
ਸਿਹਤ ਕ੍ਰਾਂਤੀ ਤਹਿਤ 15 ਨੂੰ 10 ਲੱਖ ਪ੍ਰਤੀ ਪਰਿਵਾਰ ਮੁਫ਼ਤ ਸਿਹਤ ਬੀਮਾ ਤੇ 16 ਨੂੰ ਸਾਡੇ ਬਜ਼ੁਰਗ, ਸਾਡਾ ਮਾਨ ਯੋਜਨਾ ਹੋਵੇਗੀ ਲਾਗੂ
Punjab News: (ਰਾਜਨ ਮਾਨ) ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰਾ ਪੰਜਾਬ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨਵਾਂ ਵਰ੍ਹਾ 2026 ਨੂੰ ਪੰਜਾਬ ’ਚ ਪੇਂਡੂ ਤੇ ਸ਼ਹਿਰੀ ਬਹੁਪੱਖੀ ਵਿਕਾਸ, ਸਿਹਤ ਤੇ ਸਿੱਖਿਆ ਕ੍ਰਾਂਤੀ ਵਜੋਂ ਮਨਾ ਕੇ ਰੰਗਲੇ ਪੰਜਾਬ ਦੀ ਸਿਰਜਣਾ ’ਚ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਜਦੋਂਕਿ ਪੰਜਾਬ ਵਿਰੋਧੀ ਸਾਜਿਸ਼ਾਂ ਬੀਬੀਐਮਬੀ ਪੰਜਾਬ ਪਾਣੀਆਂ ਦਾ ਕੰਟਰੋਲ ਖੋਹਣ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਉੱਪਰ ਆਨੇ-ਬਹਾਨੇ ਕਬਜ਼ਾ ਜਮਾਉਣ, ਪੇਂਡੂ ਮਜ਼ਦੂਰਾਂ ਕੋਲੋਂ ਮਨਰੇਗਾ ਤਹਿਤ ਰੁਜ਼ਗਾਰ ਦੀ ਗਾਰੰਟੀ ਖੋਹਣ, ਪੰਜਾਬ ਦੇ ਹੱਕੀ ਫੰਡਾਂ 8 ਹਜ਼ਾਰ ਕਰੋੜ ਰੁਪਏ ਦੀ ਪੇਂਡੂ ਵਿਕਾਸ ਰਾਸ਼ੀ ਨੂੰ ਖਾਹ-ਮਖਾਹ ਰੋਕਣ, ਸੰਵਿਧਾਨਕ ਹੱਕਾਂ ਨੂੰ ਖੋਹ ਕੇ ਸੰਘੀ ਢਾਂਚੇ ਨੂੰ ਢਾਹ ਲਾਉਣ ਆਦਿ ਦੀ ਰਾਖੀ ਲਈ ਪੰਜਾਬੀਆਂ ਦੀ ਸ਼ਮੂਲੀਅਤ ਨਾਲ ਸੂਬਾ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵਿਰੁੱਧ ਲੜਨਾ ਜਾਰੀ ਰੱਖੇਗੀ।
ਬੀਬੀਐਮਬੀ, ਮਨਰੇਗਾ, ਸਮੇਤ ਪੰਜਾਬ ਦੇ ਭਖਦੇ ਹੱਕਾਂ ਦੀ ਰਾਖੀ ਲਈ ਪੰਜਾਬੀਆਂ ਦੀ ਸ਼ਮੂਲੀਅਤ ਨਾਲ ਕੇਂਦਰ ਵਿਰੁੱਧ ਲੜਾਈ ਜਾਰੀ ਰੱਖਾਂਗੇ : ਧਾਲੀਵਾਲ
ਸ. ਧਾਲੀਵਾਲ ਅੱਜ ਭਰ ਠੰਢ ਤੇ ਅਤਿ ਦੀ ਸੀਤ ਲਹਿਰ ’ਚ ਆਪਣੇ ਹਲਕੇ ਦੇ ਪਿੰਡਾਂ ‘ਚ ਕਰੋੜਾਂ ਰੁਪਏ ਦੇ ਗਲੀਆਂ ਨਾਲੀਆਂ, ਛੱਪੜ, ਗੰਦੇ ਪਾਣੀ ਦਾ ਨਿਕਾਸ, ਸੀਵਰੇਜ਼ ਆਦਿ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿੱਢੀ ਮੁਹਿੰਮ ਦੇ ਪਹਿਲੇ ਦਿਨ ਪਿੰਡ ਤਲਵੰਡੀ ਸਿਪਾਹੀ ਮੱਲ, ਨਵਾਂ ਪਿੰਡ, ਤਲਵੰਡੀ ਨਾਹਰ, ਸੁੱਖ ਸਾਗਰ ਕਲੋਨੀ, ਮੋਹਣ ਭੰਡਾਰੀਆਂ, ਧੰਗਈ ਤੇ ਦਰੀਆ ਮੂਸਾ ’ਚ ਗ੍ਰਾਮ ਪੰਚਾਇਤਾਂ, ਮੋਹਤਬਰਾਂ ਤੇ ਪਾਰਟੀ ਵਲੰਟੀਅਰਾਂ ਦੀ ਮੌਜੂਦਗੀ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕਰਵਾਈਆਂ ਗਈਆਂ ਪੇਂਡੂ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਧਾਲੀਵਾਲ ਨੇ ਕਿਹਾ ਕਿ ਸਿਹਤ ਕ੍ਰਾਂਤੀ ਤਹਿਤ ਇਸੇ ਮਹੀਨੇ ਦੀ 15 ਜਨਵਰੀ ਤੋਂ ਸੂਬੇ ਭਰ ਦੇ 65 ਲੱਖ ਪਰਿਵਾਰਾਂ ਭਾਵ 3 ਕਰੋੜ ਵੱਸੋਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਬੀਮਾ ਸਕੀਮ ਲਾਗੂ ਹੋ ਜਾਵੇਗੀ ਅਤੇ ਇਹ ਸਕੀਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਮੁਫ਼ਤ ਸਿਹਤ ਸਕੀਮ ਤਹਿਤ ਲਾਭਪਾਤਰੀਆਂ ਲਈ ਨਾ ਤਾਂ ਜਾਤੀ ਵਰਗ ਅਤੇ ਨਾ ਹੀ ਆਮਦਨ ਹੱਦ ਦੀ ਸ਼ਰਤ ਲਾਗੂ ਹੋਵੇਗੀ। ਸੂਬੇ ਦੇ 800 ਸਰਕਾਰੀ ਹਸਪਤਾਲਾਂ ਸਮੇਤ ਸੂਚੀਬੱਧ ਨਿੱਜੀ ਹਸਪਤਾਲਾਂ ’ਚ ਲਾਭਪਾਤਰ 2 ਹਜ਼ਾਰ ਤੋਂ ਵੱਧ ਬਿਮਾਰੀਆਂ ਸਰਜਰੀਆਂ ਤੇ ਇਲਾਜ ਪ੍ਰਕਿਰਿਆਵਾਂ ਦਾ ਲਾਭ ਉਠਾਉਣ ਦੇ ਹੱਕਦਾਰ ਹੋਣਗੇ।
ਇਹ ਵੀ ਪੜ੍ਹੋ: Punjab Government: ਲੰਬੇ ਸਮੇਂ ਤੋਂ ਗੈਰ-ਹਾਜ਼ਰ ਰਹਿਣ ਵਾਲਿਆਂ ‘ਤੇ ਪੰਜਾਬ ਸਰਕਾਰ ਸਖ਼ਤ, ਚਾਰ ਕਰਮਚਾਰੀ ਕੀਤੇ
ਇਸੇ ਤਰ੍ਹਾਂ ਹੀ ਸੂਬਾ ਮਾਨ ਸਰਕਾਰ ਵੱਲੋਂ ‘ਸਾਡੇ ਬਜ਼ੁਰਗ-ਸਾਡਾ ਮਾਨ’ 16 ਜਨਵਰੀ ਤੋਂ ਲਾਗੂ ਹੋਵੇਗੀ, ਜਿਸ ਤਹਿਤ ਸੂਬੇ ਭਰ ’ਚ ਜ਼ਿਲ੍ਹਾ ਪੱਧਰੀ ਮੁਫ਼ਤ ਸਿਹਤ ਸੁਵਿਧਾਵਾਂ, ਅੱਖਾਂ ਦੇ ਮੋਤੀਆ ਬਿੰਦ ਅਪਰੇਸ਼ਾਨ, ਕੰਨ ਨੱਕ ਗਲਾਂ ਰੋਗਾਂ ਦੀ ਜਾਂਚ ਸਮੇਤ ਹੋਰ ਸਿਹਤ ਸਹੂਲਤਾਂ ਅਤੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਏ ਜਾਣਗੇ, ਜਿਸ ਲਈ 7.87 ਕਰੋੜ ਰੁਪਏ ਰਕਮ ਖਰਚੇ ਲਈ ਰਾਖਵੀਂ ਰੱਖੀ ਗਈ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਭਲਾਈ ਬਿਰਧ ਆਸ਼ਰਮ, ਡੇ ਕੇਅਰ ਸੈਂਟਰਾਂ ਜਾਗਰੂਕਤਾ ਅਭਿਆਨ ਲਈ ਵੱਖਰੇ ਤੌਰ ’ਤੇ 24 ਕਰੋੜ ਰੁਪਏ ਖਰਚ ਹੋਣਗੇ।
ਮੀਟਿੰਗਾਂ ’ਚ ਮੌਜੂ਼ਦ ਪੇਂਡੂ ਵਿਕਾਸ ਪੰਚਾਇਤ ਅਧਿਕਾਰੀ ਤੇ ਪੰਜਾਬ ਮੰਡੀ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਧਾਲੀਵਾਲ ਨੇ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਕਿ ਨਵ ਨਿਰਮਾਣ ਅਧੀਨ ਵਿਕਾਸ ਕਾਰਜਾਂ ’ਚ ਪਾਰਦਰਸ਼ਤਾ ਤੇ ਗੁਣਵੱਤਾ ਬਣਾਈ ਰੱਖੀ ਜਾਵੇ ਅਤੇ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ। ਸਮਾਂਬੱਧ ਵਿਕਾਸ ਕਾਰਜਾਂ ਨੂੰ 31 ਮਾਰਚ 2026 ਮੁਕੰਮਲ ਕੀਤਾ ਜਾਵੇ। ਇਸ ਮੌਕੇ ’ਤੇ ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਪੀਏ ਮੁਖਤਾਰ ਸਿੰਘ ਬਲੜਵਾਲ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਪੰਚ ਸਰਪੰਚ ਵੱਡੀ ਗਿਣਤੀ ’ਚ ਮੌਜ਼ੂਦ ਸਨ। Punjab News













