ਗੈਂਗਸਟਰ ਨੀਟਾ ਦਿਉਲ ਦਾ ਹੋਵੇਗਾ ਕੋਰੋਨਾ ਟੈਸਟ

ਖੁਦਕੁਸ਼ੀ ਦੇ ਮਾਮਲੇ ‘ਚ ਪੁਲਿਸ ਨੇ ਕੀਤੀ ਪੁੱਛਗਿੱਛ : ਡੀਐਸਪੀ

ਨਾਭਾ, (ਤਰੁਣ ਕੁਮਾਰ ਸ਼ਰਮਾ)। ਇੱਥੇ ਨਵੀ ਜਿਲ੍ਹਾ ਜੇਲ੍ਹ ਵਿੱਚ ਨਜਰਬੰਦ ਗੈਂਗਸਟਰ ਨੀਟਾ ਦਿਉਲ ਨੂੰ ਅੱਜ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟਾਂ ‘ਤੇ ਜੇਲ੍ਹ ਤੋਂ ਲਿਆਂਦਾ ਗਿਆ ਜਿਸ ਨੂੰ ਜੇਲ੍ਹ ਅਥਾਰਟੀ ਵੱਲੋਂ ਕੋਰੋਨਾ ਟੈਸਟ ਦਾ ਹਵਾਲਾ ਦੇ ਕੇ ਜੇਲ੍ਹ ਅੰਦਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਕਥਿਤ ਮੁੱਖ ਦੋਸ਼ੀ ਨੀਟਾ ਦਿਉਲ ਵੱਲੋਂ ਬੀਤੇ ਦਿਨੀਂ ਕਥਿਤ ਰੂਪ ਵਿੱਚ ਫਾਹਾ ਲੈ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਜੇਲ੍ਹ ਅਧਿਕਾਰੀਆਂ ਨੇ ਅਸਫਲ ਕਰ ਦਿੱਤਾ ਸੀ। ਇਸੇ ਸੰਬੰਧੀ ਜੇਲ੍ਹ ਅਧਿਕਾਰੀਆਂ ਦੇ ਪੱਤਰ ‘ਤੇ ਨਾਭਾ ਪੁਲਿਸ ਨੇ ਗੈਂਗਸਟਰ ਨੀਟਾ ਦਿਉਲ ‘ਤੇ ਆਤਮਹੱਤਿਆ ਕਰਨ ਸੰਬੰਧੀ ਧਾਰਾ 309 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ ਸੀ। ਇਸੇ ਮਾਮਲੇ ਵਿੱਚ ਅੱਜ ਨਾਭਾ ਪੁਲਿਸ ਨੇ ਕਥਿਤ ਦੋਸ਼ੀ ਨੀਟਾ ਦਿਉਲ ਦੀ ਗ੍ਰਿਫਤਾਰੀ ਪਾ ਦਿੱਤੀ।

ਇਸ ਮੌਕੇ ਅਦਾਲਤ ਵਿੱਚ ਦੋਵਾਂ ਧਿਰਾਂ ਵੱਲੋਂ ਨੀਟਾ ਦਿਉਲ ਦੀ ਮੈਡੀਕਲ ਜਾਂਚ ਕਰਾਉਣ ਦੀ ਮੰਗ ਕੀਤੀ ਗਈ। ਜਦੋਂ ਪੁਲਿਸ ਮੁਲਜਮ ਗੈਂਗਸਟਰ ਨੀਟਾ ਦਿਉਲ ਨੂੰ ਵਾਪਸ ਜੇਲ੍ਹ ਛੱਡਣ ਗਈ ਤਾਂ ਜੇਲ੍ਹ ਅਧਿਕਾਰੀਆਂ ਨੇ ਉਸ ਦਾ ਕੋਰੋਨਾ ਟੈਸਟ ਕਰਾਉਣ ਦੀ ਮੰਗ ਰੱਖ ਦਿੱਤੀ ਅਤੇ ਪੁਲਿਸ ਪਾਰਟੀ ਨੂੰ ਵਾਪਸ ਪਰਤਾ ਦਿੱਤਾ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਜੇਲ੍ਹ ਦੇ ਡਿਪਟੀ ਸੁਪਰਡੈਂਟ ਕਾਹਲੋ ਅਨੁਸਾਰ ਕੋਰੋਨਾ ਮਹਾਮਾਰੀ ਕਾਰਨ ਜੇਲ੍ਹ ਤੋਂ ਬਾਹਰ ਗਏ ਕੈਦੀ ਜਾਂ ਮੁਲਜਮ ਦਾ ਕੋਰੋਨਾ ਟੈਸਟ ਜਰੂਰੀ ਹੈ,

ਇਸੇ ਕਾਰਨ ਗੈਂਗਸਟਰ ਨੀਟਾ ਦਿਉਲ ਨੂੰ ਜੇਲ੍ਹ ਅੰਦਰ ਨਹੀਂ ਲਿਆ ਗਿਆ ਹੈ। ਪੁਲਿਸ ਉਸ ਦਾ ਟੈਸਟ ਕਰਵਾਏਗੀ ਅਤੇ ਟੈਸਟ ਹੋਣ ਤੱਕ ਸਪੈਸ਼ਲ ਜੇਲ੍ਹ ਵਿੱਚ ਉਹ ਪੁਲਿਸ ਦੀ ਕਸਟੱਡੀ ਵਿੱਚ ਹੀ ਰਹੇਗਾ।  ਨਾਭਾ ਸਦਰ ਥਾਣਾ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਦੀ ਮੰਗ ਅਨੁਸਾਰ ਮੁਲਜਮ ਨੀਟਾ ਦਿਉਲ ਦਾ ਕੋਰੋਨਾ ਟੈਸਟ ਕੱਲ੍ਹ ਹੀ ਹੋ ਸਕਦਾ ਹੈ, ਲਿਹਾਜਾ ਆਦੇਸ਼ਾਂ ਅਨੁਸਾਰ ਮੁਲਜਮ ਨੀਟਾ ਦਿਉਲ ਨੂੰ ਭਾਰੀ ਸੁਰੱਖਿਆ ਅਧੀਨ ਰੱਖਿਆ ਗਿਆ ਹੈ। ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਖੁਦਕੁਸ਼ੀ ਦੇ ਮਾਮਲੇ ਸੰਬੰਧੀ ਪੁਲਿਸ ਨੇ ਆਪਣੀ ਪੁੱਛਗਿੱਛ ਕਰ ਲਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