ਅਲੋਪ ਹੋ ਗਿਆ ਚਿੱਠੀਆਂ ਦਾ ਜ਼ਮਾਨਾ

Letters

ਗੱਲ 1987-88 ਸੰਨ ਦੀ ਹੈ, ਮੈਂ ਉਸ ਟਾਈਮ ਦਸਵੀਂ ਕਲਾਸ ਪਾਸ ਕਰਕੇ ਗਿਆਰਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਸੀ ਮੈਂ ਪੜ੍ਹਨ ’ਚ ਕਾਫੀ ਹੁਸ਼ਿਆਰ ਸੀ। ਪੜ੍ਹਨ ਦੇ ਨਾਲ-ਨਾਲ ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀ ਜਿਵੇਂ ਫੁੱਟਬਾਲ, ਕਬੱਡੀ, ਵਾਲੀਬਾਲ ਮੇਰਾ ਸਕੂਲ ਪਿੰਡ ਤੋਂ ਚਾਰ-ਪੰਜ ਕਿਲੋਮੀਟਰ ਦੀ ਦੂਰੀ ’ਤੇ ਸੀ। ਅਸੀਂ ਚਾਰ ਜਣੇ ਇੱਕ ਕਲਾਸ ’ਚ ਪੜ੍ਹਦੇ ਸੀ, ਸਾਈਕਲ ਸਾਡੇ ਕੋਲ ਦੋ ਹੁੰਦੇ ਸਨ, ਜਿਸ ਦਿਨ ਪਿਤਾ ਜੀ ਨੂੰ ਕੋਈ ਕੰਮ ਹੋਵੇ ਉਸ ਦਿਨ ਸਕੂਲ ਪੈਦਲ ਹੀ ਜਾਣਾ ਪੈਂਦਾ ਸੀ। ਗਿਆਰਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਦਿਨ ਕੀ ਹੋਇਆ ਕਿ ਲੁਧਿਆਣੇ ਉੱਚੇ ਪੁਲ ਦੇ ਕੋਲ ਫੌਜੀ ਛਾਉਣੀ ’ਚ ਭਰਤੀ ਸੀ, ਅਸੀਂ ਸਾਰੇ ਜਣਿਆਂ ਨੇ ਸਕੀਮ ਬਣਾਈ ਕਿ ਭਰਤੀ ਵੇਖਣ ਚੱਲੀਏ। ਅਗਲੇ ਦਿਨ ਅਸੀਂ ਸਵੇਰੇ ਹੀ ਸਾਈਕਲਾਂ ਉੱਪਰ ਲੁਧਿਆਣੇ ਭਰਤੀ ਵੇਖਣ ਚਲੇ ਗਏ। (Letters)

ਸਾਡੇ ਪਿੰਡ ਰੋਡਵੇਜ ਦੀ ਬੱਸ ਸਵਾ ਸੱਤ ਵਜੇ ਸਵੇਰੇ ਅਤੇ ਸ਼ਾਮ ਨੂੰ ਸੱਤ ਵਜੇ ਦਿਨ ਵਿਚ ਦੋ ਵਾਰ ਹੀ ਆਉਂਦੀ ਸੀ। ਅਸੀਂ ਆਪਣੇ ਸਰਟੀਫਿਕੇਟ ਲੈ ਕੇ ਫੌਜੀ ਛਾਉਣੀ ਦੇ ਅੰਦਰ ਚਲੇ ਗਏ। ਜਾਂਦਿਆਂ ਹੀ ਸਾਡੇ ਡਾਕੂਮੈਂਟ ਚੈੱਕ ਹੋਏ, ਫਿਰ ਸਾਡਾ ਵਜਨ ਤੋਲਿਆ ਗਿਆ, ਕੱਦ-ਛਾਤੀ, ਉਸ ਤੋਂ ਬਾਅਦ ’ਚ ਇੱਕ ਵੱਡੇ ਸਾਰੇ ਗਰਾਊਂਡ ’ਚ ਚੱਕਰ ਲਾਉਣੇ ਸੀ, ਉੱਥੇ ਦੌੜ ਲਈ ਲੈ ਗਏ। ਚਾਲੀ ਮੁੰਡੇ ਇਕੱਠੇ ਹੀ ਛੱਡ ਦਿੱਤੇ ਮੈਂ ਸਪੋਰਟਸਮੈਨ ਹੋਣ ਕਰਕੇ ਸਾਰਿਆਂ ਤੋਂ ਮੂਹਰੇ ਆਇਆ ਬੱਸ ਫਿਰ ਸਾਨੂੰ ਪਹਿਲੇ ਤਿੰਨ ਮੁੰਡਿਆਂ ਨੂੰ ਫੌਜ ਵਾਲੇ ਬਾਂਹਾਂ ਤੋਂ ਫੜ ਕੇ ਲੈ ਗਏ। ਮੇਰੇ ਕੋਲ ਫੁੱਟਬਾਲ, ਵਾਲੀਬਾਲ ਦੇ ਸਟੇਟ ਲੇਬਲ ਦੇ ਸਰਟੀਫਿਕੇਟ ਵੀ ਸਨ। ਉਸ ਤੋਂ ਬਾਅਦ ’ਚ ਫੌਜ ਵਾਲਿਆਂ ਦਾ ਇੱਕ ਤੰਬੂ ਲਾਇਆ ਹੋਇਆ ਸੀ ਜਿਸ ’ਚ ਸਾਡੀ ਡਾਕਟਰੀ ਹੋਈ ਡਾਕਟਰ ਸਾਹਿਬ ਨੇ ਇੱਕ ਕਿਤਾਬ ਦੇ ’ਚੋਂ ਸੁਨਹਿਰੀ ਰੰਗ ਦੇ ਅੱਖਰ ਪੜ੍ਹਾਏ ਫਿਰ ਸਾਡਾ ਲਿਖਤੀ ਟੈਸਟ ਹੋਇਆ ਤੇ ਸ਼ਾਮ ਨੂੰ ਕਹਿੰਦੇ ਬਈ ਤੁਸੀਂ ਭਰਤੀ ਹੋ ਗਏ ਹੋ। (Letters)

ਇਹ ਵੀ ਪੜ੍ਹੋ : ਲੋਕਾਂ ਦੇ ਖਾਤੇ ’ਚ ਠੱਗੀ ਦੇ ਪੈਸੇ ਫਰਾਂਸਫਰ ਕਰਕੇ ਕਢਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਆਪੋ-ਆਪਣੇ ਘਰ ਤੋਂ ਕੱਪੜੇ ਅਤੇ ਪੈਸੇ ਮੰਗਵਾ ਲਵੋ। ਫੌਜ ਦੀ ਛਾਉਣੀ ਦੇ ਕੋਲ ਹੀ ਮੇਰੀ ਭੈਣ ਦਾ ਘਰ ਸੀ ਮੇਰੇ ਜੀਜਾ ਜੀ ਨੂੰ ਮੈਂ ਦੱਸ ਦਿੱਤਾ ਕਿ ਮੈਂ ਭਰਤੀ ਹੋ ਗਿਆਂ, ਉਹ ਫਟਾਫਟ ਹੀ ਤਿਆਰ ਹੋਏ ਮੇਰੇ ਪਿੰਡ ਆ ਕੇ ਕੱਪੜੇ ਅਤੇ 300 ਰੁਪਏ ਲੈ ਕੇ ਵਾਪਸ ਆ ਗਏ। ਮੈਨੂੰ ਆ ਕੇ ਕਹਿਣ ਲੱਗੇ ਕਿ ਘਰ ਤਾਂ ਦਾਦੀ ਜੀ ਸਨ, ਬੇਬੇ ਤਾਂ ਕਿਸੇ ਦੇ ਘਰ ਗਈ ਹੋਈ ਸੀ ਮੇਰੀ ਛੋਟੀ ਭੈਣ ਨੇ ਕੱਪੜੇ ਕੱਢ ਕੇ ਦਿੱਤੇ ਅਤੇ ਉੱਚੀ-ਉੱਚੀ ਰੋਣ ਲੱਗ ਪਈ ਕਿ ਸਾਨੂੰ ਵੀਰ ਮਿਲ ਕੇ ਨਹੀਂ ਗਿਆ। ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਲੁਧਿਆਣੇ ਰੇਲਵੇ ਸਟੇਸ਼ਨ ’ਤੇ ਲੈ ਗਏ ਕੁੱਝ ਸਮੇਂ ਬਾਅਦ ਰੇਲਗੱਡੀ ਆਈ ਤੇ ਅਸੀਂ ਰੇਲ ਗੱਡੀ ’ਚ ਬੈਠ ਕੇ ਫੌਜ ਦੇ ਟ੍ਰੇਨਿੰਗ ਸੈਂਟਰ ਚਲੇ ਗਏ ਮੈਂ ਪਹਿਲੀ ਚਿੱਠੀ ਆਪਣੇ ਮਾਤਾ-ਪਿਤਾ ਨੂੰ ਲਿਖੀ ਟ੍ਰੇਨਿੰਗ ਕਰਨ ਤੋਂ ਬਾਅਦ ’ਚ ਮੈਂ ਆਪਣੀ ਯੂਨਿਟ ਦੇ ’ਚ ਅਰੁਣਾਚਲ ਪ੍ਰਦੇਸ਼ ਚਲਾ ਗਿਆ। (Letters)

ਉੱਥੇ ਜਾ ਕੇ ਸਾਡਾ ਰੀਫਰੈਸ ਕੇਡਰ ਚੱਲਿਆ। ਯੂਨਿਟ ਦੀ ਐਡਵਾਂਸ ਪਾਰਟੀ ਦਿੱਲੀ ਆ ਗਈ। ਦਿੱਲੀ ਯੂਨਿਟ ਆਉਣ ’ਤੇ ਮੇਰੀ ਨੌਕਰੀ ਦੋ ਸਾਲ ਪੰਜ ਮਹੀਨੇ ਹੋ ਗਈ ਸੀ ਮੈਂ ਦਿੱਲੀ ਤੋਂ ਬਾਅਦ ਇੱਕ ਮਹੀਨੇ ਦੀ ਛੁੱਟੀ ਆ ਗਿਆ ਮੈਂ ਘਰ ’ਚ ਦੋ ਭੈਣ-ਭਰਾਵਾਂ ਤੋਂ ਵੱਡਾ ਸੀ ਫਿਰ ਮੇਰੇ ਪਿੰਡ ਹੀ ਮੇਰੀ ਭਰਜਾਈ ਲੱਗਦੀ ਮਿੰਦੋ ਭਾਬੀ ਬੀਬੀ ਦੇ ਬੁਹਤ ਨਜਦੀਕ ਹੋਣ ਕਰਕੇ ਮੇਰਾ ਰਿਸ਼ਤਾ ਕਰਾ ਦਿੱਤਾ। ਮੈਂ ਛੁੱਟੀ ਕੱਟ ਕੇ ਵਾਪਿਸ ਯੂਨਿਟ ਦੇ ’ਚ ਵਾਪਸ ਚਲਾ ਗਿਆ ਦੋ ਮਹੀਨੇ ਬਾਅਦ ਹੀ ਮੈਂ ਵਾਪਿਸ ਸਤੰਬਰ ਮਹੀਨੇ ਦੇ ’ਚ ਛੁੱਟੀ ਆ ਗਿਆ ਮੇਰਾ ਵਿਆਹ ਕਰ ਦਿੱਤਾ ਗਿਆ ਵਾਪਿਸ ਮੈਂ ਛੁੱਟੀ ਕੱਟ ਕੇ ਦਿੱਲੀ ਚਲਾ ਗਿਆ ਉਸ ਟਾਈਮ ਕੋਈ ਟੈਲੀਫੋਨ ਦੀ ਸੁਵਿਧਾ ਨਹੀਂ ਸੀ। ਮੇਰੀ ਘਰਵਾਲੀ ਸੁਖਮਿੰਦਰ ਕੌਰ ਦੀ ਜਦੋਂ ਮੈਨੂੰ ਚਿੱਠੀ ਆਉਂਦੀ ਆਪਣੇ ਬਕਸੇ ਦੇ ’ਚ ਚਿੱਠੀ ਸਾਂਭ ਕੇ ਰੱਖਣੀ ਉਸ ਤੋਂ ਬਾਅਦ ਦੇ ’ਚ ਲੈਂਡਲਾਈਨ ਟੈਲੀਫੋਨ ਆ ਗਏ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਾ

ਸਾਡੇ ਪਿੰਡ ਦੇ ’ਚ ਸਰਪੰਚ ਦੇ ਘਰ ਫੋਨ ਹੁੰਦਾ ਸੀ ਘਰ ਤੋਂ ਪੰਦਰਾਂ ਮਿੰਟ ਲੱਗਦੇ ਸਨ ਜਦੋਂ ਅਸੀਂ ਯੂਨਿਟ ਦੇ ’ਚ ਐਤਵਾਰ ਵਾਲੇ ਦਿਨ ਬਾਹਰ ਬਜਾਰ ਆਊਟ ਪਾਸ ਜਾਂਦੇ ਸੀ, ਉਸ ਟਾਈਮ ਘਰੇ ਐਸਟੀਡੀ ਤੋਂ ਟੈਲੀਫੋਨ ਕਰਦੇ ਹੁੰਦੇ ਸੀ ਉਸ ਉੱਪਰ ਵੀ ਭੀੜ ਬਹੁਤ ਹੁੰਦੀ ਸੀ ਸਾਰੀਆਂ ਯੂਨਿਟਾਂ ਦੇ ਫੌਜੀ ਆਊਟ ਪਾਸ ਆਉਂਦੇ ਸਨ ਜਦੋਂ ਘਰ ਫੋਨ ਮਿਲਾਉਣਾ ਫਿਰ 15-20 ਮਿੰਟ ਬਾਅਦ ਫੋਨ ਕੱਟਦਾ ਸੀ ਕਈ ਵਾਰ ਲਾਈਨ ਬਿਜੀ ਹੋ ਜਾਣੀ ਫਿਰ ਘਰਦਿਆਂ ਤੋਂ ਸੁੱਖ-ਸਾਂਦ ਦਾ ਪਤਾ ਲੱਗਣਾ। ਮੇਰੀ ਮਾਤਾ ਜੀ ਤਾਂ ਫੋਨ ਉੱਪਰ ਮੈਨੂੰ ਅਸੀਸਾਂ ਦਿੰਦੀ ਨਹੀਂ ਸੀ ਥੱਕਦੀ ਅਤੇ ਕਹਿ ਦਿੰਦੀ, ‘‘ਪੁੱਤ ਜਦੋਂ ਤੂੰ ਛੁੱਟੀ ਆਵੇਂਗਾ ਆਪਣੀ ਮੱਥੇ ਫੁੱਲੀ ਮੱਝ ਸੂ ਪਵੇਗੀ, ਸੁੱਖ ਨਾਲ ਦੁੱਧ ਹੋ ਜਾਵੇਗਾ। ਐਤਕੀਂ ਪੁੱਤ ਮੈਂ ਤੇਰੇ ਲਈ ਖੋਆ ਮਾਰਕੇ ਵੀ ਰੱਖਾਂਗੀ।’’ (Letters)

