ਦੋਸਤੀ (Friendship)

ਦੋਸਤੀ (Friendship)

ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ। ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ। ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਸੀ । ਸੁਨੀਲ ਚੰਗੇ ਸਰਦੇ-ਪੁੱਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ। ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨਹੀਂ ਸੀ। ਉਸਦਾ ਪਿਓ ਦਰਮਿਆਨੇ ਦਰਜੇ ਦਾ ਕਿਸਾਨ ਸੀ। ਪੱਪੂ ਤੇ ਸੁਨੀਲ ਦੋਨਾਂ ਦੇ ਘਰ ਨਾਲੋ-ਨਾਲ ਸਨ। ਉਨ੍ਹਾਂ ਦੇ ਘਰਾਂ ਦੀ ਕੰਧ ਸਾਂਝੀ ਸੀ।

ਪੱਪੂ ਦਾ ਘਰ ਅੱਧਾ ਕੱਚਾ, ਅੱਧਾ ਪੱਕਾ ਸੀ। ਸੁਨੀਲ ਦਾ ਘਰ ਵੱਡਾ ਅਤੇ ਸਾਰਾ ਹੀ ਪੱਕਾ ਸੀ। ਉਨ੍ਹਾਂ ਦੀਆਂ ਫ਼ਰਸ਼ਾਂ ਵੀ ਸੀਮਿੰਟ ਦੀਆਂ ਪੱਕੀਆਂ ਸਨ। ਬਾਹਰ ਦਰਾਂ ਨੂੰ ਲੋਹੇ ਦਾ ਇੱਕ ਵੱਡਾ ਸਾਰਾ ਗੇਟ ਸੀ। ਇੱਕ ਟਰੈਕਟਰ ਸੀ, ਜ਼ਮੀਨ ਵੀ ਚੋਖੀ ਸੀ। ਪੱਪੂ ਹੋਰਾਂ ਕੋਲੇ ਨਾ ਜ਼ਮੀਨ, ਨਾ ਹੀ ਕੋਈ ਟਰੈਕਟਰ ਸੀ।

ਉਸ ਦਾ ਪਿਓ ਤਾਂ ਸ਼ਹਿਰ ਕਿਸੇ ਫੈਕਟਰੀ ਵਿੱਚ ਹੈਲਪਰ ਸੀ। ਉਸ ਦੀ ਥੋੜ੍ਹੀ ਜਿਹੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਔਖੇ-ਸੌਖੇ ਚੱਲੀ ਜਾਂਦਾ ਸੀ। ਦੁੱਧ ਵਾਸਤੇ ਇੱਕ ਤੋਕੜ ਜਿਹੀ ਮੱਝ ਰੱਖੀ ਹੋਈ ਸੀ। ਪੱਪੂ ਦੀ ਮਾਂ ਮੱਝ ਵਾਸਤੇ ਬਾਹਰੋਂ ਖੇਤਾਂ ਵਿੱਚੋਂ ਘਾਹ ਖੋਤ ਕੇ ਲਿਆਉਂਦੀ ਸੀ। ਮੱਝ ਤਿੰਨ-ਚਾਰ ਕਿੱਲੋ ਦੁੱਧ ਦੇ ਦਿੰਦੀ ਸੀ। ਚਾਹ-ਪਾਣੀ ਵਾਸਤੇ ਥੋੜ੍ਹਾ ਜਿਹਾ ਦੁੱਧ ਉਹ ਘਰੇ ਰੱਖ ਲੈਂਦੇ ਤੇ ਬਾਕੀ ਬਚਦਾ ਦੋਧੀ ਦੇ ਢੋਲਾਂ ਵਿੱਚ ਪਾ ਦਿੰਦੇ।

ਬਾਲਣ ਉਨ੍ਹਾਂ ਵਾਸਤੇ ਇੱਕ ਸਮੱਸਿਆ ਸੀ। ਪੱਪੂ ਦੀ ਮਾਂ ਬਾਹਰੋਂ ਸੂਏ ‘ਤੇ ਉੱਗੇ ਦਰੱਖ਼ਤਾਂ ਦੇ ਪੱਤੇ, ਲੱਕੜਾਂ, ਸੁੱਕੀਆਂ ਟਾਹਣੀਆਂ ਚੁਗ ਕੇ ਲੈ ਆਉਂਦੀ। ਉਨ੍ਹਾਂ ਲੱਕੜਾਂ ਨਾਲ ਉਹ ਚੁੱਲ੍ਹਾ ਬਾਲ਼ਦੀ। ਸਕੂਲੋਂ ਆ ਕੇ ਪੱਪੂ ਵੀ ਮਾਂ ਦੀ ਮੱਦਦ ਕਰਦਾ। ਉਹ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਬਾਹਰੋਂ ਬਾਲਣ ਲੈਣ ਵਾਸਤੇ ਜਾਂਦਾ। ਉਹ ਵੀ ਬਾਹਰੋਂ ਸੁੱਕੀਆਂ ਟਾਹਣੀਆਂ, ਪੱਤੇ, ਸੁੱਕਾ ਘਾਹ ਇਕੱਠਾ ਕਰ ਲਿਆਉਂਦੇ। ਉਨ੍ਹਾਂ ਨੇ ਸੁੱਕੇ ਘਾਹ ਦੀਆਂ ਨਿੱਕੀਆਂ-ਨਿੱਕੀਆਂ ਪੰਡਾਂ ਲਿਆ-ਲਿਆ ਕੇ ਕਿੰਨਾ ਸਾਰਾ ਸੁੱਕਾ ਘਾਹ ਇਕੱਠਾ ਕਰ ਲਿਆ। ਉਨ੍ਹਾਂ ਦੇ ਵਿਹੜੇ ਵਿੱਚ ਸੁੱਕੇ ਘਾਹ ਦਾ ਢੇਰ ਲੱਗ ਗਿਆ ਸੀ।

