ਜੀਐੱਮ ਖੁਰਾਕੀ ਪਦਾਰਥਾਂ ਦੀ ਘੁਸਪੈਠ ਤੇ ਖੇਤੀ ਸੰਕਟ

GMfood, Intrusion, Agrarian, Crisis

ਡਾ: ਅਜੀਤਪਾਲ ਸਿੰਘ ਐਮਡੀ 

ਭਾਰਤ ਵਿੱਚ ਭਾਵੇਂ ਬੀਟੀ ਕਪਾਹ ਤੋਂ ਬਾਅਦ ਹੋਰ ਕਿਸੇ ਵੀ ਜੀਐਮ (ਜੈਨੇਟੀਕਲੀ ਮੋਡੀਫਾਈਡ) ਫ਼ਸਲ ਦੀ ਖੇਤੀ ਕਰਨ ਜਾਂ ਉਤਪਾਦ ਦਾ ਵਪਾਰ ਕਰਨ ‘ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਵੀ ਵੱਡੀ ਮਾਤਰਾ ਵਿੱਚ ਕਾਰਪੋਰੇਟ ਕੰਪਨੀਆਂ ਦੇ ਜੀਐੱਮ ਉਤਪਾਦ ਭਾਰਤ ਵਿੱਚ ਵੇਚੇ ਜਾ ਰਹੇ ਹਨ ਤੇ ਵਿਦੇਸ਼ਾਂ ਤੋਂ ਇਸ ਦੀ ਦਰਾਮਦ ਵੀ ਕੀਤੀ ਜਾ ਰਹੀ ਹੈ। ਇਹ ਵਸਤਾਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੀਆਂ ਵੀ ਜਾ ਰਹੀਆਂ ਹਨ। ਪਿੱਛੇ ਜਿਹੇ ਹੀ ਦਿੱਲੀ ਸਥਿਤ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀਐੱਸਈ) ਦੇ ਖੋਜੀਆਂ ਨੇ 65 ਖੁਰਾਕੀ ਵਸਤਾਂ ਵਿਚ ਹਾਨੀਕਾਰਕ ਪਦਾਰਥਾਂ ਦੀ ਜਾਂਚ ਕੀਤੀ ਇਨ੍ਹਾਂ ਵਿੱਚ ਰੋਜ਼ਾਨਾ ਇਸਤੇਮਾਲ ਹੋਣ ਵਾਲਾ ਬਨਸਪਤੀ ਤੇਲ, ਸਰ੍ਹੋਂ ਦਾ ਤੇਲ, ਕਪਾਹ ਤੇ ਨਵਜਾਤ ਬੱਚੇ ਦਾ ਖਾਣਾ ਆਦਿ ਸ਼ਾਮਿਲ ਹਨ। ਜਾਂਚ ਵਿੱਚ ਇਨ੍ਹਾਂ ਖੁਰਾਕੀ ਪਦਾਰਥਾਂ ਵਿੱਚ ਜੀਐਮ ਉਤਪਾਦ ਪਾਏ ਗਏ।

