ਮੁੱਖ ਮੰਤਰੀ ਵੱਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ਹੀਦ ਫਲਾਈਟ ਲੈਫ਼ਟੀਨੈਂਟ ਨੂੰ ਭੇਂਟ ਕੀਤੀ ਸ਼ਰਧਾਂਜਲੀ
ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਮੋਹਿਤ ਗਰਗ ਦੇ ਤਾਬੂਤ ‘ਤੇ ਲਿਪਟਿਆ ਤਿਰੰਗਾ, ਕੈਪ ਤੇ ਮੈਡਲ ਸ਼ਹੀਦ ਦੀ ਪਤਨੀ ਨੂੰ ਸੌਂਪੇ
ਸੁਨੀਲ ਚਾਵਲਾ, ਸਮਾਣਾ
ਸ਼ਹਿਰ ਸਮਾਣਾ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਇੱਥੋਂ ਦੇ ਸਮਸ਼ਾਨਘਾਟ ਵਿਖੇ ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਫਲਾਈਟ ਲੈਫਟੀਨੈਂਟ ਸ੍ਰੀ ਮੋਹਿਤ ਕੁਮਾਰ ਗਰਗ ਦੀ ਚਿਤਾ ਨੂੰ ਅਗਨੀ ਦਿਖਾਈ ਗਈ। ਸ੍ਰੀ ਗਰਗ ਪਿਛਲੇ ਦਿਨੀਂ ਭਾਰਤੀ ਹਵਾਈ ਸੈਨਾ ਦੇ ਐਨ.ਏ 32 ਜਹਾਜ਼ ਨੂੰ ਅਸਾਮ ਦੇ ਜੋਰਾਹਟ ਖੇਤਰ ‘ਚ ਹਾਦਸਾ ਪੇਸ਼ ਆਉਣ ਕਾਰਨ ਸ਼ਹੀਦ ਹੋ ਗਏ ਸਨ ਤੇ ਅੱਜ ਭਾਰਤੀ ਹਵਾਈ ਫ਼ੌਜ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਪੂਰੇ ਸਰਕਾਰੀ ਸਨਮਾਨਾਂ ਸਹਿਤ ਕੌਮੀ ਝੰਡੇ ਤਿਰੰਗੇ ‘ਚ ਲਪੇਟ ਕੇ ਸਮਾਣਾ ਵਿਖੇ ਲਿਆਂਦੀ ਗਈ ਸੀ।ਇਸ ਦੌਰਾਨ ਸ਼ਹੀਦ ਫਲਾਈਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਅਸ਼ਵਨੀ ਗਰਗ ਨੇ ਦਿਖਾਈ। ਉਹ ਆਪਣੇ ਪਿਤਾ ਸੁਰਿੰਦਰਪਾਲ ਗਰਗ, ਮਾਤਾ ਸ੍ਰੀਮਤੀ ਸੁਲੋਚਨਾ ਦੇਵੀ ਅਤੇ ਧਰਮ ਪਤਨੀ ਸ੍ਰੀਮਤੀ ਆਸਥਾ ਗਰਗ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਸ਼ਹੀਦ ਫਲਾਈਟ ਲੈਫ਼ਟੀਨੈਟ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਹਵਾਈ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਭਾਰਤੀ ਹਵਾਈ ਸੈਨਾ, 43 ਸੁਕੈਂਡਰਨ, ਜਿਸ ‘ਚ ਕਿ ਸ਼ਹੀਦ ਸੇਵਾ ਨਿਭਾ ਰਿਹਾ ਸੀ, ਦੇ ਫ਼ਲਾਇੰਗ ਕਮਾਂਡਰ, ਗਰੁੱਪ ਕੈਪਟਨ ਐਮ. ਅਭਿਮਾਨ ਨੇ ਭਾਵੁਕਤਾ ਭਰੇ ਮਾਹੌਲ ‘ਚ ਸ਼ਹੀਦ ਦੀ ਕੈਪ, ਮੈਡਲ ਅਤੇ ਉਸਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਆਸਥਾ ਗਰਗ ਨੂੰ ਸੌਂਪਕੇ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ ‘ਤੇ ਭਾਰਤੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ, ਚੀਫ਼ ਆਫ਼ ਏਅਰ ਸਟਾਫ਼ ਬੀ.