ਸਿਆਸੀ ਪਾਰਟੀਆਂ ਨੇ ਵੀ ਪਿੱਛੇ ਖਿੱਚੇ ਹੱਥ, ਸਿਆਸੀ ਕਾਨਫਰੰਸਾਂ ਕੀਤੀਆਂ ਰੱਦ
ਕਾਂਗਰਸ ਤੇ ਅਕਾਲੀ ਦਲ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਐਲਾਨ
ਅਸ਼ਵਨੀ ਚਾਵਲਾ
ਚੰਡੀਗੜ੍ਹ, 21 ਦਸੰਬਰ
ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ‘ਤੇ ਪਹਿਲੀ ਵਾਰ ਸ਼ਹੀਦੀ ਜੋੜ ਮੇਲੇ ਦਰਮਿਆਨ 26 ਦਸੰਬਰ ਨੂੰ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਆਪਣੀ ਸਿਆਸੀ ਕਾਨਫਰੰਸ ਨਹੀਂ ਕਰਨ ਜਾ ਰਹੀ।
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ 26 ਦਸੰਬਰ ਨੂੰ ਰੱਖੀ ਹੋਈ ਸਿਆਸੀ ਕਾਨਫਰੰਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ‘ਤੇ ਇਸ ਇਤਿਹਾਸਕ ਦਿਨ ਮੌਕੇ ਸਿਆਸੀ ਕਾਨਫਰੰਸ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਇਜਾਜ਼ਤ ਦੇਣ ਸਬੰਧੀ ਪਾਬੰਦੀ ਲਗਾ ਦਿੱਤੀ ਹੈ।
ਪੰਜਾਬ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ ਕੋਈ ਵੀ ਸਿਆਸੀ ਪਾਰਟੀ ਆਪਣੀ ਕਾਨਫਰੰਸ ਨਹੀਂ ਕਰਨ ਜਾ ਰਹੀ, ਜਦੋਂਕਿ ਇਸ ਤੋਂ ਪਹਿਲਾਂ ਇੱਕ ਅੱਧੀ ਪਾਰਟੀ ਕਿਸੇ ਕਾਰਨ ਤੋਂ ਬਾਅਦ ਹੀ ਆਪਣੀ ਸਿਆਸੀ ਕਾਨਫਰੰਸ ਨਹੀਂ ਕਰਦੀ ਸੀ।
ਸ਼ਹੀਦੀ ਜੋੜ ਮੇਲੇ ਮੌਕੇ ਹੋਣ ਵਾਲੀ ਕਾਨਫਰੰਸ ਵਿੱਚ ਧਾਰਮਿਕ ਗੱਲਬਾਤ ਕਰਨ ਦੀ ਥਾਂ ‘ਤੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੀ ਪਾਰਟੀ ਖ਼ਿਲਾਫ਼ ਹੇਠਲੇ ਪੱਧਰ ਦਾ ਕੂੜ ਪ੍ਰਚਾਰ ਕਰਨ ਦੇ ਨਾਲ ਹੀ ਦੂਸ਼ਣਬਾਜ਼ੀ ਹੀ ਕੀਤੀ ਜਾਂਦੀ ਸੀ, ਜਿਸ ਕਾਰਨ ਇਸ ਦਾ ਸਭ ਤੋਂ ਜ਼ਿਆਦਾ ਇਤਰਾਜ਼ ਉੱਠਦਾ ਸੀ ਕਿ ਇਸ ਮੌਕੇ ਘੱਟ ਤੋਂ ਘੱਟ ਦੂਸ਼ਣਬਾਜ਼ੀ ਅਤੇ ਕੂੜ ਪ੍ਰਚਾਰ ਨਹੀਂ ਹੋਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਤੁਰੰਤ ਜਿਲ੍ਹਾ ਜਥੇਬੰਦੀ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ 26 ਦਸੰਬਰ ਨੂੰ ਹੋਣ ਵਾਲੀ ਸਾਲਾਨਾ ਅਕਾਲੀ ਕਾਨਫਰੰਸ ਰੱਦ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਤਿਆਰੀ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਸਿਲਸਿਲਾ ਵੀ ਰੋਕ ਦਿੱਤਾ ਜਾਵੇ।
ਇਸ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇਸ ਤਰ੍ਹਾਂ ਦੀ ਸਿਆਸੀ ਕਾਨਫਰੰਸ ਕਰਨ ਖ਼ਿਲਾਫ਼ ਇੱਛਾ ਜ਼ਾਹਿਰ ਕਰਦੇ ਹੋਏ ਇਸ ਨੂੰ ਬੰਦ ਕਰਨ ਲਈ ਅਪੀਲ ਕੀਤੀ ਹੈ ਤਾਂ ਕਿ ਇਸ ਅਹਿਮ ਦਿਨ ਨੂੰ ਕੂੜ ਪ੍ਰਚਾਰ ਕਰਨ ਦੀ ਥਾਂ ‘ਤੇ ਸ਼ਰਧਾ ਨਾਲ ਹੀ ਮਨਾਇਆ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।