ਸਰਕਾਰ ਨੇ ਨਵੀਆਂ ਸ਼ਰਤਾਂ ਨਾਲ ਕੱਢੀਆਂ ਈਟੀਟੀ ਅਧਿਆਪਕਾਂ ਦੀਆਂ ਨਿਗੂਣੀਆਂ ਪੋਸਟਾਂ

ਹੁਣ ਨੌਕਰੀ ਲੈਣ ਲਈ ਸਰਕਾਰ ਦੇ ਇੱਕ ਹੋਰ ਟੈਸਟ ਦਾ ਸਾਹਮਣਾ ਕਰਨਾ ਪਵੇਗਾ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੂੰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਧਰਨੇ ਮੁਜਾਹਰਿਆਂ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਭਾਵੇਂ ਪ੍ਰਾਇਮਰੀ ਟੀਚਰਾਂ ਦੀਆਂ 1664 ਅਸਾਮੀਆਂ ਕੱਢੀਆਂ ਗਈਆਂ ਹਨ, ਪਰ ਭਰਤੀ ਮੁਹਿੰਮ ਤੇ ਇੱਕ ਹੋਰ ਟੈਸਟ ਦੀ ਸ਼ਰਤ ਥੋਪ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਚੇਰੀ ਯੋਗਤਾ ਦੇ ਅੰਕ ਜੋੜਨ ਦੀ ਗੱਲ ਵੀ ਕਹੀ ਗਈ ਹੈ। ਇੱਧਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ 1664 ਪੋਸਟਾਂ ਨੂੰ ਊਠ ਦੇ ਮੂੰਹ ਵਿਚ ਜੀਰਾ ਕਰਾਰ ਦਿੱਤਾ ਹੈ ਅਤੇ ਸਰਕਾਰ ਵੱਲੋਂ ਲਾਈਆਂ ਸਰਤਾਂ ਨੂੰ ਗੈਰਵਾਜਿਬ ਦੱਸਿਆ ਹੈ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਈਟੀਟੀ ਅਧਿਆਪਕਾਂ ਦੀਆਂ 1664 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿੱਚ ਵੀ 664 ਬੈਕਲਾਗ ਵਾਲੀਆਂ ਅਸਾਮੀਆਂ ਹਨ। ਇਸ ਭਰਤੀ ਮੁਹਿੰਮ ‘ਤੇ ਸਿੱਖਿਆ ਵਿਭਾਗ ਵੱਲੋਂ ਨਵੀਆਂ ਸ਼ਰਤਾਂ ਥੋਪੀਆਂ ਗਈਆਂ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਸਟੇਟ ਪੱਧਰ ‘ਤੇ 100 ਅੰਕਾਂ ਦਾ ਇੱਕ ਲਿਖਤੀ ਟੈਸਟ ਲਿਆ ਜਾਵੇਗਾ।

ਇਨ੍ਹਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਯੋਗਤਾਵਾਂ ਲਈ ਨਿਰਯਾਰਤ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਨ੍ਹਾਂ ਉਮੀਦਵਾਰਾਂ ਦੀ ਮੈਰਿਟ ਲਿਖਤੀ ਟੈਸਟ ਅਤੇ ਉਚੇਰੀ ਯੋਗਤਾ ਦੇ ਅੰਕਾਂ ਨੂੰ ਜੋੜ ਕੇ ਬਣਾਈ ਜਾਵੇਗੀ। ਪੰਜਾਬ ਰਾਜ ਅਧਿਅਪਕ ਯੋਗਤਾ ਟੈਸਟ-1 ਦੇ ਨੰਬਰ ਮੈਰਿਟ ਵਿੱਚ ਨਹੀਂ ਜੋੜੇ ਜਾਣਗੇ। ਉਚੇਰੀ ਯੋਗਤਾ ਦੇ ਅੰਕਾਂ ਵਿੱਚ ਪਹਿਲੇ ਦਰਜ਼ੇ ਵਿੱਚ 5 ਅੰਕ, ਦੂਜੇ ਦਰਜੇ ‘ਚ 3 ਅੰਕ ਜਦਕਿ ਤੀਜੇ ਦਰਜੇ ‘ਚ 2 ਅੰਕ ਦਿੱਤੇ ਜਾਣਗੇ।

ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਦਾ ਕਹਿਣਾ ਹੈ ਕਿ ਪਿਛਲੇ ਸੱਤ ਮਹੀਨਿਆਂ ਤੋਂ ਸੰਗਰੂਰ ਵਿਖੇ ਸੰਘਰਸ਼ ਕਰ ਰਹੇ ਈਟੀਟੀ ਟੈੱਟ ਪਾਸ ਅਧਿਆਪਕਾਂ ਨਾਲ ਸਰਕਾਰ ਵੱਲੋਂ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1000 ਭਰਤੀ ਪੋਸਟਾਂ ਹੀ ਨਵੀਆਂ ਹਨ ਜਦਕਿ 664 ਪੁਰਾਣੇ ਕੋਟੇ ਦੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2017 ‘ਚ ਹੀ 15 ਹਜਾਰ ਦੇ ਕਰੀਬ ਨੌਜਵਾਨਾਂ ਵੱਲੋਂ ਟੈੱਟ ਦੀ ਪ੍ਰੀਖਿਆ ਪਾਸ ਕੀਤੀ ਗਈ ਸੀ ਅਤੇ ਪੋਸਟਾਂ ਸਿਰਫ਼ 1000 ਕੱਢ ਕੇ ਨੌਜਵਾਨਾਂ ਨਾਲ ਮਜਾਕ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਾਂ ‘ਤੇ ਨਵੀਆਂ ਸ਼ਰਤਾਂ ਥੋਪ ਦਿੱਤੀਆਂ ਗਈਆਂ ਹਨ। ਉਨ੍ਹਾਂ ਸੁਆਲ ਕੀਤਾ ਕਿ ਜੋ ਟੈੱਟ ਪਾਸ ਕੀਤਾ ਗਿਆ ਹੈ, ਉਸ ਨੂੰ ਮਿੱਟੀ ਕਰ ਦਿੱਤਾ ਗਿਆ ਜਦਕਿ ਇੱਕ ਹੋਰ ਟੈਸਟ ਦੀ ਸ਼ਰਤ ਥੋਂਪ ਦਿੱਤੀ ਗਈ ਹੈ। ਜਦਕਿ ਪਿਛਲੀਆਂ ਪੋਸਟਾਂ ਵੇਲੇ ਸਿਰਫ਼ ਟੈੱਟ ਪਾਸ ਦੀ ਸਰਤ ਹੀ ਸੀ ਅਤੇ ਇਸ ਤੋਂ ਬਾਅਦ ਮੈਰਿਟ ਬਣਦੀ ਸੀ।

ਸੂਬਾ ਪ੍ਰਧਾਨ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਉਕਤ ਸ਼ਰਤਾਂ ਥੋਂਪ ਕੇ ਨੌਜਵਾਨਾਂ ਨੂੰ ਭਰਤੀ ਮੁਹਿੰਮ ਤੋਂ ਬਾਹਰ ਕਰਨ ਦੀ ਹੀ ਚਾਲ ਹੈ। ਉਨ੍ਹਾਂ ਕਿਹਾ ਕਿ ਭਰਤੀ ਸਬੰਧੀ ਰੱਖੇ ਗਏ ਦੂਸਰੇ ਟੈਸਟ ਦੀ ਸ਼ਰਤ ਹਟਾਈ ਜਾਵੇ, 12000 ਹਜ਼ਾਰ ਪੋਸਟਾਂ ਬੈਕਲਾਗ ਸਮੇਤ ਭਰੀਆਂ ਜਾਣ ਅਤੇ ਉਮਰ ਹੱਦ ਵਿੱਚ ਛੋਟ ਦੇ ਕੇ 37 ਤੋਂ42 ਕੀਤੀ ਜਾਵੇ। ਜੇਕਰ ਸਰਕਾਰ ਨਾ ਜਾਗੀ ਤਾਂ ਅਧਿਆਪਕਾਂ ਨਾਲ ਹੋਏ ਇਸ ਕੋਝੇ ਮਜ਼ਾਕ ਖਿਲਾਫ਼ ਉਨ੍ਹਾਂ ਸਮੂਹ ਸੰਘਰਸ਼ੀ ਲੋਕਾਂ ਅਤੇ ਬੇਰੁਜ਼ਗਾਰਾਂ ਨੂੰ ਸੰਗਰੂਰ ਵਿਖੇ ਇਕੱਠੇ ਹੋ ਕੇ ਅਗਲੇ ਸੰਘਰਸ਼ ਦਾ ਐਲਾਨ ਕਰਨ ਦਾ ਸੱਦਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।