ਘਰਾਚੋਂ ‘ਚ ਲੁਟੇਰੇ ਏਟੀਐੱਮ ਮਸ਼ੀਨ ਹੀ ਪੁੱਟ ਲੈ ਗਏ
ਸੱਚ ਕਹੂੰ ਨਿਊਜ਼, ਭਵਾਨੀਗੜ੍ਹ
ਬੀਤੀ ਰਾਤ ਇੱਥੋਂ ਥੋੜ੍ਹੀ ਦੂਰ ਭਵਾਨੀਗੜ੍ਹ-ਸੁਨਾਮ ਮੁੱਖ ਸੜਕ ਤੇ ਸਥਿੱਤ ਪਿੰਡ ਘਰਾਚੋਂ ਵਿਖੇ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੀ ਏਟੀਐਮ ਮਸ਼ੀਨ ਪੁੱਟਕੇ ਲੈ ਗਏ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਸੰਗਰੂਰ ਅਤੇ ਭਵਾਨੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚਕੇ ਪੜਤਾਲ ‘ਚ ਜੁਟ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਕਰਮਚਾਰੀ ਨੇ ਏਟੀਐੱਮ ਦੇ ਜਿੰਦਰੇ ਟੁੱਟਣ ਸਬੰਧੀ ਉਸਨੂੰ ਫੋਨ ਕਰਕੇ ਦੱਸਿਆ। ਇਸ ਉਪਰੰਤ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੈਂਕ ਅਧਿਕਾਰੀ ਨੇ ਦੱਸਿਆ ਕਿ ਰਾਤ ਸਮੇਂ ਏਟੀਐੱਮ ਬੰਦ ਹੋਣ ਕਰਕੇ ਲੁਟੇਰਿਆਂ ਨੇ ਏਟੀਐੱਮ ਮਸ਼ੀਨ ਵਾਲੇ ਸ਼ਟਰ ਦੇ ਜਿੰਦਰੇ ਗੈਸ ਕਟਰ ਨਾਲ ਕੱਟਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਏਟੀਐੱਮ ਮਸ਼ੀਨ, ਜਿਸ ਵਿੱਚ 17300 ਰੁਪਏ ਸਨ ਨੂੰ ਪੁੱਟਕੇ ਲੈ ਗਏ।
ਘਟਨਾ ਸਥਾਨ ‘ਤੇ ਪਹੁੰਚੇ ਹਰਿੰਦਰ ਸਿੰਘ ਐੱਸਪੀ (ਡੀ) ਸੰਗਰੂਰ ਤੇ ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਤੇ ਫਿਰ ਗੈਸ ਕਟਰ ਨਾਲ ਜਿੰਦਰੇ ਤੋੜਕੇ ਅੰਦਰ ਦਖਲ ਹੁੰਦਿਆਂ ਹੀ ਅੰਦਰਲਾ ਸੀਸੀਟੀਵੀ ਕੈਮਰਾ ਵੀ ਤੋੜ ਦਿੱਤਾ। ਇਸ ਉਪਰੰਤ ਲੁਟੇਰੇ ਏਟੀਐੱਮ ਮਸ਼ੀਨ ਨੂੰ ਪੁੱਟਕੇ ਨਕਦੀ ਸਮੇਤ ਲੈ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਦੇ ਬਾਹਰ ਚਾਰ ਪਹੀਆਂ ਵਾਲੇ ਵਹੀਕਲਾਂ ਦੇ ਟਾਇਰਾਂ ਦੇ ਨਿਸ਼ਾਨ ਤੋਂ ਅੰਦਾਜ਼ਾ ਲੱਗਦਾ ਹੈ ਕਿ ਉਹ ਮਸ਼ੀਨ ਨੂੰ ਕਿਸੇ ਵਾਹਨ ਰਾਹੀਂ ਲੈਕੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਕੇ ਪੜਤਾਲ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।