50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ: ਬਿੱਕਰ ਸਿੰਘ
Deportation: (ਗੁਰਪ੍ਰੀਤ ਸਿੰਘ/ਰਾਜ ਸਿੰਗਲਾ) ਲਹਿਰਾਗਾਗਾ। ਰੋਜ਼ੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਲਹਿਰਾ ਨੇੜਲੇ ਪਿੰਡ ਗੁਰਨੇ ਖੁਰਦ ਦੇ 20 ਸਾਲਾ ਨੌਜਵਾਨ ਇੰਦਰਜੀਤ ਸਿੰਘ ਨੇ ਹਾਲੇ ਆਪਣੇ ਸੁਨਹਿਰੇ ਭਵਿੱਖ ਲਈ ਕਾਨਾ-ਕਾਨਾ ਇਕੱਠਾ ਕਰਨਾ ਆਰੰਭ ਹੀ ਕੀਤਾ ਸੀ ਕਿ ਅਚਾਨਕ ਉਸਦੀਆਂ ਸੱਧਰਾਂ ਤਾਰ-ਤਾਰ ਹੋ ਗਈਆਂ ਜਦੋ ਅਮਰੀਕੀ ਜਹਾਜ਼ ਉਸ ਨੂੰ ਉਸੇ ਥਾਂ ਛੱਡ ਗਿਆ, ਜਿਥੋਂ ਉਸਨੇ ਆਪਣੇ ਲਈ ਖੁਸ਼ਹਾਲ ਭਵਿੱਖ ਬਾਰੇ ਸੋਚਣਾ ਆਰੰਭ ਕੀਤਾ ਸੀ। ਉਹ ਆਪਣੇ ਨਾਲ ਹੋਈ ਇਸ ਹੋਣੀ ਤੋਂ ਏਨਾ ਫ਼ਿਕਰਮੰਦ ਹੋ ਗਿਆ ਕਿ ਉਹ ਹਾਲ ਦੀ ਘੜੀ ਕਿਸੇ ਦੇ ਮੱਥੇ ਨਹੀਂ ਲੱਗ ਰਿਹਾ ਉਸ ਨੇ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਹੀ ਗਿਆ।
ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਉਸ ਦਾ ਇਕਲੌਤਾ ਪੁੱਤਰ ਹਾਲੇ ਕੁਝ ਦਿਨ ਪਹਿਲਾਂ ਅਮਰੀਕਾ ਗਿਆ ਸੀ, ਜਿਸ ਨੂੰ ਉਹ ਲੰਘੀ ਅੱਧੀ ਰਾਤ ਅੰਮ੍ਰਿਤਸਰ ਏਅਰ ਪੋਰਟ ਤੋਂ ਵਾਪਸ ਲੈ ਆਏ। ਉਨ੍ਹਾਂ ਦੱਸਿਆ ਕਿ ਉਸਦੇ ਪੁੱਤਰ ਦੀ ਗੱਲ ਇੱਕ ਟਰੈਵਲ ਏਜੰਟ ਨਾਲ ਹੋਈ ਸੀ ਕਿ ਉਹ ਉਸਨੂੰ 1 ਨੰਬਰ ਵਿਚ ਅਮਰੀਕਾ ਭੇਜ ਦੇਵੇਗਾ ਅਤੇ ਉਸ ਨੇ ਯੂਰਪ ਰਾਹੀਂ ਕਿਵੇਂ ਨਾ ਕਿਵੇਂ ਅਮਰੀਕਾ ਭੇਜ ਦਿੱਤਾ। ਪਰ ਓਥੇ ਜਾ ਕੇ ਉਹ ਅਮਰੀਕੀ ਅਧਿਕਾਰੀਆਂ ਦੇ ਹੱਥ ਆ ਗਿਆ। Deportation
ਇਹ ਵੀ ਪੜ੍ਹੋ: Action Against Drugs: ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ। ਉਸਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਉਸਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਮੁਜ਼ਰਿਮ ਵਾਂਗ ਇਥੇ ਲਿਆਂਦਾ। ਬਿੱਕਰ ਸਿੰਘ ਨੇ ਦੱਸਿਆ ਕਿ ਇਥੇ ਆ ਕੇ ਵੀ ਉਸ ਦੇ ਪੁੱਤਰ ਨਾਲ ਮਾੜੀ ਹੋਈ, ਉਸਦੀ ਜੇਬ੍ਹ ਵਿੱਚ ਕਾਫੀ ਅਮਰੀਕੀ ਡਾਲਰ ਸਨ ਉਹ ਵੀ ਕਿਸੇ ਨੇ ਕੱਢ ਲਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਕੋਲੋਂ ਪੈਸੇ ਇਕੱਠੇ ਕੀਤੇ ਸੀ ਅਤੇ ਉਹਨਾਂ ਕੋਲ ਵੀ ਜਿਹੜੀ ਜ਼ਮ੍ਹਾਂ ਪੂੰਜੀ ਸੀ, ਉਸਦੇ ਭਵਿੱਖ ਲਈ ਖਰਚ ਦਿੱਤੀ। ਉਸ ਨੇ ਦੱਸਿਆ ਇੰਦਰਜੀਤ ਕਾਫੀ ਪਰੇਸ਼ਾਨ ਹੈ ਅਤੇ ਉਹ ਫਿਲਹਾਲ ਕਿਸੇ ਨੂੰ ਮਿਲ ਨਹੀਂ ਰਿਹਾ, ਉਹ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਚਲਾ ਗਿਆ ਹੈ।