
ਪੰਜਾਬ ਦੇ ਸਕੂਲਾਂ ‘ਚ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਖਰੀਦ ਵਾਸਤੇ 15 ਕਰੋੜ ਰੁਪਏ ਜਾਰੀ: ਹਰਜੋਤ ਸਿੰਘ ਬੈਂਸ | Punjab School News
Punjab School News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਲਾਇਬ੍ਰੇਰੀਆਂ ਰਾਹੀਂ ਸਾਹਿਤ ਨਾਲ ਜੋੜਣ ਦੀ ਕੋਸ਼ਿਸ਼ ਤਹਿਤ ਪੰਜਾਬ ਦੇ ਸਾਰੇ ਸਕੂਲਾਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਖਰੀਦ ਵਾਸਤੇ 15 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਕੂਲ ਸਿੱਖਿਆ ਪ੍ਰਬੰਧ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਹਿਲਾਂ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਸਨ ਅਤੇ ਹੁਣ ਇਹਨਾਂ ਲਾਇਬ੍ਰੇਰੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਵਾਸਤੇ ਹਰ ਸਾਲ ਕਿਤਾਬਾਂ ਖਰੀਦਣ ਵਾਸਤੇ ਗ੍ਰਾਂਟ ਦਿੱਤੀ ਜਾ ਰਹੀ ਹੈ।
ਲਾਇਬ੍ਰੇਰੀਆਂ ਰਾਹੀਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਣ ਦੀ ਕੋਸ਼ਿਸ਼: ਸਿੱਖਿਆ ਮੰਤਰੀ ਬੈਂਸ
ਸ. ਬੈਂਸ ਨੇ ਦੱਸਿਆ ਕਿ ਪੰਜਾਬ ਦੇ ਹਰੇਕ ਪ੍ਰਾਇਮਰੀ ਸਕੂਲ ਨੂੰ 5000 ਰੁਪਏ, ਮਿਡਲ ਸਕੂਲ ਨੂੰ 13000 ਰੁਪਏ ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਨੂੰ 15000 ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਕਰੀਬ 15 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਜ਼ਿਲ੍ਹਾ ਵਾਈਜ ਵੇਰਵਿਆਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਨੂੰ 98.44 ਲੱਖ, ਬਰਨਾਲਾ ਨੂੰ 24.99 ਲੱਖ, ਬਠਿੰਡਾ ਨੂੰ 57.64 ਲੱਖ, ਫਰੀਦਕੋਟ ਨੂੰ 33.33 ਲੱਖ, ਫਤਹਿਗੜ੍ਹ ਸਾਹਿਬ ਨੂੰ 51.22 ਲੱਖ, ਫਾਜਿਲਕਾ ਨੂੰ 55.26 ਲੱਖ, ਫਿਰੋਜਪੁਰ ਨੂੰ 61.51 ਲੱਖ, ਗੁਰਦਾਸਪੁਰ ਨੂੰ 113 ਲੱਖ, ਹੁਸ਼ਿਆਰਪੁਰ ਨੂੰ 128.37 ਲੱਖ, ਜਲੰਧਰ ਨੂੰ 107.24 ਲੱਖ, ਕਪੂਰਥਲਾ ਨੂੰ 61.44 ਲੱਖ, ਲੁਧਿਆਣਾ ਨੂੰ 123.87 ਲੱਖ, ਮਲੇਰਕੋਟਲਾ ਨੂੰ 21.97 ਲੱਖ, ਮਾਨਸਾ ਨੂੰ 41.59 ਲੱਖ, ਮੋਗਾ ਨੂੰ 50.41 ਲੱਖ, ਮੋਹਾਲੀ ਨੂੰ 50.13 ਲੱਖ, ਮੁਕਤਸਰ ਨੂੰ 47.04 ਲੱਖ, ਨਵਾਂ ਸ਼ਹਿਰ ਨੂੰ 49.99 ਲੱਖ, ਪਠਾਨਕੋਟ ਨੂੰ 39.83 ਲੱਖ, ਪਟਿਆਲਾ ਨੂੰ 97.58 ਲੱਖ, ਰੂਪ ਨਗਰ ਨੂੰ 63.97 ਲੱਖ, ਸੰਗਰੂਰ ਨੂੰ 60.38 ਲੱਖ ਅਤੇ ਤਰਨਤਾਰਨ ਨੂੰ 62 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Lado Lakshmi Yojana: ਹੁਣ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ!, ਜਾਣੋ ਕੀ ਹੈ ਨਵਾਂ ਅਪਡੇਟ…
ਸਿੱਖਿਆ ਮੰਤਰੀ ਸ. ਬੈਂਸ ਅਨੁਸਾਰ ਖਰੀਦ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਸਟੇਟ ਪੱਧਰ ’ਤੇ ਗਠਿਤ ਮਾਹਿਰ ਵਿਦਵਾਨਾਂ ਦੀ ਕਮੇਟੀ ਵੱਲੋਂ ਪ੍ਰਵਾਨ ਕੀਤੀ ਗਈ ਹੈ ਅਤੇ ਕਮੇਟੀ ਵੱਲੋਂ ਸੂਚੀਬੱਧ ਕਿਤਾਬਾਂ ਹੀ ਖਰੀਦੀਆਂ ਜਾਣਗੀਆਂ। ਸ. ਬੈਂਸ ਨੇ ਮੁੜ ਦੁਹਰਾਇਆ ਕਿ ਉਹਨਾਂ ਦਾ ਸੁਪਨਾ ਪੰਜਾਬ ਦੇ ਸਿੱਖਿਆ ਪ੍ਰਬੰਧ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣ ਦਾ ਜਿਸਦੀ ਪੂਰਤੀ ਵਾਸਤੇ ਉਹ ਨਿੱਜੀ ਰੂਪ ਵਿੱਚ ਸੂਬੇ ਦੇ ਸਕੂਲਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਫੀਡਬੈਕ ਲੈ ਕੇ ਭਵਿੱਖ ਦੀਆਂ ਨੀਤੀਆਂ ਬਣਾ ਰਹੇ ਹਨ। ਸ. ਬੈਂਸ ਨੇ ਅਧਿਆਪਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਸਾਲਾਨਾ ਪ੍ਰੀਖਿਆਵਾਂ ਮੁਕੰਮਲ ਹੋਣ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਇਬ੍ਰੇਰੀ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਉਹ ਸਾਹਿਤ, ਸਮਾਜ, ਵਿਰਸੇ ਤੇ ਸੱਭਿਆਚਾਰ ਤੋਂ ਇਲਾਵਾ ਵਿਸ਼ਵ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣ। Punjab School News