ਜੰਮੂ–ਫਿਰੋਜ਼ਪੁਰ–ਫਾਜ਼ਿਲਕਾ–ਮੁੰਬਈ ਕੋਰੀਡੋਰ ਦੀ 236 ਕਿ.ਮੀ. ਘੱਟੇਗੀ ਦੂਰੀ
ਵੱਡੇ ਸ਼ਹਿਰਾਂ ਨੂੰ ਜੋੜਨ ਵਾਲੇ ਕਈ ਰੂਟਾਂ ਦੇ ਘੱਟਣਗੇ ਫਾਸਲੇ, ਸ਼ਰਧਾਲੂਆਂ ਅਤੇ ਵਪਾਰੀਆਂ ਨੂੰ ਹੋਵੇਗਾ ਵੱਡਾ ਫਾਇਦਾ
Indian Railways News: (ਜਗਦੀਪ ਸਿੰਘ) ਫਿਰੋਜ਼ਪੁਰ। ਪਿਛਲੇ 13 ਸਾਲਾਂ ਤੋਂ ਅਟਕਿਆ ਪਿਆ ਫਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਰੇਲ ਮੰਤਰਾਲੇ ਤੋਂ ਹੁਣ ਹਰੀ ਝੰਡੀ ਪ੍ਰਾਪਤ ਕਰ ਗਿਆ ਹੈ। ਇਸ ਪ੍ਰੋਜੈਕਟ ਨਾਲ ਫਿਰੋਜ਼ਪੁਰ ਅਤੇ ਇਸਦੇ ਆਲੇ-ਦੁਆਲੇ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਹੋਵੇਗਾ। ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ 25.72 ਕਿਲੋਮੀਟਰ ਲੰਬਾ ਇਹ ਰੇਲ ਟਰੈਕ ਤਿਆਰ ਹੋਣ ਤੋਂ ਬਾਅਦ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਦੀ ਦੂਰੀ ਘੱਟ ਹੋ ਜਾਵੇਗੀ, ਜਿਸ ਨਾਲ ਸਿਰਫ਼ ਸ਼ਰਧਾਲੂ ਹੀ ਨਹੀਂ ਸਗੋਂ ਵਪਾਰੀ ਵਰਗ ਨੂੰ ਵੀ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਰੇਲ ਮੰਤਰਾਲੇ ਨੇ ਰਾਜ ਦੇ ਮੁੱਖ ਸਕੱਤਰ ਨੂੰ ਜ਼ਮੀਨ ਅਧਿਗ੍ਰਹਿਣ ਲਈ ਪੱਤਰ ਭੇਜ ਦਿੱਤਾ ਹੈ। ਇਸ ਪ੍ਰੋਜੈਕਟ ਰਾਹੀਂ ਲੱਗਭਗ 3 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।
ਰਾਣਾ ਸੋਢੀ ਨੇ ਦੱਸਿਆ ਕਿ ਅੰਮ੍ਰਿਤਸਰ ਨਾਲ ਰੇਲ ਜੋੜ ਬਣਨ ਤੋਂ ਬਾਅਦ ਗੁਜਰਾਤ ਤੇ ਮੁੰਬਈ ਤੱਕ ਦੀ ਦੂਰੀ ਵੀ ਘੱਟ ਹੋ ਜਾਵੇਗੀ, ਜਿਸ ਨਾਲ ਵਪਾਰੀ ਵਰਗ ਨੂੰ ਵੱਡਾ ਲਾਭ ਹੋਵੇਗਾ। ਇਸ ਪ੍ਰੋਜੈਕਟ ਨਾਲ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚਕਾਰ ਦਾ ਫਾਸਲਾ 196 ਕਿ.ਮੀ. ਤੋਂ ਘੱਟ ਕੇ ਲਗਭਗ 100 ਕਿ.ਮੀ. ਰਹਿ ਜਾਵੇਗਾ, ਜਦਕਿ ਜੰਮੂ–ਫਿਰੋਜ਼ਪੁਰ–ਫਾਜ਼ਿਲਕਾ–ਮੁੰਬਈ ਕੋਰੀਡੋਰ 236 ਕਿ.ਮੀ. ਘੱਟ ਹੋ ਜਾਵੇਗਾ ਅਤੇ ਇਹ ਪ੍ਰੋਜੈਕਟ ਮਾਲਵਾ ਅਤੇ ਮਾਝਾ ਖੇਤਰਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ।
