ਹਲਵਾਰਾ ਏਅਰਪੋਰਟ ’ਤੇ ਵੱਡੇ ਜਹਾਜ਼ਾਂ ਨੂੰ ਲੈਂਡ ਕਰਨ ਦੇ ਸਮਰੱਥ ਰਨਵੇਅ ਹੋਣਗੇ

Halwara Airport

ਸਾਂਸਦ ਅਰੋੜਾ ਨੇ ਹਲਵਾਰਾ ਤੋਂ ਦਿੱਲੀ ਫਲਾਈਟ ਲਈ ਸਾਰੀਆਂ ਏਅਰਲਾਈਨਾਂ ਦੇ ਸੀਈਓ ਨੂੰ ਲਿਖਿਆ ਪੱਤਰ

(ਰਘਬੀਰ ਸਿੰਘ) ਲੁਧਿਆਣਾ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਵਿਸਤਾਰਾ, ਏਅਰ ਇੰਡੀਆ, ਇੰਡੀਗੋ, ਏਅਰ ਇੰਡੀਆ ਐਕਸਪ੍ਰੈਸ, ਸਪਾਈਸ ਜੈੱਟ, ਅਲੀਅਨਜ ਏਅਰਲਾਈਨਜ, ਗੋ ਏਅਰ ਅਤੇ ਗੋ ਫਰਸਟ ਦੇ ਸੀ.ਈ.ਓ. ਨੂੰ ਲੁਧਿਆਣਾ (ਹਲਵਾਰਾ ਏਅਰਪੋਰਟ) ਤੋਂ ਦਿੱਲੀ (ਆਈਜੀਆਈ) ਦੀਆਂ ਉਡਾਣਾਂ ਸਬੰਧੀ ਪੱਤਰ ਲਿਖਿਆ ਹੈ। (Halwara Airport )

ਪੱਤਰ ਵਿਚ, ਅਰੋੜਾ ਨੇ ਲਿਖਿਆ ਹੈ ਕਿ ਹਲਵਾਰਾ ਏਅਰਪੋਰਟ (ਲੁਧਿਆਣਾ) ਦੇ ਟਰਮੀਨਲ ਦਾ ਕੰਮ ਪੂਰੇ ਜੋਰਾਂ ‘ਤੇ ਚੱਲ ਰਿਹਾ ਹੈ ਅਤੇ ਇਸ ਦੇ ਜੂਨ 2023 ਦੇ ਅੰਤ ਤੱਕ ਤਿਆਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਅਧੀਨ ਹਵਾਈ ਅੱਡਾ ਇੱਕ ਪੂਰਾ ਹਵਾਈ ਅੱਡਾ ਹੋਵੇਗਾ ਜਿਸ ਵਿੱਚ ਵੱਡੇ ਆਕਾਰ ਦੇ ਜਹਾਜ਼ਾਂ ਨੂੰ ਲੈਂਡ ਕਰਨ ਦੇ ਸਮਰੱਥ ਰਨਵੇਅ ਹੋਣਗੇ। ਅਰੋੜਾ ਨੇ ਸੀ.ਈ.ਓਜ ਨੂੰ ਅਪੀਲ ਕੀਤੀ ਕਿ ਉਹ ਆਈਜੀਆਈ ਦਿੱਲੀ ਤੋਂ ਹਲਵਾਰਾ ਹਵਾਈ ਅੱਡੇ ਤੱਕ ਸੁਰੂ ਹੋਣ ਵਾਲੀਆਂ ਉਡਾਣਾਂ ਦੇ ਅਨੁਕੂਲ ਹੋਣ ਲਈ ਫਲਾਈਟ ਸਡਿਊਲ ਦੀ ਯੋਜਨਾ ਬਣਾਉਣ। ਉਨ੍ਹਾਂ ਇਹ ਵੀ ਲਿਖਿਆ ਕਿ ਲੁਧਿਆਣਾ ਇੱਕ ਉਦਯੋਗਿਕ ਅਤੇ ਵਿੱਦਿਅਕ ਹੱਬ ਹੋਣ ਦੇ ਨਾਤੇ, ਇਹ ਉਡਾਣਾਂ ਯਕੀਨੀ ਤੌਰ ‘ਤੇ ਵਪਾਰਕ ਤੌਰ ‘ਤੇ ਸਫਲ ਹੋਣਗੀਆਂ। (Halwara Airport )

ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨਾ ਸਮੇਂ ਦੀ ਮੁੱਖ ਲੋੜ

ਜਿਕਰਯੋਗ ਹੈ ਕਿ ਸੰਸਦ ਮੈਂਬਰ ਵਜੋਂ ਅਹੁਦਾ ਸੰਭਾਲਣ ਤੋਂ ਲੈ ਕੇ, ਅਰੋੜਾ ਹਲਵਾਰਾ ਹਵਾਈ ਅੱਡੇ ਨੂੰ ਜਲਦੀ ਅਤੇ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਸਬੰਧਤ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਕੋਲ ਲਗਾਤਾਰ ਮਾਮਲਾ ਉਠਾਉਂਦੇ ਆ ਰਹੇ ਹਨ। ਉਨ੍ਹਾਂ ਹਵਾਈ ਅੱਡੇ ਦੇ ਨਿਰਮਾਣ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਨਿੱਜੀ ਤੌਰ ’ਤੇ ਦੌਰੇ ਵੀ ਕੀਤੇ ਹਨ। ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਸਿਵਲ ਏਅਰ ਟਰਮੀਨਲ ਨੂੰ ਜਲਦੀ ਮੁਕੰਮਲ ਕਰਨ ਲਈ ਪਹਿਲਾਂ ਹੀ 50 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।

ਅਰੋੜਾ ਨੇ ਕਿਹਾ ਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਲਈ ਇੱਕ ‘ਡ੍ਰੀਮ ਪ੍ਰੋਜੈਕਟ’ ਹੈ ਕਿਉਂਕਿ ਇਹ ਨਾ ਸਿਰਫ ਲੁਧਿਆਣਾ ਅਤੇ ਇਸ ਦੇ ਆਲੇ-ਦੁਆਲੇ ਸਗੋਂ ਪੂਰੇ ਸੂਬੇ ਵਿੱਚ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣਾ ਸੁਪਨਾ ਸਾਕਾਰ ਹੁੰਦਾ ਦੇਖਣ ਦੀ ਉਡੀਕ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