Amritsar News: ਜੰਗੀ ਤਣਾਓ ‘ਚ ਜਮ੍ਹਾਂਖੋਰੀ ’ਤੇ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਰਕਾਰ ਕਰੇਗੀ ਸਖਤ ਕਾਰਵਾਈ : ਮੰਤਰੀ ਧਾਲੀਵਾਲ

Amritsar News
 ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ।

ਜੰਗੀ ਤਣਾਅ ਦੌਰਾਨ ਜ਼ਿਲ੍ਹੇ ਦੇ ਲੋਕਾਂ ਦੇ ਦੁੱਖ-ਸੁੱਖ ‘ਚ ਭਾਈਵਾਲ ਬਣਨ ਲਈ ਮੰਤਰੀ ਧਾਲੀਵਾਲ ਜ਼ਿਲ੍ਹਾ ਇੰਚਾਰਜ ਨਿਯੁਕਤ

Amritsar News: (ਰਾਜਨ ਮਾਨ) ਅੰਮ੍ਰਿਤਸਰ। ਅੱਜ ਪੰਜਾਬ ਸਰਕਾਰ ਵੱਲੋਂ ਜੰਗੀ ਤਣਾਓ ਦਰਮਿਆਨ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਲੋਕਾਂ ਦੀ ਸਾਰ ਲੈਣ ਅਤੇ ਦੁੱਖ-ਸੁੱਖ ‘ਚ ਸ਼ਾਮਲ ਹੋਣ ਲਈ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ। ਆਪਣੀ ਇਸ ਨਵੀਂ ਜਿੰਮੇਵਾਰੀ ਦੌਰਾਨ ਕੈਬਨਿਟ ਮੰਤਰੀ ਪੰਜਾਬ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣੇ ਜੰਗੀ ਮਾਹੌਲ ਦੇ ਤਣਾਓ ਵਿਚਾਲੇ ਪੰਜਾਬ ਦੇ ਸਰਹੱਦੀ ਲੋਕਾਂ ਦੇ ਜਾਨ ਮਾਲ ਨੂੰ ਸੁਰੱਖਿਅਤ ਰੱਖਣ ਅਤੇ ਇਸ ਸੰਕਟ ਦੀ ਘੜੀ ‘ਚ ਸਰਹੱਦੀ ਲੋਕਾਂ ਦੇ ਦੁੱਖ ਸੁੱਖ ‘ਚ ਨਾਲ ਖੜੀ ਹੈ।

ਉਨ੍ਹਾਂ ਆਖਿਆ ਕਿ ਕਿਸੇ ਕਿਸਮ ਦੀ ਵੀ ਜੰਗ ਸੰਬੰਧੀ ਸੂਚਨਾ ਜਾਂ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਹੋਣ ਲਈ ਲੋਕਾਂ ਦੀ ਸਹੂਲਤ ਲਈ ਬਕਾਇਦਾ ਕੰਟਰੋਲ ਰੂਮ ਪੰਜਾਬ ਸਰਕਾਰ ਵੱਲੋਂ ਸਥਾਪਿਤ ਕਰ ਦਿੱਤਾ ਗਿਆ ਹੈ, ਜਿੱਥੇ ਕਿਸੇ ਵੀ ਅਮਰਜੈਂਸੀ ਦੀ ਸਥਿਤੀ ‘ਚ ਫੋਨ ਨੰਬਰਾਂ: 0172-2741803 ਅਤੇ 0172-2749901 ’ਤੇ ਲੋਕ ਸੰਪਰਕ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਲੋਕਾਂ ਨੂੰ ਬੇਲੋੜਾ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪਟਰੋਲ, ਡੀਜ਼ਲ, ਘਰੇਲੂ ਗੈਸ ਸਮੇਤ ਕਿਸੇ ਵੀ ਜ਼ਰੂਰੀ ਵਸਤਾਂ ਦੀ ਘਾਟ ਨਹੀਂ ਹੈ, ਜਦੋਂਕਿ ਜਮ੍ਹਾਂਖੋਰੀ ਤੇ ਕਾਲਾਬਜ਼ਾਰੀ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਜੰਗ ’ਚ ਤੇ ਪਾਕਿ ਹਮਲੇ ’ਚ ਜਖਮੀ ਹੋਣ ਵਾਲੇ ਜਖਮੀਆਂ ਦਾ ਮੁਫਤ ਇਲਾਜ ਕਰਵਾਏਗੀ ਪੰਜਾਬ ਸਰਕਾਰ

