ਸ਼ੰਭੂ ਬਾਰਡਰ ’ਤੇ ਧਰਨੇ ਨੇੜੇ ਪੰਜਾਬ ਦੀ ਹੱਦ ’ਚ ਹਰਿਆਣਾ ਪ੍ਰਸ਼ਾਸਨ ਨੇ ਚਿਪਕਾਇਆ ਨੋਟਿਸ | Farmer News
Farmer News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੀ ਹੱਦ ਅੰਦਰ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਨੇੜੇ ਪੰਜਾਬ ਵਾਲੇ ਪਾਸੇ ਹਰਿਆਣਾ ਪ੍ਰਸ਼ਾਸਨ ਵੱਲੋਂ ਧਾਰਾ 144 ਲੱਗੇ ਹੋਣ ਦਾ ਨੋਟਿਸ ਚਿਪਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਇਸ ਨੋਟਿਸ ਰਾਹੀਂ ਕਿਸਾਨਾਂ ਨੂੰ ਆਖਿਆ ਗਿਆ ਹੈ ਕਿ ਜੇਕਰ ਕੋਈ ਧਰਨੇ ਪ੍ਰਦਰਸ਼ਨ ਲਈ ਦਿੱਲੀ ਜਾਣਾ ਹੈ ਤਾਂ ਦਿੱਲੀ ਪੁਲਿਸ ਦੀ ਮਨਜੂਰੀ ਹੋਣੀ ਚਾਹੀਦੀ ਹੈ। ਇੱਧਰ ਕਿਸਾਨ ਆਗੁੂਆਂ ਵੱਲੋਂ ਇਸ ’ਤੇ ਇਤਰਾਜ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਾਲੇ ਪਾਸੇ ਹਰਿਆਣਾ ਅਤੇ ਭਾਜਪਾ ਦੀ ਕੇਂਦਰ ਸਰਕਾਰ ਦਾ ਕਬਜਾ ਹੋ ਚੁੱਕਿਆ ਹੈ, ਜਿਸ ਦਾ ਤਾਜਾ ਸਬੂਤ ਪੰਜਾਬ ਦੀ ਧਰਤੀ ’ਤੇ ਚਿਪਕਾਇਆ ਇਹ ਨੋਟਿਸ ਹੈ।
ਦੱਸਣਯੋਗ ਹੈ ਕਿ ਸ਼ੰਭੂ ਬਾਰਡਰ ’ਤੇ ਪਿਛਲੇ 9 ਮਹੀਨਿਆਂ ਤੋਂ ਡਟੇ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਨੂੰ ਦੇਖਦਿਆਂ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਸਰਗਰਮੀਆਂ ਤੇਜ਼ ਹਨ। ਇਸੇ ਤਹਿਤ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਨੇ ਆਪਣਾ ਪੱਕਾ ਮੋਰਚਾ ਲਗਾਇਆ ਹੋਇਆ ਹੈ, ਉੱਥੇ ਹਰਿਆਣਾ ਦੀ ਤਰਫ਼ੋਂ ਪੰਜਾਬ ਵਿੱਚ ਆਕੇ ਧਰਨੇ ਵਾਲੀ ਥਾਂ ਤੇ ਇੱਕ ਨੋਟਿਸ ਚਿਪਕਾ ਦਿੱਤਾ ਗਿਆ ਹੈ, ਜਿਸ ਵਿੱਚ ਹਰਿਆਣਾ ਅੰਦਰ ਧਾਰਾ 144 ਲੱਗੀ ਹੋਣ ਦੀ ਗੱਲ ਆਖੀ ਗਈ ਹੈ। ਡਿਪਟੀ ਕਮਿਸ਼ਨਰ ਦਫ਼ਤਰ ਅੰਬਾਲਾ ਦੀ ਤਰਫ਼ੋਂ ਲੱਗੇ ਇਸ ਨੋਟਿਸ ਵਿੱਚ ਲਿਖਿਆ ਹੋਇਆ ਹੈ ਕਿ 6 ਦਸੰਬਰ ਨੂੰ ਅਦੋਲਨਕਾਰੀਆਂ ਦੇ ਜਥਿਆਂ ਵੱਲੋਂ ਸ਼ੰਭੂ ਬਾਰਡਰ ਰਾਹੀਂ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਹੈ।
ਵਿਰੋਧ ਪ੍ਰਰਦਸ਼ਨ ਲਈ ਦਿੱਲੀ ਪੁਲਿਸ ਦੇ ਨਾਲ ਹੀ ਹਰਿਆਣਾ ਪ੍ਰਸ਼ਾਸਨ ਤੋਂ ਵੀ ਲਈ ਜਾਵੇ ਮਨਜ਼ੂਰੀ
ਇਸ ਤਹਿਤ ਦਿੱਲੀ ਵਿੱਚ ਪ੍ਰਦਰਸ਼ਨ ਜਾਂ ਅੰਦੋਲਨ ਲਈ ਦਿੱਲੀ ਪੁਲਿਸ ਦੀ ਮਨਜੂਰੀ ਲੈਣੀ ਜ਼ਰੂਰੀ ਹੈ ਅਤੇ ਦਿੱਲੀ ਪੁਲਿਸ ਤੋਂ ਮਿਲੀ ਮਨਜ਼ੂਰੀ ਸਬੰਧੀ ਇਸ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਚ ਅਦਾਲਤ ਦੁਆਰਾ ਸਪੈਸ਼ਲ ਲੀਵ ਅਪੀਲ ਦੇ ਸਬੰਧ ਵਿੱਚ 24 ਜੁਲਾਈ 2024 ਨੂੰ ਹੋਈ ਸੁਣਵਾਈ ਦੌਰਾਨ ਸ਼ੰਭੂ ਬਾਰਡਰ ’ਤੇ ਸਥਿਤੀ ਜਿਓ ਦੀ ਤਿਓ (ਸਟੇਟਸ਼-ਕੋ) ਰੱਖਣ ਦੇ ਆਦੇਸ਼ ਦਿੱਤੇ ਹੋਏ ਹਨ ਤਾਂ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਹੋਵੇ। Farmer News
ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ ਤੋਂ ਜ਼ਿਲ੍ਹਾ ਅੰਬਾਲਾ ਅੰਦਰ ਧਾਰਾ 144 ਵੀ ਲਾਗੂ ਕੀਤੀ ਹੋਈ ਹੈ, ਜਿਸ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠਾ ਹੋਣ ਦੀ ਮਨਾਹੀ ਕੀਤੀ ਹੋਈ ਹੈ। ਜੇਕਰ ਆਪ ਵੱਲੋਂ ਕਿਸੇ ਜਲੂਸ ਦੇ ਰੂਪ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਹੈ ਤਾਂ ਇਸ ਦਫ਼ਤਰ ਤੋਂ ਮਨਜੂਰੀ ਪ੍ਰਾਪਤ ਕੀਤੀ ਜਾਵੇ। ਨੋਟਿਸ ਦੇ ਅੰਤ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਪੈਦਲ ਜਾਣ ਜਾਂ ਵਿਰੋਧ ਪ੍ਰਦਰਸ਼ਨ ਸਬੰਧੀ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਦਿੱਲੀ ਪੁਲਿਸ ਦੀ ਮਨਜੂਰੀ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇ। ਮਨਜੂਰੀ ਨਾ ਮਿਲਣ ਉਪਰੰਤ ਇਸ ਪ੍ਰੋਗਰਾਮ ਨੂੰ ਟਾਲਿਆ ਜਾਵੇ ਤਾਂ ਜੋ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ। Farmer News
ਕੇਂਦਰ ਅਤੇ ਹਰਿਆਣਾ ਸਰਕਾਰ ਨੇ ਪੰਜਾਬ ’ਤੇ ਕਬਜ਼ਾ ਕੀਤਾ: ਕਿਸਾਨ ਆਗੂ
ਇੱਧਰ ਕਿਸਾਨ ਆਗੂਆਂ ਨੇ ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਅੰਦਰ ਆਕੇ ਨੋਟਿਸ ਚਿਪਕਾਉਣ ਦੀ ਇਸ ਕਾਰਵਾਈ ਤੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਗਿਆ ਹੈ ਅਤੇ ਕਿਹਾ ਕਿ ਪੰਜਾਬ ਸਟੇਟ ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੂਰੀ ਤਰ੍ਹਾਂ ਕਬਜਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ, ਜਿਸ ਦਾ ਤਾਜਾ ਸਬੂਤ ਇਹ ਨੋਟਿਸ ਹੈ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ’ਤੇ ਹਰਿਆਣਾ ਵੱਲੋਂ ਜੋਂ ਬੈਰੀਕੇਟਿੰਗ ਕੀਤੀ ਹੋਈ ਹੈ, ਉਹ ਵੀ ਪੰਜਾਬ ਵਾਲੇ ਪਾਸੇ ਹੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਦੀ ਇੱਥੇ ਡਿਊਟੀ ਹੈ, ਉਹ ਕੀ ਕਰ ਰਿਹਾ ਸੀ। ਉਨ੍ਹਾਂ ਕਿ ਪੰਜਾਬ ਸਰਕਾਰ ਦੀ ਹਰਿਆਣਾ ਤੇ ਕੇਂਦਰ ਨਾਲ ਜੁਗਲਬੰਦੀ ਹੈ ਅਤੇ ਕੇਂਦਰ ਅਤੇ ਹਰਿਆਣਾ ਸਰਕਾਰ ਸ਼ੰਭੂ ਮੋਰਚੇ ’ਤੇ ਕਦੇ ਵੀ ਕੋਈ ਹਮਲਾ ਕਰਵਾ ਸਕਦੀ ਹੈ।