ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ ਸਰਕਾਰੀ ਥਰਮਲ ਪਲਾਂਟ ਰਹੇ ਫਾਡੀ

ਸਰਕਾਰੀ ਥਰਮਲਾਂ ਤੋਂ ਮਿਲੀ 12 ਫੀਸਦੀ ਬਿਜਲੀ

  • ਪ੍ਰਾਈਵੇਟ ਥਰਮਲਾਂ ਨਾਲ ਬਿਜਲੀ ਸਮਝੌਤੇ ਰੱਦ ਹੋਣ ’ਤੇ ਬਿਜਲੀ ਸੰਕਟ ਘੇਰ ਸਕਦੈ ਪੰਜਾਬ ਨੂੰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਚੋਣਾ ਦੇ ਮਹੌਲ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਮਾਮਲਾ ਸਿਆਸੀ ਗਲਿਆਰਿਆਂ ਵਿੱਚ ਛਾਇਆ ਹੋਇਆ ਹੈ। ਉਂਜ ਜੇਕਰ ਪ੍ਰਾਈਵੇਟ ਥਰਮਲਾਂ ਦੇ ਮੁਕਾਬਲੇ ਸਰਕਾਰੀ ਥਰਮਲਾਂ ਦੀ ਕਾਰਗੁਜ਼ਾਰੀ ਨੂੰ ਵਾਚਿਆ ਜਾਵੇ ਤਾ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ ਬਹੁਤ ਪੱਛੜੇ ਹੋਏ ਸਾਬਤ ਹੋ ਰਹੇ ਹਨ। ਸਰਕਾਰੀ ਥਰਮਲਾਂ ਵੱਲੋਂ ਸਿਰਫ਼ 12 ਫੀਸਦੀ ਹੀ ਬਿਜਲੀ ਸਪਲਾਈ ਕੀਤੀ ਗਈ ਹੈ।

ਪਾਵਰਕੌਮ ਦੀ ਰਿਕਾਰਡ ਮੁਤਾਬਿਕ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ 14874 ਕਰੋੜ ਰੁਪਏ ਫਿਕਸ ਚਾਰਜਿਜ਼ ਯਾਨੀ ਤੈਅ ਲਾਗਤ ਵਜੋਂ ਮਿਲੇ ਹਨ ਤੇ ਇਨ੍ਹਾਂ ਨੇ ਪੰਜਾਬ ਵਾਸਤੇ 1900316 ਮਿਲੀਅਨ ਯੁੂਨਿਟ ਬਿਜਲੀ ਸਪਲਾਈ ਕੀਤੀ ਹੈ। ਇਨ੍ਹਾਂ ਦੇ ਮੁਕਾਬਲੇ ਸਰਕਾਰੀ ਥਰਮਲ ਪਲਾਂਟਾਂ ਨੂੰ ਇਸ ਅਰਸੇ ਦੌਰਾਨ 6930 ਕਰੋੜ ਰੁਏ ਮਿਲੇ ਹਨ ਤੇ ਇਹਨਾਂ ਵੱਲੋਂ 24481.13 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ ਹੈ। ਸਰਕਾਰੀ ਥਰਮਲ ਪਲਾਂਟਾਂ ਵੱਲੋਂ ਪ੍ਰਾਈਵੇਟ ਦੇ ਮੁਕਾਬਲੇ ਸਿਰਫ਼ 12 ਫੀਸਦੀ ਬਿਜਲੀ ਸਪਲਾਈ ਹੀ ਕੀਤੀ ਗਈ ਹੈ। 2015-16 ਤੋਂ 2019-20 ਦੇ ਪੰਜ ਸਾਲਾਂ ਦੌਰਾਨ ਰਾਜਪੁਰਾ ਸਥਿੱਤ ਨਾਭਾ ਪਾਵਰ ਲਿਮਟਿਡ ਨੂੰ 6819 ਕਰੋੜ ਰੁਪਏ ਫਿਕਸ ਚਾਰਜਿਜ਼ ਮਿਲੇ ਹਨ ਤੇ ਇਸ ਵੱਲੋਂ 1131268.44 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 6277 ਕਰੋੜ ਰੁਪਏ ਫਿਕਸ ਚਾਰਜਿਜ਼ ਵਜੋਂ ਮਿਲੇ ਅਤੇ ਇਸ ਵੱਲੋਂ 685016 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਇਸੇ ਤਰੀਕੇ ਗੋਇੰਦਵਾਲ ਸਾਹਿਬ ਪਲਾਂਟ ਨੂੰ 1778 ਕਰੋੜ ਰੁਪਏ ਫਿਕਸ ਚਾਰਜਿਜ਼ ਵਜੋਂ ਮਿਲੇ ਅਤੇ ਇਸ ਵੱਲੋਂ 84031.22 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ।