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਜ਼ਰੂਰੀ ਵਸਤੋਂ ਦੀ ਘਾਟ ਜਾਂ ਕਾਲਾਬਜ਼ਾਰੀ ਤੋੋਂ ਦਿੱਕਤ ਹੋਵੇਗੀ ਤਾਂ ਪ੍ਰਭਾਵਿਤ ਲੋਕ ਉਨ੍ਹਾਂ ਨਾਲ ਸਿੱਧਾ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸੰਪਰਕ ਕਰ ਸਕਦੇ ਹਨ। ਮੰਤਰੀ ਧਾਲੀਵਾਲ ਨੇ ਦੱਸਿਆ ਕਿ ਸੂਬਾ ਮਾਨ ਸਰਕਾਰ ਨੇ ਸੜਕ ਹਾਦਸਿਆਂ ਦੇ ਜ਼ਖਮੀਆਂ ਦੀ ਮੱਦਦ ਕਰਨ ਲਈ ਚੱਲ ਰਹੀ ਫਰਿਸ਼ਤੇ ਸਕਮਿ ਦਾ ਦਾਇਰਾ ਵਧਾਉਂਦਿਆ ਇਸ ਸੰਕਟ ਦੀ ਘੜੀ ‘ਚ ਜੰਗ ਜਾਂ ਅੱਤਵਾਦੀ ਕਾਰੇ ਤੋਂ ਜ਼ਖਮੀ ਹੋਣ ਵਾਲਿਆਂ ਦੀ ਬਾਂਹ ਫੜ੍ਹਣ ਦਾ ਨਿਰਣਾ ਲੈਂਦਿਆਂ ਸਾਰੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕਰਨ ਦਾ ਫੈਸਲਾ ਲਿਆ ਹੈ ।

ਇਹ ਵੀ ਪੜ੍ਹੋ : PCA Chemist News: ਪੀਸੀਏ ਵੱਲੋਂ ਕੈਮਿਸਟਾਂ ਨੂੰ ਦਵਾਈਆਂ ਦਾ ਢੁੱਕਵਾਂ ਸਟਾਕ ਰੱਖਣ ਦੀ ਸਲਾਹ

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀ 532 ਕਿਲੋਮੀਟਰ ਲੰਮੀ ਸਰਹੱਦ ’ਤੇ ਪਾਕਿਸਾਨ ਵੱਲੋਂ ਆਪਣੀਆਂ ਭਾਰਤ ਵਿਰੋਧੀ ਨਾਪਾਕ ਸਾਜਿਸ਼ਾਂ ਤਹਿਤ ਮਾਰੂ ਅਸਲੇ ਤੇ ਨਸ਼ਿਆਂ ਦੀਆਂ ਖੇਪਾਂ ਨਾਲ ਭੇਜੇ ਜਾਂਦੇ ਡਰੋਨਾਂ ਨੂੰ ਪੰਜਾਬ ਦੀ ਸਰਹੱਦ ‘ਚ ਦਾਖਲ ਹੋਣ ਤੋਂ ਰੋਕਣ ਤੇ ਦਾਖਲ ਹੋਣ ਦੀ ਸੂਰਤ ਵਿੱਚ ਡਰੋਨਾਂ ਨੂੰ ਮੌਕੇ ’ਤੇ ਹੀ ਢੇਰ ਕਰਨ ਲਈ ਐਂਟੀ ਡਰੋਂਨ ਸਿਸਟਮ ਸਥਾਪਿਤ ਕਰਨ ਦਾ ਫੈਸਲਾ ਲੈਂਦਿਆਂ ਬਕਾਇਦਾ ਇਸ ਸਿਸਟਮ ਲਈ ਲੋੜੀਂਦੇ ਬਜਟ ਦੀ ਵੀ ਵਿਵਸਥਾ ਕਰ ਲਈ ਗਈ ਹੈ। Amritsar News

ਮੰਤਰੀ ਧਾਲੀਵਾਲ ਨੇ ਭਾਰਤੀ ਫੌਜ ਵੱਲੋਂ ਮਕਬੂਜਾ ਕਸ਼ਮੀਰ ‘ਚ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਕੀਤੀ ਗਈ ਸਰਜੀਕਲ ਸਟਰਾਈਕ ਨੂੰ ਬਿਲਕੁਲ ਜਾਇਜ਼ ਠਹਿਰਾਇਆ ਅਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਸਮੇਤ ਪੰਜਾਬ ਦੇ ਵਾਸੀ ਡੱਟ ਕੇ ਭਾਰਤੀ ਫੌਜ ਨਾਲ ਚਟਾਨ ਵਾਂਗ ਖੜੇ ਹਨ, ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀਆਂ ਨਾਪਾਕ ਸਾਜਿਸ਼ਾਂ ਤਹਿਤ ਭਾਰਤ ਵਿੱਰੁਧ ਜੰਗ ਨੂੰ ਹਵਾ ਦੇ ਕੇ ਪੰਜਾਬ ਨੂੰ ਆਪਣੀਆਂ ਮਿਜ਼ਾਇਲਾਂ ਦਾ ਨਿਸ਼ਾਨਾ ਬਣਾ ਰਿਹਾ ਹੈ, ਜਿਸ ਨੂੰ ਭਾਰਤੀ ਫੌਜ ਹਵਾ ਵਿੱਚ ਹੀ ਨਸ਼ਟ ਕਰ ਰਹੀ ਹੈ। Amritsar News