ਦੁਨੀਆਂ ਭਰ ‘ਚ ਕੀਤੇ ਗਏ ਅਧਿਐਨ ਵਿੱਚ ਜੀਐਮ ਫ਼ਸਲਾਂ ਨੂੰ ਵਾਤਾਵਰਨ ਅਤੇ ਮਨੁੱਖੀ ਸਿਹਤ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਭਾਰਤ ਸਮੇਤ ਪੂਰੀ ਦੁਨੀਆਂ ਚ ਇਨ੍ਹਾਂ ਦੀ ਵਿਕਰੀ-ਖਰੀਦ ਅਤੇ ਖੇਤੀ ਗੈਰਕਾਨੂੰਨੀ ਰੂਪ ਵਿੱਚ ਕੀਤੀ ਜਾ ਰਹੀ ਹੈ। ਭਾਰਤ ‘ਚ ਜੀਐੱਮ ਵਸਤਾਂ ਦੀ ਘੁਸਪੈਠ ਨੂੰ ਕਾਨੂੰਨੀ ਜਾਮਾ ਪਹਿਨਾਉਣ ਦਾ ਕੰਮ 1990 ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਵਾਤਾਵਰਨ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਤਹਿਤ ਗਠਿਤ ਕੀਤੀ ਗਈ ਜੈਨੇਟਿਕ ਇੰਜੀਨੀਅਰਿੰਗ ਮੁਲਾਂਕਣ ਸੰਮਤੀ ਨੇ ਬੀਟੀ ਬੈਂਗਣ ਤੇ ਜੀਐੱਮ ਸਰ੍ਹੋਂ ਦੇ ਵਪਾਰਕ ਉਤਪਾਦ ਦੀ ਇਜ਼ਾਜਤ ਦੇ ਦਿੱਤੀ ਸੀ। ਅੱਜ ਜੀ ਐਮ ਸਰ੍ਹੋਂ ਸਾਡੇ ਭੋਜਨ ਦਾ ਹਿੱਸਾ ਹੈ, ਜਿਸ ਦਾ ਸਾਨੂੰ ਕੋਈ ਪਤਾ ਵੀ ਨਹੀਂ ਹੈ। ਅੱਜ ਭਾਰਤ ਵਿੱਚ ਮੌਜੂਦ ਜੀਐੱਮ ਖੁਰਾਕੀ ਪਦਾਰਥਾਂ ਵਿੱਚ ਅੱਸੀ ਫੀਸਦੀ ਪਦਾਰਥ ਦਰਾਮਦ ਕੀਤੇ ਹੋਏ ਹਨ। ਇਹ ਪਦਾਰਥ ਅਮਰੀਕਾ, ਕੈਨੇਡਾ, ਨੀਦਰਲੈਂਡ ਆਦਿ ਦੇਸ਼ਾਂ ਦੀਆਂ ਕੰਪਨੀਆਂ ਦੇ ਹਨ। ਦੇਸ਼ ਵਿੱਚ ਜੀਐਮ ਵਸਤਾਂ ਦੀ ਦਰਾਮਦ ਲਈ ਦੋ ਪੈਮਾਨਿਆਂ ਨੂੰ ਪੂਰਾ ਕਰਨਾ ਹੁੰਦਾ ਹੈ, ਪਹਿਲਾ, ਵਾਤਾਵਰਨ ਸੁਰੱਖਿਆ ਐਕਟ 1986 ਦੇ ਤਹਿਤ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਦਰਾਮਦ ਕੀਤੇ ਜੀਐੱਮ ਉਤਪਾਦ ਤੋਂ ਵਾਤਾਵਰਨ ਨੂੰ ਕੋਈ ਖਤਰਾ ਤਾਂ ਨਹੀਂ ਹੈ। ਦੂਜਾ, ਖੁਰਾਕ ਸੁਰੱਖਿਆ ਐਕਟ 2006 ਦੇ ਤਹਿਤ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਇਨ੍ਹਾਂ ਉਤਪਾਦਾਂ ਦਾ ਮਨੁੱਖੀ ਸਿਹਤ ‘ਤੇ ਕੋਈ ਮਾੜਾ ਅਸਰ ਤਾਂ ਨਹੀਂ ਹੈ ਪਰ ਇਨ੍ਹਾਂ ਪੈਮਾਨਿਆਂ ਨੂੰ ਨਜ਼ਰਅੰਦਾਜ਼ ਕਰਕੇ ਇਸ ਦੀ ਦਰਾਮਦ ਬੇਰੋਕ ਜਾਰੀ ਹੈ। ਵਿਸ਼ਵ ਸਿਹਤ ਸੰਸਥਾ ਅਤੇ ਸੰਯੁਕਤ ਰਾਸ਼ਟਰ ਖੇਤੀ ਤੇ ਸਿਹਤ ਸੰਗਠਨ ਦੀ ਇੱਕ ਸਹਿਯੋਗੀ ਸੰਸਥਾ ਕੋਡੇਕਸ ਐਲੀਮੈਂਟੋਰੀਮ ਨੇ ਜੀਐੱਮ ਵਸਤਾਂ ਨਾਲ ਸਬੰਧਤ ਖਤਰਿਆਂ ‘ਤੇ ਇੱਕ ਰਿਪੋਰਟ ਤਿਆਰ ਕੀਤੀ। ਇਸ ਰਿਪੋਰਟ ਅਨੁਸਾਰ ਜੀਐੱਮ ਵਸਤਾਂ ਖ਼ੁਦ ਤਾਂ ਜ਼ਹਿਰ ਦੀ ਸ਼ਕਲ ਅਖਤਿਆਰ ਕਰ ਹੀ ਸਕਦੀਆਂ ਹਨ, ਨਾਲ ਹੀ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਨੂੰ ਪੈਦਾ ਕਰਨ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ ਜੇਕਰ ਇਨ੍ਹਾਂ ਦੇ ਜੀਨ ਸਰੀਰ ਦੇ ਸੈੱਲਾਂ ਜਾਂ ਅੰਤੜੀਆਂ ਵਿੱਚ ਰਹਿਣ ਵਾਲੇ ਸੂਖ਼ਮ ਜੀਵਾਂ ਨਾਲ ਮਿਲ ਜਾਣ ਤਾਂ ਆਉਣ ਵਾਲੀ ਪੀੜ੍ਹੀਆਂ ਵਿੱਚ ਅਧਰੰਗ ਦਾ ਖਤਰਾ ਬਣ ਸਕਦਾ ਹੈ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਘਟ ਸਕਦੀ ਹੈ। ਜੀਐਮ ਵਸਤਾਂ ਦੀ ਬਰਾਮਦ ਕਰਨ ਵਾਲੀਆਂ ਜ਼ਿਆਦਾਤਰ ਕੰਪਨੀਆਂ ਅਮਰੀਕੀ ਹਨ। ਭਾਰਤੀ ਕੰਪਨੀਆਂ ਦੀ ਉਹਨਾਂ ਨਾਲ ਸਾਂਝੀਦਾਰੀ ਹਨ।

