉੱਥੇ ਉਸਦੇ ਮੁਕਾਬਲੇ ’ਚ ਹੋਰ ਕੋਈ ਖਿਡਾਰਨ ਹੀ ਨਹੀਂ ਸੀ ਪ੍ਰੀ-ਨੈਸ਼ਨਲ ਮੁਕਾਬਲਿਆਂ ਲਈ ਉਹ ਦਿੱਲੀ ਗਈ ਤਾਂ ਸੋਨ ਤਮਗਾ ਜਿੱਤਕੇ ਪੰਜਾਬ ਦੀ ਝੋਲੀ ਪਾਇਆ ਉਸਨੇ ਦੱਸਿਆ ਕਿ ਜਦੋਂ ਨੈਸ਼ਨਲ ਲਈ ਟ੍ਰਾਇਲ ਹੋਏ ਤਾਂ ਉੱਥੇ ਪਿਸਟਲ ਆਪਣਾ ਹੋਣਾ ਚਾਹੀਦਾ ਸੀ, ਜੋ ਉਸ ਕੋਲ ਨਹੀਂ ਸੀ, ਜਿਸ ਕਾਰਨ ਉਹ ਨੈਸ਼ਨਲ ਮੁਕਾਬਲਿਆਂ ’ਚ ਹਿੱਸਾ ਲੈਣ ਤੋਂ ਖੁੰਝ ਗਈ।
ਖੇਡ ਮੰਤਰੀ ਦਾ ਧੰਨਵਾਦ ਕੀਤਾ
ਉਸ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੀਬ ਦੋ ਲੱਖ ਰੁਪਏ ਦੀ ਕੀਮਤ ਦਾ ਏਅਰ ਪਿਸਟਲ ਮਿਲਣ ਨਾਲ ਹੁਣ ਉਹ ਆਪਣਾ ਅਭਿਆਸ ਬੇਫਿਕਰ ਹੋ ਕੇ ਕਰ ਸਕੇਗੀ ਉਸ ਨੇ ਦੱਸਿਆ ਕਿ ਉਹ ਖੇਡ ਖੇਤਰ ’ਚ ਇਸੇ ਕਰਕੇ ਆਈ ਹੈ ਕਿ ਉਹ ਲੋਕ ਜੋ ਕਿਸੇ ਕਾਰਨ ਸਰੀਰਕ ਤੌਰ ’ਤੇ ਅਸਮਰਥ ਨੇ ਇਹ ਨਾ ਸੋਚਣ ਕਿ ਉਹ ਕੁਝ ਕਰ ਨਹੀਂ ਸਕਦੇ ਪਰ ਬਹੁਤ ਕੁਝ ਕੀਤਾ ਜਾ ਸਕਦਾ ਹੈ। ਮਹਿੰਗੀ ਖੇਡ ਹੋਣ ਸਬੰਧੀ ਪੁੱਛੇ ਜਾਣ ’ਤੇ ਅਮਨਦੀਪ ਕੌਰ ਨੇ ਦੱਸਿਆ ਕਿ ਉਂਝ ਤਾਂ ਪਰਿਵਾਰ ਨੇ ਉਸਦੀ ਹਰ ਥਾਂ ਮੱਦਦ ਕੀਤੀ ਹੈ ਪਰ ਏਅਰ ਪਿਸਟਲ ਲੈ ਕੇ ਨਹੀਂ ਦੇ ਸਕਦੇ ਸੀ ਉਨ੍ਹਾਂ ਇਹ ਜ਼ਰੂਰ ਕਿਹਾ ਸੀ ਕਿ ਜੇਕਰ ਤਮਗ਼ਾ ਹਾਸਲ ਕਰੇਗੀ ਤਾਂ ਸਰਕਾਰ ਹੀ ਪਿਸਟਲ ਦੇ ਦੇਵੇਗੀ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਉਸਦੀਆਂ ਪ੍ਰਾਪਤੀਆਂ ਸਦਕਾ ਏਅਰ ਪਿਸਟਲ ਵੀ ਮਿਲ ਗਿਆ ਹੈ, ਜਿਸ ਨਾਲ ਹੁਣ ਉਹ ਆਪਣੇ ਭਵਿੱਖ ਦੇ ਖੇਡ ਸਫ਼ਰ ਨੂੰ ਅੱਗੇ ਵਧਾ ਸਕੇਗੀ।
ਖੇਡ ਮੰਤਰੀ ਨੇ ਵਧਾਇਆ ਉਤਸ਼ਾਹ
ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਪੈਰਾ ਐਥਲੀਟ ’ਚ ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਨੂੰ 2 ਲੱਖ ਦੀ ਲਾਗਤ ਵਾਲਾ ਏਅਰ ਪਿਸਟਲ ਨਾਲ ਸਨਮਾਨਿਤ ਕਰਦਿਆਂ ਉਸ ਦੀ ਹੌਂਸਲਾ-ਅਫ਼ਜਾਈ ਕਰਦਿਆਂ ਖੇਡਾਂ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮੱਦਦ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰੇਗੀ ਤਾਂ ਜੋ ਪੰਜਾਬ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