ਨਲਕਾ

ਨਲਕਾ

ਇੱਕ ਹੱਥੀ ਸੀ
ਇੱਕ ਬੋਕੀ ਸੀ
ਟਕ-ਟਕ ਦੀ ਅਵਾਜ ਅਨੋਖੀ ਸੀ
ਗੇੜਨ ਦੇ ਵਿਚ ਵੀ ਹਲਕਾ ਸੀ
ਸਾਡੇ ਤੂਤ ਕੋਲ ਜੋ ਨਲਕਾ ਸੀ

ਪਾਣੀ ਨਿਰਮਲ ਸੀ ਸਾਫ਼ ਉਹਦਾ
ਸੀ ਸਰਦ-ਸਰਦ ਅਹਿਸਾਸ ਉਹਦਾ
ਸਾਡੇ ਕੰਨਾਂ ਦੇ ਵਿਚ ਗੂੰਜ ਰਿਹਾ, ਟਕ-ਟਕ, ਖੜ-ਖੜ ਦਾ ਵਾਕ ਉਹਦਾ
ਜਦ ਮਾਰਦੇ ਛਿੱਟੇ ਪਾਣੀ ਦੇ, ਖੁੱਲ੍ਹ ਜਾਂਦੀਆਂ ਸਾਡੀਆਂ ਪਲਕਾਂ ਸੀ
ਸਾਡੇ ਤੂਤ ਕੋਲ ਜੋ ਨਲਕਾ ਸੀ

ਉਹਦੇ ਕੋਲ ਬਣੇ ਦੋ ਕਿਆਰੇ ਸੀ
ਜਿੱਥੇ ਫੁੱਲ ’ਤੇ ਬੂਟੇ ਨਿਆਰੇ ਸੀ
ਅਸੀਂ ਖੇਡ-ਖੇਡ ਕੇ ਫੁੱਲਾਂ ਸੰਗ, ਲੈਂਦੇ ਖੂਬ ਨਜ਼ਾਰੇ ਸੀ
ਓਦੋਂ ਆਪਣੇ-ਆਪ ਦੇ ਵਿਚ ਹਰ ਇੱਕ ਸ਼ਹਿਜ਼ਾਦਾ ’ਤੇ ਮਲਕਾ ਸੀ
ਸਾਡੇ ਤੂਤ ਕੋਲ ਜੋ ਨਲਕਾ ਸੀ

ਜਦ ਖਿੱਚ ਲਏ ਪਾਣੀ ਧਰਤੀ ਦੇ
ਮੁਕ ਗਈ ਨਲਕੇ ਦੀ ਹਸਤੀ ਏ
ਹੁਣ ਮਾਰੂਥਲ ਵਿੱਚ ਬਦਲ ਰਹੀ, ਦੁਨੀਆ ਹਰਿਆਲੀ ਬਸਤੀ ਇਹ
ਅੱਜ ਬੋਤਲਾਂ ਦੇ ਵਿੱਚ ਬੰਦ ਮਿਲੇ, ਕਦੇ ਮਾਰਦਾ ਪਾਣੀ ਡਲ੍ਹਕਾਂ ਸੀ
ਸਾਡੇ ਤੂਤ ਕੋਲ ਇੱਕ ਨਲਕਾ ਸੀ

ਕਿਰਨਦੀਪ ਬੰਗੇ, ਲੈਕਚਰਾਰ ਪੰਜਾਬੀ
ਮੋ. 95929-10107

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.