ਸਰਕਾਰ ਨੇ ਭੇਜਿਆ ਚੋਣ ਕਮਿਸ਼ਨ ਨੂੰ ਜੁਆਬ, ਰਿਪੋਰਟ ਨੂੰ ਰੱਖਿਆ ਹੋਇਆ ਐ ਮੁਕੰਮਲ ਗੁਪਤ

Government, Election Commission, Complete

ਚੋਣ ਕਮਿਸ਼ਨ ਜਾਣਕਾਰੀ ਦੇਣ ਤੋਂ ਕਰ ਰਿਹਾ ਐ ਨਾਂਹ, ਪੰਜਾਬ ਦੇ ਦਫ਼ਤਰ ‘ਚ ਨਹੀਂ ਪੁੱਜੀ ਰਿਪੋਰਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੋਣ ਕਮਿਸ਼ਨ ਦੇ ਸਖ਼ਤ ਰਵੱਈਏ ਤੋਂ ਬਾਅਦ ਪੰਜਾਬ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੇ ਮਾਮਲੇ ਵਿੱਚ ਆਪਣਾ ਜੁਆਬ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਹਾਲਾਂਕਿ ਇਸ ਸਬੰਧੀ ਪੁਸ਼ਟੀ ਕਰਨ ਜਾਂ ਫਿਰ ਜਾਣਕਾਰੀ ਦੇਣ ਤੋਂ ਸਰਕਾਰ ਦੇ ਅਧਿਕਾਰੀ ਇਨਕਾਰ ਕਰ ਰਹੇ ਹਨ ਪਰ ਸੂਤਰਾਂ ਦੱਸ ਰਹੇ ਹਨ ਕਿ ਚੋਣ ਕਮਿਸ਼ਨ ਨੂੰ ਜੁਆਬ ਭੇਜ ਦਿੱਤਾ ਗਿਆ ਹੈ ਪਰ ਪੰਜਾਬ ਦੇ ਚੋਣ ਦਫ਼ਤਰ ਵਿੱਚ ਇਸ ਦੀ ਕਾਪੀ ਨਹੀਂ ਭੇਜੀ ਗਈ ਹੈ, ਇਸ ਤਰਾਂ ਕਿਉਂ ਕੀਤਾ, ਇਸ ਸਬੰਧੀ ਵੀ ਅਧਿਕਾਰੀ ਕੁਝ ਵੀ ਬੋਲਣਾ ਨਹੀਂ ਚਾਹੁੰਦੇ ਹਨ।
ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ਵਿੱਚ ਅਚਾਨਕ ਸਰਕਾਰ ਅਤੇ ਅਧਿਕਾਰੀ ਪੂਰੀ ਤਰ੍ਹਾਂ ‘ਸਾਈਲੈਂਟ ਮੋਡ’ ਵਿੱਚ ਚਲੇ ਗਏ ਹਨ। ਇਸ ਮਾਮਲੇ ਨੂੰ ਸੁਣ ਕੇ ਅਧਿਕਾਰੀ ਨਾ ਸਿਰਫ਼ ਅਚਾਨਕ ਹੀ ਫੋਨ ਕੱਟ ਰਹੇ ਹਨ, ਸਗੋਂ ਐਸ.ਐਮ.ਐਸ. ਰਾਹੀਂ ਵੀ ਕੋਈ ਵੀ ਜੁਆਬ ਨਹੀਂ ਦੇ ਰਹੇ ਹਨ। ਇਸ ਪਿੱਛੇ ਕੀ ਕਾਰਨ ਹੈ, ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਚੋਣ ਕਮਿਸ਼ਨ ਨੂੰ ਭੇਜੇ ਗਏ ਜੁਆਬ ਵਿੱਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਇੰਨ-ਬਿਨ ਹੀ ਕੀਤੀ ਗਈ ਹੈ ਅਤੇ ਇਸ ਤੋਂ ਇੱਕ ਇੰਚ ਵੀ ਬਾਹਰ ਪੰਜਾਬ ਸਰਕਾਰ ਨਹੀਂ ਗਈ ਹੈ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਦੇ ਸਪੈਸ਼ਲ ਜਾਂਚ ਟੀਮ ਵਿੱਚ ਕੰਮ ਕਰਨ ਬਾਰੇ ਸਰਕਾਰ ਵੱਲੋਂ ਸਪੱਸ਼ਟ ਜੁਆਬ ਨਹੀਂ ਭੇਜਿਆ ਗਿਆ ਹੈ ਅਤੇ ਇਸ ਸਾਰੇ ਮਾਮਲੇ ਨੂੰ ਗੋਲ ਮੋਲ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ਵਿੱਚ ਜੁਆਬ ਸਿੱਧਾ ਚੋਣ ਕਮਿਸ਼ਨ ਦਿੱਲੀ ਦਫ਼ਤਰ ਨੂੰ ਭੇਜਿਆ ਗਿਆ ਹੈ। ਇਸ ਸਬੰਧੀ ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਜੁਆਬ ਦੀ ਕਾਪੀ ਭੇਜਣਾ ਤਾਂ ਦੂਰ ਦੀ ਗਲ, ਇਸ ਦਫ਼ਤਰ ਦੇ ਮੁੱਖ ਅਧਿਕਾਰੀ ਨੂੰ ਜਾਣਕਾਰੀ ਤੱਕ ਨਹੀਂ ਦਿੱਤੀ ਗਈ ਹੈ ਕਿ ਸਰਕਾਰ ਵੱਲੋਂ ਜੁਆਬ ਭੇਜਿਆ ਜਾ ਚੁੱਕਾ ਹੈ ਜਾਂ ਫਿਰ ਨਹੀਂ ਦਿੱਤਾ ਗਿਆ ਹੈ।
ਦਿੱਲੀ ਸਥਿਤ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਅਧਿਕਾਰੀ ਇਸ ਤਰ੍ਹਾਂ ਦੇ ਕਿਸੇ ਵੀ ਨੋਟਿਸ ਸਬੰਧੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਰਹੇ ਹਨ। ਉਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਜੁਆਬ ਦੇਖਣ ਅਤੇ ਕਾਰਵਾਈ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਇਥੇ ਹੀ ਚੰਡੀਗੜ ਵਿਖੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੁਆਬ ਭੇਜਿਆ ਗਿਆ ਹੈ ਜਾਂ ਫਿਰ ਨਹੀਂ ਭੇਜਿਆ ਗਿਆ ਹੈ। ਇਸ ਸਬੰਧੀ ਉਨਾਂ ਨੂੰ ਸਰਕਾਰ ਵਲੋਂ ਕੋਈ ਜੁਆਬ ਜਾਂ ਫਿਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੇ ਹੀ ਚੋਣ ਕਮਿਸ਼ਨ ਨੂੰ ਜਾਣਕਾਰੀ ਭੇਜੀ ਹੋਏਗੀ, ਕਿਉਂਕਿ ਨੋਟਿਸ ਵੀ ਚੋਣ ਕਮਿਸ਼ਨ ਦੇ ਦਫ਼ਤਰ ਤੋਂ ਹੀ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।