ਸਮਾਧਾਂ ਜੇਜੀਆਂ ਵਿਖੇ ਹੋਇਆ ਅੰਤਿਮ ਸਸਕਾਰ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਨ ਮਾਮੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਰਜਾ ਮੰਡਲ ਲਹਿਰ ਦੇ ਮੋਢੀ ਸਵ: ਸ: ਸੇਵਾ ਸਿੰਘ ਠੀਕਰੀਵਾਲਾ ਦੀ ਇਕਲੌਤੀ ਪੁੱਤਰੀ ਗੁਰਚਰਨ ਕੌਰ (98) ਦਾ ਅੱਜ ਚੰਡੀਗੜ੍ਹ ਦੇ ਸੈਕਟਰ 28 ਵਿਖੇ ਆਪਣੀ ਪੁੱਤਰੀ ਅਰਸ਼ਬੀਰ ਕੌਰ ਦੇ ਘਰ ਦੇਹਾਂਤ ਹੋ ਗਿਆ। ਸਰਦਾਰਨੀ ਗੁਰਚਰਨ ਕੌਰ 5 ਪੁੱਤਰਾਂ ਤੇ ਦੋ ਬੇਟੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਸਵ: ਵਜ਼ੀਰ ਸਿੰਘ ਜੇਜੀ ਦੇ ਧਰਮ ਪਤਨੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਮੀ ਸਨ। ਸਵ: ਗੁਰਚਰਨ ਕੌਰ ਦੀ ਮ੍ਰਿਤਕ ਦੇਹ ਨੂੰ ਅੱਜ ਪਹਿਲਾਂ ਚੰਡੀਗੜ੍ਹ ਤੋਂ ਉਹਨਾਂ ਦੇ ਪਟਿਆਲਾ ਵਿਖੇ ਮਾਲਵਾ ਕਲੋਨੀ ਸਥਿਤ ਗ੍ਰਹਿ ਵਿਖੇ ਲਿਆਂਦਾ ਗਿਆ ਅਤੇ ਫਿਰ ਸ਼ਾਮ ਕਰੀਬ 4 ਵਜੇ ਸਮਾਧਾਂ ਜੇਜੀਆਂ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਨਾਲ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਉਹਨਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਸਪੁੱਤਰਾਂ ਕੈਪਟਨ ਅਮਰਜੀਤ ਸਿੰਘ ਜੇਜੀ, ਵਿੰਗ ਕਮਾਂਡਰ ਕਰਮਬੀਰ ਸਿੰਘ, ਜਗਬੀਰ ਸਿੰਘ, ਸਪੁੱਤਰੀ ਅਰਸ਼ਬੀਰ ਕੌਰ ਤੇ ਜਵਾਈ ਬ੍ਰਿਗੇਡੀਅਰ ਐਚ.ਐਸ. ਨਾਗਰਾ ਨੇ ਸਾਂਝੇ ਤੌਰ ‘ਤੇ ਦਿਖਾਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।
ਜਦਕਿ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਓ.ਐਸ.ਡੀ. ਅਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਨੇ ਮ੍ਰਿਤਕ ਦੇਹ ‘ਤੇ ਦੁਸ਼ਾਲਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਆਈ.ਜੀ. ਸ਼੍ਰੀ ਏ.ਐਸ. ਰਾਏ ਅਤੇ ਐਸ.ਐਸ.ਪੀ. ਡਾ. ਐਸ.ਭੂਪਤੀ ਨੇ ਵੀ ਰੀਥ ਰੱਖ ਕੇ ਸਵ: ਸਰਦਾਰਨੀ ਗੁਰਚਰਨ ਕੌਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਇਸ ਮੌਕੇ ਇੰਦਰਜੀਤ ਸਿੰਘ ਜੇਜੀ, ਐਸ.ਪੀ. ਸਿਟੀ ਕੇਸਰ ਸਿੰਘ, ਐਮ.ਸੀ. ਸੰਜੀਵ ਬਿੱਟੂ, ਵਿਜੇ ਕੂਕਾ ਸਮੇਤ ਵੱਡੀ ਗਿਣਤੀ ਵਿੱਚ ਰਾਜਸੀ ਸਖਸ਼ੀਅਤਾਂ, ਸ਼ਹਿਰੀ ਪਤਵੰਤੇ ਅਤੇ ਜੇਜੀ ਪਰਿਵਾਰ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ।