ਵਿਦਿਆਰਥੀ ਆਪਣੇ ਮਾਪਿਆਂ, ਗੁਆਂਢੀਆਂ ਤੇ ਸਕੇ-ਸਬੰਧੀਆਂ ਨੂੰ ਕਰਨਗੇ ਪਰਾਲੀ ਸਬੰਧੀ ਜਾਗਰੂਕ
ਪਰਾਲੀ ਸਬੰਧੀ ਜਾਗਰੂਕ ਕਰਨ ਲਈ ਸਕੁਲਾਂ ਅੰਦਰ ਲੱਗਣਗੇ ਪੋਸਟਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਹੁਣ ਸਰਕਾਰੀ ਸਕੂਲਾਂ ਅੰਦਰ ਸਵੇਰ ਦੀ ਸਭਾ ‘ਚ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਮਸਲਾ ਗੂੰਜਣ ਲੱਗ ਪਿਆ ਹੈ। ਸਰਕਾਰੀ ਸਕੂਲਾਂ ਦੇ ਬੱਚੇ ਆਪਣੇ ਮਾਪਿਆਂ, ਗੁਆਂਢੀਆਂ ਅਤੇ ਸਕੇ ਸਬੰਧੀਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕਰਨਗੇ।
ਸਰਕਾਰ ਹਰ ਵਿਭਾਗ ਰਾਹੀਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਪ੍ਰਚਾਰ ‘ਤੇ ਜੁਟੀ ਹੋਈ ਹੈ ਪਰ ਕਿਸਾਨਾਂ ਨੂੰ ਅੱਗ ਦਾ ਕੋਈ ਬਦਲ ਦੱਸਣ ਤੋਂ ਅਸਫਲ ਸਾਬਤ ਹੋ ਰਹੀ ਹੈ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰਾਂ ਨੇ ਪੰਜਾਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜ ਕੇ ਹਦਾਇਤ ਕੀਤੀ ਹੈ ਕਿ ਉਹ ਅੱਗੇ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਸਕੂਲਾਂ ਅੰਦਰ ਅੱਗ ਨਾ ਲਗਾਉਣ ਸਬੰਧੀ ਵਿਸਥਾਰਪੂਰਵਕ ਦੱਸਣ।
ਪਤਾ ਲੱਗਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਪੱਤਰ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ 4 ਅਕਤੂਬਰ ਨੂੰ ਸਕੂਲਾਂ ਅੰਦਰ ਸਵੇਰ ਦੀ ਸਭਾ ਮੌਕੇ ਬੱਚਿਆਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਾਠ ਪੜ੍ਹਾਇਆ ਜਾਵੇ ਕਿ ਪਰਾਲੀ ਨੂੰ ਅੱਗ ਲਾਉਣ ਕਰਕੇ ਕਿਸ ਤਰ੍ਹਾਂ ਵਾਤਾਵਰਨਪ੍ਰਦੂਸ਼ਿਤ ਹੁੰਦਾ ਹੈ ਅਤੇ ਲੋਕ ਬਿਮਾਰੀਆਂ ਦੀ ਗ੍ਰਿਫ਼ਤ ਵਿੱਚ ਆਉਂਦੇ ਹਨ। ਬੱਚਿਆਂ ਨੂੰ ਇਸ ਸਬੰਧੀ ਵਿਸ਼ੇਸ ਲੈਕਚਰ ਦੇਣ ਦੀ ਗੱਲ ਆਖੀ ਗਈ ਹੈ।
ਅੱਗੋਂ ਸਕੂਲ ਚੋਂ ਇਹ ਪਾਠ ਪੜ੍ਹ ਕੇ ਬੱਚੇ ਆਪਣੇ ਮਾਪਿਆਂ, ਆਂਢ-ਗੁਆਂਢ ਤੇ ਆਪਣੇ ਸਕੇ ਸਬੰਧੀਆਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ। ਇਹ ਵੀ ਕਿਹਾ ਗਿਆ ਹੈ ਕਿ ਜਿਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪਰਾਲੀ ਸਬੰਧੀ ਜੋ ਪਾਠ ਪੜ੍ਹਾਇਆ ਗਿਆ ਹੈ ਉਸ ਦੀ ਕਾਰਵਾਈ ਵੀ ਮੇਲ ਦੇ ਜਰੀਏ ਭੇਜੀ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜੋਂ ਪਰਾਲੀ ਨੂੰ ਲੈ ਕੇ ਪੋਸਟਰ ਛਾਪੇ ਗਏ ਹਨ, ਉਹ ਵੀ ਸਕੂਲਾਂ ਅੰਦਰ ਲਗਾਏ ਜਾਣ, ਤਾਂ ਜੋ ਵਿਦਿਆਰਥੀ ਪੋਸਟਰਾਂ ਰਾਹੀਂ ਜਾਗਰੂਕਤਾ ਦਾ ਸੁਨੇਹਾ ਦੇ ਸਕਣ।