ਐਸ. ਧਨੋਆ ਵੱਲੋਂ ਗਰੁੱਪ ਕੈਪਟਨ ਐਸ.ਐਸ. ਕੈਲਾ ਨੇ ਰੀਥ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਸ਼ਹੀਦ ਦੀ ਦੇਹ ‘ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਵੱਲੋਂ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜੇਸ਼ ਕੁਮਾਰ ਸ਼ਰਮਾ ਅਤੇ ਬਲਵਿੰਦਰ ਸਿੰਘ ਨੇ ਰੀਥ ਰੱਖੀ। ਇਸੇ ਦੌਰਾਨ ਏਅਰ ਆਫ਼ਿਸਰ ਕਮਾਂਡਿੰਗ ਹੈਡ ਕੁਆਰਟਰਜ ਡਬਲਿਯੂ.ਏ.ਸੀ. ਏਅਰ ਮਾਰਸ਼ਲ ਨਾਮਬਿਆਰ ਵੱਲੋਂਂ ਵਿੰਗ ਕਮਾਂਡਰ ਅਮਨ ਵਿਰਕ ਨੇ, ਸਟੇਸ਼ਨ ਕਮਾਂਡਰ ਏਅਰ ਫੋਰਸ ਸਟੇਸ਼ਨ ਪਟਿਆਲਾ ਵੱਲੋਂ ਸੁਕੈਂਡਰਨ ਲੀਡਰ ਰਾਹੁਲ ਨੇ, ਸਟੇਸ਼ਨ ਮਾਸਟਰ ਵਾਰੰਟ ਅਫ਼ਸਰ ਵੱਲੋਂ ਐਮ.ਡਬਲਯੂ.ਓ. ਬੀ.ਕੇ. ਸਿੰਘ ਨੇ ਰੀਥਾਂ ਰੱਖੀਆਂ।
ਜਦੋਂਕਿ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ, ਸਾਬਕਾ ਸੂਚਨਾ ਕਮਿਸ਼ਨਰ ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਆਦਿ ਨੇ ਸ਼ਰਧਾਂਜਲੀ ਦਿੱਤੀ। ਇੱਥੇ ਪੁੱਜੇ ਆਮ ਲੋਕਾਂ ਵੱਲੋਂ ਸ਼ਹੀਦ ਨੂੰ ”ਭਾਰਤ ਮਾਤਾ ਕੀ ਜੈ ਤੇ ਸ਼ਹੀਦ ਫਲਾਈਟ ਲੈਫ਼ਟੀਨੈਂਟ ਮੋਹਿਤ ਗਰਗ ਅਮਰ ਰਹੇ” ਦੇ ਨਾਅਰੇ ਲਾਉਂਦਿਆਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ ਸ਼ਹਿਰ ਸਮਾਣਾ ਦੇ ਬਜ਼ਾਰ ਬੰਦ ਰਹੇ ਅਤੇ ਸਥਾਨਕ ਵਸਨੀਕਾਂ ਨੇ ਸ਼ਹੀਦ ਦੇ ਅੰਤਿਮ ਸਸਕਾਰ ਦੀ ਰਸਮ ਮੌਕੇ ਸ਼ਹੀਦ ਦੀ ਦੇਹ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪਰਮਾਤਮਾ ਸ਼ਹੀਦ ਮੋਹਿਤ ਗਰਗ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਰਿਸ਼ੀਪਾਲ ਗਰਗ, ਕੇਵਲ ਗਰਗ, ਰਾਮੇਸ਼ਵਰ ਗਰਗ, ਡਾ. ਪ੍ਰੇਮ ਪਾਲ ਗਰਗ, ਪਵਨ ਸ਼ਾਸਤਰੀ, ਗੋਪਾਲ ਕ੍ਰਿਸ਼ਨ ਗਰਗ, ਵਿਜੈ ਅਗਰਵਾਲ, ਅਸ਼ੋਕ ਮੋਦਗਿਲ, ਸ਼ਿਵ ਕੁਮਾਰ ਘੱਗਾ, ਐਡਵੋਕੇਟ ਅਸ਼ਵਨੀ ਗੁਪਤਾ, ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।