(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨਜ਼ਦੀਕ ਸੰਤੁਲਨ ਵਿਗੜਨ ਕਾਰਨ ਸਰਕਾਰੀ ਬੱਸ ਸੜਕ ਵਿਚਕਾਰ ਪਲਟ ਗਈ ਜਿਸ ’ਚ ਬੱਸ ਦੇ ਹੇਠਾਂ ਆਉਣ ਕਾਰਨ ਇੱਕ ਔਰਤ ਦੀ ਮੌਤ ਗਈ ਗਈ ਜਦਕਿ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆ। ਜਾਣਕਾਰੀ ਅਨੁਸਾਰ ਸਰਕਾਰੀ ਬੱਸ ਡੱਬਵਾਲੀ ਤੋਂ ਫਰੀਦਕੋਟ ਜਾ ਰਹੀ ਸੀ, ਜਿਵੇਂ ਹੀ ਬੱਸ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਬੱਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਸੜਕ ਵਿਚਕਾਰ ਪਲਟ ਗਈ। Road Accident
ਬੱਸ ਪਲਟਣ ਕਾਰਨ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਲੁਹਾਰਾ ਦੀ ਬੱਸ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਪਥਰਾਲਾ ਚੌਂਕੀ ਦੇ ਇਚਾਰਜ਼ ਚੇਤ ਸਿੰਘ ਸਮੇਤ ਸੰਗਤ ਸਹਾਰਾ ਸੇਵਾ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਪਹੁੰਚੇ। ਬੱਸ ’ਚ ਲਗਭਗ 30 ਦੇ ਕਰੀਬ ਸਵਾਰੀਆਂ ਸਨ, ਜਦ ਬੱਸ ਪਲਟੀ ਤਾਂ ਸਵਾਰੀਆਂ ਨੇ ਚੀਕ-ਚਿਹਾੜਾ ਪਾ ਦਿੱਤਾ।
ਇਹ ਵੀ ਪੜ੍ਹੋ: Punjab National Bank : ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ
ਬੱਸ ਦੇ ਸੜਕ ਵਿਚਕਾਰ ਪਲਟਣ ਕਾਰਨ ਸੜਕ ਦੇ ਦੋਹਾਂ ਪਾਸੇ ਵਾਹਨਾਂ ਦਾ ਜਾਮ ਲੱਗ ਗਿਆ। ਪਥਰਾਲਾ ਚੌਂਕੀ ਦੇ ਇੰਚਾਰਜ਼ ਚੇਤ ਸਿੰਘ ਨੇ ਦੱਸਿਆ ਕਿ ਇਹ ਸਰਕਾਰੀ ਬੱਸ ਡੱਬਵਾਲੀ ਤੋਂ ਫਰੀਦਕੋਟ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦ ਬੱਸ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਸੜਕ ਵਿਚਕਾਰ ਸੀਮਿੰਟ ਦੀ ਢੇਰੀ ’ਤੇ ਚੜ੍ਹ ਗਈ ਅਤੇ ਸੜਕ ਦੇ ਵਿਚਕਾਰ ਪਲਟ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸੰਗਤ ਸਹਾਰਾ ਸੇਵਾ ਵਰਕਰਾਂ ਦੀ ਮਦਦ ਨਾਲ ਪੋਸਟ ਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਕੇ ਸੜਕ ਵਿਚਕਾਰ ਪਈ ਬੱਸ ਨੂੰ ਪਾਸੇ ਕਰਕੇ ਆਵਾਜਾਈ ਨੂੰ ਬਹਾਲ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਵਾਰਸਾਂ ਵੱਲੋਂ ਬੱਸ ਚਾਲਕ ਤੇ ਜਿਸ ਤਰ੍ਹਾਂ ਦੀ ਕਾਰਵਾਈ ਕਰਵਾਈ ਜਾਵੇਗੀ ਉਸੇ ਤਰ੍ਹਾਂ ਕਰ ਦਿੱਤੀ ਜਾਵੇਗੀ। Road Accident