ਟਰਾਈਡੈਂਟ ਦੀਵਾਲੀ ਮੇਲੇ ’ਚ ਗੁਰਦਾਸ ਮਾਨ ਨੇ ਦਰਸ਼ਕਾਂ ਦਾ ਕੀਤਾ ਖੂਬ ਮਨੋਰੰਜਨ

Trident Diwali Fair
ਬਰਨਾਲਾ:  ਟਰਾਈਡੈਂਟ ਗਰੁੱਪ ਦੇ ਵਿਹੜੇ ’ਚ ਗੁਰਦਾਸ ਮਾਨ ਦਾ ਸਨਮਾਨ ਕਰਨ ਸਮੇਂ।

ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਪਤਵੰਤਿਆਂ ਤੇ ਆਮ ਲੋਕਾਂ ਨੇ ਕੀਤੀ ਸ਼ਿਰਕਤ

(ਸੱਚ ਕਹੂੰ ਨਿਊਜ਼) ਬਰਨਾਲਾ/ ਲੁਧਿਆਣਾ। ਟਰਾਈਡੈਂਟ ਗਰੁੱਪ ਵੱਲੋਂ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਮੌਕੇ ਲਗਾਏ ਗਏ ਤਿੰਨ ਦਿਨਾਂ ਦੀਵਾਲੀ ਮੇਲਾ ਲਗਾਇਆ ਗਿਆ। ਜਿਸ ਦੇ ਆਖਰੀ ਦਿਨ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਟਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। (Trident Diwali Fair)

ਸੱਭਿਆਚਾਰਕ ਪੋ੍ਰਗਰਾਮ ਦਾ ਅਗਾਜ਼ ਗੁਰਦਾਸ ਮਾਨ ਵੱਲੋਂ ਆਪਣੇ ਧਾਰਮਿਕ ਗੀਤ ‘ਮੇਰੀ ਰੱਖਿਓ ਲਾਜ਼ ਗੁਰਦੇਵ’ ਪੇਸ਼ ਕਰਕੇ ਕੀਤਾ ਗਿਆ। ਉਪਰੰਤ ਇਸ਼ਕ ਦਾ ਗਿੱਧਾ, ਚਿੱਟੇ- ਚਿੱਟੇ ਦੰਦਾਂ ਵਿਚ ਸੋਨੇ ਦੀਆਂ ਮੇਖਾਂ, ਛੱਲਾ, ਸਾਈਕਲ, ਦਿਲ ਦਾ ਮਾਮਲਾ, ਸਾਈਂ ਅਤੇ ਹੋਰ ਮਸ਼ਹੂਰ ਗੀਤਾਂ ਰਾਹੀਂ ਟਰਾਈਡੈਂਟ ਦੇ ਓਪਨ ਹਾਲ ਵਿਚ ਮੌਜੂਦ ਹਜ਼ਾਰਾਂ ਦੀ ਗਿਣਤੀ ’ਚ ਜੁੜੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।

ਇਹ ਵੀ ਪੜ੍ਹੋ : ਪੈਰਾ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਜੂਨੀਅਰ ਖੇਡ ਅਧਿਕਾਰੀ ਦਾ ਸਨਮਾਨ

ਗੁਰਦਾਸ ਮਾਨ ਵੱਲੋਂ ਆਪਣੀ ਪੇਸ਼ਕਾਰੀ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਰੂਹਾਨੀਅਤ ਦੀ ਤਸਵੀਰ ਪੇਸ਼ ਕਰ ਕੇ ਦਰਸ਼ਕਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ। ਉਨਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਦੁਨੀਆਂ ਨੂੰ ਅਲਵਿਦਾ ਕਹਿ ਗਏ ਪ੍ਰਸਿੱਧ ਫਨਕਾਰਾਂ ਸਿੱਧੂ ਮੂਸੇਵਾਲਾ, ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ ਅਤੇ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਨੂੰ ਵੀ ਯਾਦ ਕੀਤਾ ਗਿਆ।

ਮੇਲੇ ’ਚ ਵੱਡੀ ਗਿਣਤੀ ’ਚ ਲੋਕਾਂ ਵਲੋਂ ਸ਼ਿਰਕਤ (Trident Diwali Fair)

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਰੁਪਿੰਦਰ ਗੁਪਤਾ, ਕਵੀਸ਼ ਢਾਂਡਾ, ਜਰਮਨਜੀਤ ਸਿੰਘ ਵੱਲੋਂ ਗੁਰਦਾਸ ਮਾਨ ਅਤੇ ਟੀਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਵਲੋਂ ਹਰ ਸਾਲ ਵੱਡੇ ਪੱਧਰ ’ਤੇ ਦੀਵਾਲੀ ਮੇਲਾ ਲਗਾਇਆ ਜਾਂਦਾ ਹੈ। ਜਿਸ ਵਿਚ ਜਿੱਥੇ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਥੇ ਟਰਾਈਡੈਂਟ ਦੇ ਉਤਪਾਦ ਜਿਵੇਂ ਕਿ ਤੋਲੀਏ, ਬੈੱਡ ਸ਼ੀਟਾਂ ਤੋਂ ਇਲਾਵਾ ਹੋਰ ਖਾਣ-ਪੀਣ ਅਤੇ ਹੋਰ ਸਟਾਲਾਂ ਲਗਾਈਆਂ ਜਾਂਦੀਆਂ ਹਨ। ਇਸ ਸਾਲ ਇਹ ਮੇਲਾ ਤਿੰਨ ਦਿਨ ਲਈ ਲਗਾਇਆ ਗਿਆ ਸੀ, ਜਿਸ ਵਿਚ ਟਰਾਈਡੈਂਟ ਨਾਲ ਜੁੜੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਗਿਣਤੀ ਵਿਚ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ। (Trident Diwali Fair)

Trident Diwali Fair
ਬਰਨਾਲਾ ਵਿਖੇ ਟਰਾਈਡੈਂਟ ਗਰੁੱਪ ਵਿਹੜੇ ਦਰਸ਼ਕਾਂ ਦਾ ਮੰਨੋਰੰਜਨ ਕਰਦੇ ਹੋਏ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ।

ਇਸ ਮੌਕੇ ਏ.ਡੀ.ਸੀ. ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਡੀ.ਐਸ.ਪੀ. ਸਤਵੀਰ ਸਿੰਘ, ਡੀ.ਐਸ.ਪੀ. ਗੁਰਬਚਨ ਸਿੰਘ, ਡੀ.ਐਸ.ਪੀ. ਕਰਨ ਸ਼ਰਮਾ, ਇੰਸਪੈਕਟਰ ਬਲਜੀਤ ਸਿੰਘ, ਕੌਂਸਲਰ ਰੁਪਿੰਦਰ ਸਿੰਘ ਬੰਟੀ, ਮਲਕੀਤ ਸਿੰਘ ਮਨੀ, ਭੁਪਿੰਦਰ ਭਿੰਦੀ, ਜਗਰਾਜ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਸੋਨੀ ਸੰਘੇੜਾ, ਟਰਾਈਡੈਂਟ ਅਧਿਕਾਰੀ ਸਵਿਤਾ, ਸਾਹਿਲ ਗੁਲਾਟੀ, ਦੀਪਕ ਗਰਗ, ਨਵਨੀਤ ਜਿੰਦਲ ਤੇ ਵਿਨੋਦ ਗੋਇਲ ਆਦਿ ਪਤਵੰਤਿਆਂ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਹਾਜ਼ਰ ਸਨ।