ਜੀ ਐਮ ਬੀਜਾਂ ਦੇ ਵਿਰੋਧ ਦੇ ਕਈ ਕਾਰਨ ਹਨ। ਜੀਐਮ ਬੀਜ ਨੂੰ ਪਰਿਵਰਤਿਤ ਬੀਜ ਵੀ ਕਹਿੰਦੇ ਹਨ। ਜੀਐੱਮ ਇਹੋ-ਜਿਹੇ ਬੀਜ ਹਨ ਜਿਨ੍ਹਾਂ ਵਿੱਚ ਦੋ ਵੱਖ ਵੱਖ ਜੀਵਾਂ ਦੇ ਅੰਸ਼ਾਂ ਨੂੰ ਮਿਲਾ ਕੇ ਇੱਕ ਨਵੇਂ ਜੀਵ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਵੇਂ ਬੀਟੀ ਕਪਾਹ, ਬੀਟੀ ਬੈਂਗਣ ਤੇ ਬੀਟੀ ਝੋਨੇ ਵਿੱਚ ਬੀਟੀ ਬੈਕਟੀਰੀਆ ਦਾ ਅੰਸ਼ ਛੁਪਾ ਦਿੱਤਾ ਜਾਂਦਾ ਹੈ। ਇਹ ਜੀਐੱਮ ਤਕਨੀਕ ਜੀਵਤ ਪ੍ਰਾਣੀਆਂ ਨੂੰ ਪੈਦਾ ਕਰਨ ਦਾ ਗੈਰ-ਕੁਦਰਤੀ ਤਰੀਕਾ ਹੈ। ਇਸ ਤਰੀਕੇ ਨਾਲ ਤਿਆਰ ਪੌਦੇ ਦੂਸਰੀਆਂ ਪ੍ਰਜਾਤੀਆਂ, ਮਿੱਟੀ ਤੇ ਪੂਰੇ ਵਾਤਾਵਰਨ ‘ਤੇ ਕਿੰਨਾ ਖਰਾਬ ਅਸਰ ਪਾਉਣਗੇ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਡੀਡੀਟੀ ਜਾਂ ਫੈਕਟਰੀਆਂ ਦੁਆਰਾ ਤਿਆਰ ਕੀਤੇ ਰਸਾਇਣਾਂ ਦਾ ਉਤਪਾਦਨ ਤਾਂ ਰੋਕਿਆ ਜਾ ਸਕਦਾ ਹੈ ਪਰ ਜੀਐੱਮ ਬੀਜ ਜੇ ਇੱਕ ਵਾਰੀ ਹਵਾ ‘ਚ, ਖੇਤਾਂ ਚ ਚਲਾ ਜਾਵੇ ਤਾਂ ਉਸ ਨੂੰ ਕਦੀ ਵੀ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਜੀਐੱਮ ਬੀਜਾਂ ਦੀ ਵਜ੍ਹਾ ਕਰਕੇ ਸਾਡੇ ਦੇਸ਼ ਦੇ 2500 ਦੇਸੀ ਬੀਜਾਂ ਦੇ ਖ਼ਤਮ ਹੋਣ ਦਾ ਵੀ ਖਤਰਾ ਹੈ।