ਫਿਰ ਸੁਖਮਿੰਦਰ ਦੇ ਨਾਲ ਮੇਰੀ ਗੱਲਬਾਤ ਸ਼ੁਰੂ ਹੋਣੀ ਦਸ-ਪੰਦਰਾਂ ਮਿੰਟ ਗੱਲ ਕਰ ਲੈਣੀ ਉਸ ਦਿਨ ਇਸ ਤਰ੍ਹਾਂ ਲੱਗਣਾ ਕਿ ਜਿਵੇਂ ਘਰ ਛੁੱਟੀ ਚਲਾ ਗਿਆ ਹੋਵਾਂ। ਫਿਰ ਯੂਨਿਟ ਜੰਮੂ ਕਸ਼ਮੀਰ ਚਲੀ ਗਈ, ਉਸ ਉੱਪਰ ਪੋਸਟਾਂ ’ਤੇ ਰਹਿਣ ਕਰਕੇ ਚਿੱਠੀਆਂ ’ਤੇ ਹੀ ਨਿਰਭਰ ਰਹਿਣ ਪੈਂਦਾ ਸੀ। ਸਾਨੂੰ ਉਸ ਟਾਈਮ ਇੱਕ ਲਾਲ ਲਿਫਾਫਾ, ਇੱਕ ਹਰਾ ਲਿਫਾਫਾ ਮਿਲਦਾ ਹੁੰਦਾ ਸੀ ਲਾਲ ਲਿਫਾਫੇ ’ਤੇ ਸੀਨੀਅਰ ਜੇਸੀੳ ਸਾਹਿਬ ਦੇ ਸਾਈਨ ਹੁੰਦੇ ਸੀ, ਚਿੱਠੀ ਪੜ੍ਹ ਕੇ ਫਿਰ ਸਾਹਿਬ ਸਾਈਨ ਕਰਦਾ ਸੀ। ਉਹ ਚਿੱਠੀ ਤੀਸਰੇ ਦਿਨ ਘਰ ਪਹੁੰਚ ਜਾਂਦੀ ਸੀ ਹਰਾ ਲਿਫਾਫਾ ਘਰ ਕਈ ਦਿਨਾਂ ਬਾਅਦ ਮਿਲਦਾ ਸੀ ਉਸ ਉੱਪਰ ਸਾਈਨ ਨਹੀਂ ਸੀ ਹੁੰਦੇ ਜਦੋਂ ਵੀ ਡਾਕ ਲੈਣ ਗਏ ਸਾਡੇ ਸਾਥੀ ਨੇ ਆਉਣਾ ਅਸੀਂ ਉਸ ਦੇ ਕੋਲ ਇਕੱਠ ਕਰ ਲੈਣਾ ਕਿ ਮੇਰੀ ਚਿੱਠੀ ਆਈ ਤਾਂ ਨਹੀਂ? (Letters)

ਇਹ ਵੀ ਪੜ੍ਹੋ : ਜ਼ਿਲ੍ਹੇ ’ਚੋਂ ਡੇਂਗੂ ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ, 11 ਡੇਂਗੂ ਪਾਜ਼ਿਟਿਵ ਕੇਸ ਮਿਲੇ

ਇਸ ਤਰ੍ਹਾਂ ਚਿੱਠੀ ਦਾ ਅਨੰਦ ਹੀ ਵੱਖਰਾ ਸੀ। ਉਸ ਤੋਂ ਬਾਅਦ ਮੋਬਾਈਲ ਆ ਗਿਆ ਯੂਨਿਟ ਵੀ ਪਠਾਨਕੋਟ ਆ ਗਈ ਬੱਸ ਫਿਰ ਕੀ ਸੀ ਉਦੋਂ ਪੰਜਾਬੀ ਗਾਣਾ ਆਇਆ ਸੀ- ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ ਜਦੋਂ ਦਾ ਟੈਲੀਫੋਨ ਲੱਗਿਆ। ਹੁਣ ਤਾਂ ਟੱਚ ਮੋਬਾਇਲ ਆ ਗਏ ਹਨ ਵੀਡੀਓ ਕਾਲ ਹੁੰਦੀ ਹੈ ਜਦੋਂ ਮਰਜੀ ਗੱਲ ਕਰੋ ਪਰ ਅਫਸੋਸ ਹੁਣ ਤਾਂ ਪਰੇਸ਼ਾਨੀਆਂ ਜ਼ਿਆਦਾ ਵਧ ਗਈਆਂ ਹਨ ਘਰ ਦੇ ’ਚ ਕੋਈ ਮਾੜੀ-ਮੋਟੀ ਗੱਲ ਹੋ ਜਾਵੇ ਤਾਂ ਉਹ ਅੱਗ ਵਾਂਗੂੰ ਫੈਲ ਜਾਂਦੀ ਹੈ ਉਸੇ ਟਾਈਮ ਹੀ ਸਭ ਤੱਕ ਪਹੁੰਚ ਜਾਂਦੀ ਹੈ, ਪਰ ਚਿੱਠੀਆਂ ਦੇ ਸਮੇਂ ਮਹੀਨੇ ਤੱਕ ਪਤਾ ਨਹੀਂ ਸੀ ਲੱਗਦਾ ਉਦੋਂ ਤੱਕ ਰਿਸ਼ਤੇਦਾਰੀ ’ਚ ਤੇ ਘਰ ’ਚ ਗਿਲੇ-ਸ਼ਿਕਵੇ ਖਤਮ ਹੋ ਜਾਂਦੇ ਸਨ। ਮੇਰੇ ਕੋਲ ਪੁਰਾਣੀਆਂ ਕਈ ਚਿੱਠੀਆਂ ਅਜੇ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ। (Letters)

ਹੁਣ ਮੋਬਾਈਲ ’ਤੇ ਸਵੇਰੇ ਗੁੱਡ ਮੋਰਨਿੰਗ, ਅਤੇ ਰਾਤ ਨੂੰ ਗੁੱਡ ਨਾਈਟ ਕਹਿਣ ਤੋਂ ਬਿਨਾਂ ਵੀ ਮੈਸੇਜ ਬਹੁਤ ਆਉਂਦੇ ਹਨ ਪਰ ਰਿਸ਼ਤੇਦਾਰੀਆਂ ’ਚ, ਘਰਾਂ ’ਚ ਉਹ ਪਿਆਰ-ਮੁਹੱਬਤ ਨਹੀਂ ਦਿਸਦਾ ਜੋ ਪਹਿਲਾਂ ਦੇ ਸਮੇਂ ਚਿੱਠੀਆਂ ਵੇਲੇ ਸੀ ਵਿਆਹ-ਸ਼ਾਦੀ ਦੇ ਕਾਰਡ ਵੀ ਵਿਚੋਲਾ ਦੇ ਕੇ ਆਉਂਦਾ ਹੁੰਦਾ ਸੀ। ਲੋਕ ਵਿਆਹ ਦੇ ਕਾਰਡ ਨੂੰ ਬਹੁਤ ਚਾਅ ਦੇ ਨਾਲ ਸਾਂਭ ਕੇ ਰੱਖਦੇ ਸਨ। ਹੁਣ ਤਾਂ ਮੋਬਾਇਲ ’ਤੇ ਹੀ ਕਾਰਡ ਭੇਜ ਦਿੰਦੇ ਹਨ। ਇਸ ਲਈ ਹੁਣ ਲੋਕਾਂ ’ਚ ਪਹਿਲਾਂ ਵਾਂਗ ਮੋਹ-ਪਿਆਰ ਨਹੀਂ ਰਿਹਾ ਹੌਲੀ-ਹੌਲੀ ਘੱਟ ਗਿਆ ਹੈ ਬਹੁਤ ਹੀ ਜਲਦੀ ਦੇ ਨਾਲ ਇਹ ਟੈਕਨਾਲੋਜੀ ਆਈ ਹੈ ਬੱਸ ਸਾਰੇ ਹੀ ਰਿਸ਼ਤੇ-ਨਾਤੇ ਫਿੱਕੇ ਪੈ ਗਏ ਹਨ ਕਾਸ਼! ਉਹ ਦਿਨ ਦੁਬਾਰਾ ਆ ਜਾਣ! (Letters)