ਇਹ ਵੀ ਪੜ੍ਹੋ: Kotkapura News: ਕੋਟਕਪੂਰਾ ‘ਚ ਦਿਨ-ਦਿਹਾੜੇ ਚੋਰੀ ਦੀ ਵਾਰਦਾਤ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਵਾਂ ਰੂਟ ਵੰਡ ਦੇ ਸਮੇਂ ਖੋਈ ਹੋਈ ਇਤਿਹਾਸਕ ਲਾਈਨ ਨੂੰ ਦੁਬਾਰਾ ਜਗਾਏਗਾ, ਜਿਸ ਨਾਲ ਫਿਰੋਜ਼ਪੁਰ–ਖੇਮਕਰਣ ਦਾ ਫਾਸਲਾ 294 ਕਿ.ਮੀ. ਤੋਂ ਘਟ ਕੇ 110 ਕਿ.ਮੀ. ਰਹਿ ਜਾਵੇਗਾ। ਇਹ ਪੰਜਾਬ ਲਈ ਇਕ ਇਤਿਹਾਸਕ ਤੋਹਫ਼ਾ ਹੈ। ਨਵੀਂ ਰੇਲ ਲਾਈਨ ਜਲੰਧਰ–ਫਿਰੋਜ਼ਪੁਰ ਅਤੇ ਪੱਟੀ–ਖੇਮਕਰਣ ਰੂਟਾਂ ਨੂੰ ਜੋੜੇਗੀ, ਜਿਸ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ ਸਿੱਧਾ ਅਤੇ ਵਿਕਲਪੀ ਸੰਪਰਕ ਸਥਾਪਤ ਹੋਵੇਗਾ, ਜਿਸ ਨਾਲ ਫੌਜੀ ਜਵਾਨਾਂ, ਸਮੱਗਰੀ ਅਤੇ ਸਪਲਾਈਜ਼ ਦੀ ਤੇਜ਼ ਗਤੀ ਨਾਲ ਆਵਾਜਾਈ ਸੰਭਵ ਹੋਵੇਗੀ। Indian Railways News
ਭਾਜਪਾ ਆਗੂ ਰਾਣਾ ਸੋਢੀ ਨੇ ਕੀਤਾ ਧੰਨਵਾਦ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਾਲ ਰੇਲ ਲਿੰਕ ਬਣਨ ਨਾਲ ਫਿਰੋਜ਼ਪੁਰ ਵਿੱਚ ਸੈਰ-ਸਪਾਟਾ ਵੀ ਵਧੇਗਾ। ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂ ਹੁਣ ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਸਮੇਤ ਹੋਰ ਸੈਰ-ਸਪਾਟਾ ਸਥਾਨ ਵੀ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇਹ 764 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ ਜਿਨ੍ਹਾਂ ਲੋਕਾਂ ਤੋਂ ਜ਼ਮੀਨ ਲਈ ਜਾਵੇਗੀ, ਉਨ੍ਹਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹੀ ਦਿਨੀਂ ਪੰਜਾਬ ਅਤੇ ਖ਼ਾਸ ਕਰਕੇ ਫਿਰੋਜ਼ਪੁਰ ਨੂੰ ਰੇਲਵੇ ਵੱਲੋਂ ਕਈ ਵੱਡੇ ਪ੍ਰੋਜੈਕਟ ਮਿਲ ਰਹੇ ਹਨ, ਜਿਸ ਲਈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ ਹੈ।