ਜੀਐਮ  ਫਸਲਾਂ ਲਈ ਨਦੀਨ ਨਾਸ਼ਕ ਦੀ ਵਰਤੋਂ ਹੁੰਦੀ ਹੈ ਜੋ ਬੇਹੱਦ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਸ਼ਾਖਾ ਨੇ ਆਪਣੀ ਰਿਪੋਟ ‘ਚ ਕਿਹਾ ਹੈ ਕਿ ਜੀਐੱਮ ਫ਼ਸਲਾਂ ਦੇ ਹੇਠਾਂ ਉੱਗਣ ਵਾਲੇ ਨਦੀਨਾਂ ਨੂੰ ਖ਼ਤਮ ਕਰਨ ਵਾਲੇ ਨਦੀਨਨਾਸ਼ਕਾਂ ਵਿੱਚ ਗਲਾਈਫੋਸੇਟ ਹੁੰਦਾ ਹੈ ਜੋ ਕਿ ਕੈਂਸਰ ਪੈਦਾ ਕਰਦਾ ਹੈ। ਜੀ ਐੱਮ ਬੀਜ ਜਿਸ ਤਰ੍ਹਾਂ ਦੂਜੀਆਂ ਫ਼ਸਲਾਂ ਤੇ ਵਾਤਾਵਰਨ ਲਈ ਹਾਨੀਕਾਰਕ ਹਨ ਉਸੇ ਤਰ੍ਹਾਂ ਖੇਤ ਵਿੱਚ ਕੰਮ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਪਸ਼ੂਆਂ ਦੀ ਸਿਹਤ ਲਈ ਵੀ ਬੇਹੱਦ ਨੁਕਸਾਨਦੇਹ ਹਨ। ਇੱਕ ਹੋਰ ਅਧਿਐਨ ਅਨੁਸਾਰ ਜੀਐੱਮ ਫ਼ਸਲਾਂ ਦੇ ਨਾਲ ਅਜਿਹੇ ਨਦੀਨ ਵੀ ਤੇਜ਼ੀ ਨਾਲ ਉੱਭਰ ਰਹੇ ਹਨ ਜਿਨ੍ਹਾਂ ਨੂੰ ਨਸ਼ਟ ਕਰਨਾ ਬਹੁਤ ਹੀ ਮੁਸ਼ਕਿਲ ਹੈ,ਇਨ੍ਹਾਂ ਨੂੰ ਸੁਪਰ ਵੀਡਸ ਕਿਹਾ ਜਾਂਦਾ ਹੈ।ਅਮਰੀਕਾ ਚ ਲਗਭਗ 10.5 ਕਰੋੜ ਏਕੜ ਭੋਇੰ ਅਤੇ ਕੈਨੇਡਾ ਚ 10 ਲੱਖ ਏਕੜ ਭੋਇੰ ਵਿੱਚ ਇਹ ਸੁਪਰ ਵੀਡਸ/ਨਦੀਨ ਫੈਲ ਚੁੱਕੇ ਹਨ। ਵਿਕੀਲਿਕਸ ਅਨੁਸਾਰ 2007 ਵਿੱਚ ਪੈਰਿਸ ਸਥਿਤ ਦੂਤਾਵਾਸ ਨੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਸੀ ਕਿ ਜੀਐਮ ਫ਼ਸਲਾਂ ਦਾ ਵਿਰੋਧ ਕਰਨ ਵਾਲੇ ਯੂਰਪੀ ਯੂਨੀਅਨ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾਵੇ। ਇਸ ਪਿੱਛੋਂ 2008 ਵਿੱਚ ਅਮਰੀਕਾ ਤੇ ਸਪੇਨ ਨੇ ਯੂਰਪ ਦੇ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਧਾਉਣ ਦੀ ਸਾਜ਼ਿਸ਼ ਕੀਤੀ, ਯਾਨੀ ਇਹ ਕੰਪਨੀਆਂ ਆਪਣੇ ਮੁਨਾਫੇ ਲਈ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਡੇਗ ਵੀ ਸਕਦੀਆਂ ਹਨ ਤੇ ਫਿਰ ਵਧਾ ਸਕਦੀਆਂ ਹਨ।

ਅੱਜ ਜੀਐਮ ਬੀਜਾਂ ਦੇ ਵਪਾਰ ਵਿੱਚ ਵੱਡੀਆਂ ਦਸ ਕੰਪਨੀਆਂ ਦਾ ਪੰਤਾਲੀ ਫੀਸਦੀ ਕਬਜ਼ਾ ਹੈ। ਇਨ੍ਹਾਂ ਦਸ ਕੰਪਨੀਆਂ ਦਾ ਦੁਨੀਆਂ ਦੇ ਕੁੱਲ ਬੀਜ ਵਪਾਰ ਦੇ 67 ਫੀਸਦੀ ਹਿੱਸੇ ‘ਤੇ ਕੰਟਰੋਲ ਹੈ। ਜੋ ਉਹ ਪਰੋਸ ਰਹੀਆਂ ਹਨ ਅਸੀਂ ਖਾ ਰਹੇ ਹਾਂ ਇਹ ਅਦਿੱਖ ਗੁਲਾਮੀ ਦਾ ਸੰਕੇਤ ਵੀ ਹੈ।

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ, 
ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