ਦੱਸਣਯੋਗ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਕੇਂਦਰ ਤੇ ਰਾਜ ਸਰਕਾਰਾਂ ਇਸ ਸਬੰਧੀ ਕਿਸਾਨਾਂ ਨੂੰ ਕੋਈ ਬਦਲ ਦੇਣ ਤੋਂ ਅਸਫ਼ਲ ਸਾਬਤ ਹੋ ਰਹੀਆਂ ਹਨ। ਇੱਧਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਦੇ ਨਵੇਂ-ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਪਰ ਠੋਸ ਹੱਲ ਨਹੀਂ ਕੀਤਾ ਜਾ ਰਿਹਾ।ਪ੍ਰਦੂਸ਼ਣ ਕੰਟਰੋਲ ਬੋਰਡ ਵੀ ਤਿਆਰ
ਇੱਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਅੱਗ ਨਾ ਲਾਉਣ ਨੂੰ ਲੈ ਕੇ ਪੰਜਾਬ ਭਰ ਵਿੱਚ ਆਪਣੀਆਂ ਗਤੀਵਿਧੀਆਂ ਤੇ ਕਾਨੂੰਨ ਲਾਗੂ ਕਰਨ ਵਾਲੀ ਸਮੁੱਚੀ ਮਸ਼ੀਨਰੀ ਨੂੰ ਤਿਆਰ ਕਰੀ ਬੈਠਾ ਹੈ। ਬੋਰਡ ਦੇ ਚੇਅਰਮੈਨ ਡਾ. ਮਰਵਾਹਾ ਨੇ ਦੱਸਿਆ ਕਿ ਬੋਰਡ ਨੇ ਪੰਜਾਬ ਰਿਮੋਟ ਸੈਸਿੰਗ ਸੈਂਟਰ ਲੁਧਿਆਣਾ ਨੂੰ ਉਪਗ੍ਰਹਿ ਦੇ ਜ਼ਰੀਏ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਪਿੰਡਾਂ ਅਤੇ ਖੇਤਾਂ ਦਾ ਵੇਰਵਾ ਤਰੁੰਤ ਜ਼ਿਲ੍ਹਾ ਪ੍ਰਸ਼ਾਸਨ ਤੇ ਬੋਰਡ ਨੂੰ ਭੇਜਣ ਦਾ ਪ੍ਰੋਜੈਕਟ ਪਹਿਲਾਂ ਹੀ ਦੇ ਦਿੱਤਾ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ‘ਤੇ ਬਣੀਆਂ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰੀ ਮੌਨੀਟਰਿੰਗ ਕਮੇਟੀਆਂ ਨੂੰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੁਆਰਾ ਇੱਕ SMS ਭੇਜ ਕੇ ਅੱਗ ਲਗਾਉਣ ਵਾਲੇ ਕਿਸਾਨ ਦੇ ਖੇਤ ਦਾ ਪੂਰਾ ਵੇਰਵਾ ਭੇਜਿਆ ਜਾਵੇਗਾ ਤੇ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਧੀਨ ਬਣੀਆਂ ਇਹ ਕਮੇਟੀਆਂ ਕਿਸਾਨ ਖਿਲਾਫ਼ 24 ਘੰਟਿਆਂ ‘ਚ ਕਾਰਵਾਈ ਕਰਨਗੀਆਂ। ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਬੰਧਿਤ ਪਟਵਾਰੀ ਰਾਹੀਂ ਅੱਗ ਲਗਾਉਣ ਵਾਲੇ ਕਿਸਾਨ ਦੇ ਜ਼ਮੀਨ ਦੇ ਰਿਕਾਰਡ ਵਿੱਚ ਤਰੁੰਤ ਲਾਲ ਇੰਦਰਾਜ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।