ਇਸੇ ਸਮੇਂ ਦੌਰਾਨ ਸਰਕਾਰੀ ਥਰਮਲ ਲਹਿਰਾ ਮੁਹੱਬਤ ਨੂੰ 2500 ਕਰੋੜ ਰੁਪਏ ਮਿਲੇ ਅਤੇ ਇਸ ਵੱਲੋਂ 10258.27 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਰੋਪੜ ਥਰਮਲ ਪਲਾਂਟ ਨੂੰ 2742 ਕਰੋੜ ਰੁਪਏ ਫਿਕਸ ਚਾਰਜਿਜ਼ ਵਜੋਂ ਮਿਲੇ ਤੇ ਇਸ ਪਲਾਂਟ ਤੋਂ 12515.4 ਮਿਲੀਅਨ ਯੁਨਿਟ ਬਿਜਲੀ ਸਪਲਾਈ ਪ੍ਰਾਪਤ ਹੋਈ। ਬਠਿੰਡਾ ਪਲਾਂਟ ਕਿਉਕਿ ਦੋ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਤਾਂ ਇਸਨੂੰ 2015-16 ਤੋਂ 2017-18 ਤੱਕ 1688 ਕਰੋੜ ਰੁਪਏ ਫਿਕਸ ਚਾਰਜਿਜ਼ ਵਜੋਂ ਮਿਲੇ ਤੇ ਇਸਨੇ 1707.46 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ। ਪਾਵਰਕੌਮ ਸਮਝੌਤਿਆ ਕਾਰਨ ਪ੍ਰਾਈਵੇਟ ਥਰਮਲਾਂ ਤੇ ਜਿਆਦਾ ਨਿਰਭਰ ਹੋ ਗਈ ਅਤੇ ਆਪਣੇ ਸਰਕਾਰੀ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਘਟਾ ਦਿੱਤਾ ਗਿਆ।

ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਹੋ ਗਏ ਤਾਂ ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵੱਡੀ ਮੁਸਕਿਲ ਇਹ ਹੈ ਕਿ ਸਰਕਾਰ ਜਾਂ ਪਾਵਰਕੌਮ ਪੰਜਾਬ ਅੰਦਰ ਗਰਮੀ ਅਤੇ ਝੋਨੇ ਦੇ ਸੀਜ਼ਨ ਮੌਕੇ ਕਿਸ ਤਰ੍ਹਾਂ 3900 ਤੋਂ ਵੱਧ ਮੈਗਾਵਾਟ ਦਾ ਕਿਸ ਤਰ੍ਹਾਂ ਪ੍ਰਬੰਧ ਕਰੇਗੀ। ਜਦਕਿ ਇਸ ਝੋਨੇ ਦੇ ਸੀਜਨ ਦੌਰਾਨ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਯੂਨਿਟ ਬੰਦ ਹੋਣ ਕਾਰਨ ਹੀ ਬਿਜਲੀ ਸੰਕਟ ਨਾਲ ਤ੍ਰਾਹ-ਤ੍ਰਾਹ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