ਸਰਕਾਰੀ ਮੁਲਾਜ਼ਮਾਂ ਅੱਗੇ ਝੁਕ ਸਕਦੀ ਐ ਸਰਕਾਰ, ਪਰਖ ਕਾਲ ਹੋਵੇਗਾ 2 ਸਾਲ

Government, Employees, Trial Take Place, 2 Years

ਅਧਿਆਪਕਾਂ ਦੇ ਧਰਨੇ ਤੋਂ ਬਾਅਦ ਸਰਕਾਰ ਕਰਨ ਜਾ ਰਹੀ ਐ ਵੱਡਾ ਫੈਸਲਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ‘ਚ ਪੂਰੀ ਤਨਖਾਹ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਲਈ ਆਉਂਦੇ ਦਿਨਾਂ ‘ਚ ਵੱਡੀ ਖ਼ਬਰ ਆ ਸਕਦੀ ਹੈ ਕਿ ਹੁਣ ਉਨ੍ਹਾਂ ਨੂੰ ਪਰਖ ਕਾਲ ਵਿੱਚ 3 ਸਾਲ ਨਹੀਂ ਸਗੋਂ 2 ਸਾਲ ਹੀ ਗੁਜ਼ਾਰਨੇ ਪੈਣਗੇ। ਤੀਜੇ ਸਾਲ ਤੋਂ ਸਰਕਾਰੀ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਮਿਲਣ ਲਗ ਜਾਵੇਗੀ।ਉਂਜ ਇਸ ਸਬੰਧੀ ਸਰਕਾਰ ਨੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਜਲਦ ਹੀ ਪਰਖ ਕਾਲ ਘਟਾਉਣ ਸਬੰਧੀ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਜਾਵੇਗਾ।

ਇਸ ਪਰਖ ਕਾਲ ਨੂੰ ਘਟਾਉਣ ਲਈ ਖਜਾਨਾ ਵਿਭਾਗ ਤਿਆਰ ਨਹੀਂ ਹੈ, ਕਿਉਂਕਿ ਇਸ  ਨਾਲ ਖਜਾਨੇ  ‘ਤੇ ਵੱਡਾ ਬੋਝ ਪਵੇਗਾ ਪਰ ਖਜਾਨਾ ਵਿਭਾਗ ਦੀ ਨਾਂਹ-ਨੁੱਕਰ ਨੂੰ ਇੱਕ ਪਾਸੇ ਕਰਦੇ ਹੋਏ ਪੰਜਾਬ ਸਰਕਾਰ ਇਸ ਸਬੰਧੀ ਕਾਫ਼ੀ ਡੂੰਘਾਈ ਨਾਲ ਵਿਚਾਰ ਕਰ ਰਹੀ ਹੈ ਤਾਂ ਕਿ ਇਸ ਫੈਸਲੇ ਨਾਲ ਜਿੱਥੇ ਪਟਿਆਲਾ ਵਿਖੇ ਬੈਠੇ ਅਧਿਆਪਕਾਂ ਨੂੰ ਧਰਨੇ ਤੋਂ ਉਠਾਇਆ ਜਾ ਸਕੇ, ਉਥੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਇਸ ਦਾ ਫਾਇਦਾ ਲਿਆ ਜਾ ਸਕੇ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੀ ਸਰਕਾਰ ਨੇ 15 ਜਨਵਰੀ 2015 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਰਕਾਰੀ ਮੁਲਾਜਮਾ ਲਈ ਪਰਖ ਕਾਲ ਦੀ ਸੀਮਾ 2 ਸਾਲ ਤੈਅ ਕਰਦੇ ਹੋਏ ਇਸ ਦੌਰਾਨ ਸਿਰਫ਼ ਬੇਸਿਕ ਤਨਖ਼ਾਹ ਦੇਣ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਸਰਕਾਰ ਵਲੋਂ ਲਏ ਗਏ ਇਸ ਫੈਸਲੇ ਤੋਂ 1 ਸਾਲ ਬਾਅਦ ਹੀ 2016 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਪਰਖ ਕਾਲ ‘ਚ ਵਾਧਾ ਕਰਦੇ ਹੋਏ 3 ਸਾਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਦੇ ਪਹਿਲੇ 3 ਸਾਲ ਲਈ ਬੇਸਿਕ ਤਨਖ਼ਾਹ ‘ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਹੁਣ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਇਸ ‘ਤੇ ਵਿਚਾਰਾ ਸ਼ੁਰੂ ਕਰਦੇ ਹੋਏ 2 ਸਾਲ ਕਰਨ ਦੀ ਤਿਆਰੀ ਕਰ ਲਈ ਹੈ। ਪਟਿਆਲਾ ਵਿਖੇ ਧਰਨੇ ‘ਤੇ ਬੈਠੇ ਅਧਿਆਪਕਾਂ ਨੂੰ ਮਨਾਉਣ ਦੀ ਹਰ ਕੋਸ਼ਿਸ ਤੋਂ ਬਾਅਦ ਵੀ ਸਫ਼ਲਤਾ ਨਾ ਮਿਲਦੀ ਦੇਖ ਸਰਕਾਰ ਨੇ ਹੁਣ ਇਸ ਪਾਸੇ ਰੁਖ ਕੀਤਾ ਹੈ ਪਰ ਸਰਕਾਰ ਨੂੰ ਇਹ ਫੈਸਲਾ ਸਾਰੇ ਕਰਮਚਾਰੀਆਂ ‘ਤੇ ਲਾਗੂ ਕਰਨਾ ਪੈ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।