ਇਹ ਸੁੱਕਾ ਘਾਹ ਉਹ ਚੁੱਲੇ ਵਿੱਚ ਬਾਲਣ ਲਈ ਵਰਤਦੇ ਸਨ। ਜਦੋਂ ਖੇਤ-ਖਲਿਆਣ ਲੋਕੀਂ ਟਰੈਕਟਰ ਨਾਲ ਵਾਹ ਦਿੰਦੇ ਤਾਂ ਖੱਬਲ ਪੈਲੀਆਂ ਵਿੱਚ ਪਿਆ-ਪਿਆ ਹੀ ਸੁੱਕ ਜਾਂਦਾ ਸੀ। ਗ਼ਰੀਬ ਲੋਕ ਇਕੱਠਾ ਕਰ ਲਿਆਉਂਦੇ ਸਨ। ਬਰਸਾਤਾਂ ਦੇ ਦਿਨਾਂ ਵਿੱਚ ਇਹ ਸੁੱਕਾ ਘਾਹ ਚੁੱਲ੍ਹੇ ਵਿੱਚ ਬਾਲਣ ਦੇ ਕੰਮ ਆਉਂਦਾ ਸੀ। ਬਰਸਾਤਾਂ ਕਰਕੇ ਪਾਥੀਆ ਵੀ ਗਿੱਲੀਆਂ ਹੋ ਜਾਂਦੀਆਂ ਸਨ। ਉਦੋਂ ਇਸ ਸੁੱਕੇ ਘਾਹ ਦਾ ਝੋਕਾ ਲਾ-ਲਾ ਕੇ ਗ਼ਰੀਬ ਲੋਕ ਅੱਗ ਬਾਲ਼ਦੇ ਤੇ ਚਾਹ-ਰੋਟੀ ਦਾ ਜੁਗਾੜ ਬਣਾ ਲੈਂਦੇ। ਪੱਪੂ ਕੇ ਵੀ ਇਉਂ ਹੀ ਕਰਦੇ ਸਨ।

ਜਦੋਂ ਪੱਪੂ ਤੇ ਉਹਦਾ ਛੋਟਾ ਭਰਾ ਦੀਪੂ ਘਾਹ ਚੁਗ ਕੇ ਬਾਹਰੋਂ ਲਿਆਉਂਦੇ ਤਾਂ ਉਨ੍ਹਾਂ ਨੂੰ ਵੇਖ ਕੇ ਗੁਆਂਢੀ ਮੁੰਡਾ ਸੁਨੀਲ ਉਨ੍ਹਾਂ ਨੂੰ ਮਖੌਲ ਕਰਦਾ। ਸੁਨੀਲ ਨੇ ਉਨ੍ਹਾਂ ਦੋਵਾਂ ਭਰਾਵਾਂ ਦੀ ਘਾਹ ਚੁਗਣੇ ਅੱਲ ਪਾ ਦਿੱਤੀ। ਉਹ ਜਦੋਂ ਉਨ੍ਹਾਂ ਨੂੰ ਕਿਤੇ ਰਸਤੇ ਵਿੱਚ ਮਿਲਦਾ ਤਾਂ ‘ਘਾਹ ਚੁਗਣੇ’ ਕਹਿ ਕੇ ਬੁਲਾਉਂਦਾ।  ਪੱਪੂ ਹੋਰਾਂ ਨੂੰ ਸੁਨੀਲ ‘ਤੇ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਉਸ ਕੋਲੋਂ ਡਰਦੇ ਸਨ। ਕੁਝ ਨਾ ਬੋਲਦੇ!

ਇੱਕ ਦਿਨ ਸੁਨੀਲ ਨਾਲ ਬਹੁਤ ਬੁਰੀ ਹੋਈ। ਹੋਇਆ ਇਉਂ ਕਿ ਉਹ ਆਪਣੇ ਕੋਠੇ ਉੱਤੇ ਪਤੰਗ ਉਡਾ ਰਿਹਾ ਸੀ। ਉਹ ਪਤੰਗ ਨੂੰ ਤੁਣਕੇ ਮਾਰਦਾ ਕੋਠੇ ‘ਤੇ ਕਦੇ ਇੱਧਰ, ਕਦੇ ਉੱਧਰ ਭੱਜਿਆ ਫਿਰਦਾ ਸੀ। ਉਸ ਦੀ ਪਤੰਗ ਡੋਲੇ ਖਾ ਰਹੀ ਸੀ। ਪਤੰਗ ਨੂੰ ਡਿੱਗਣੋਂ ਬਚਾਉਣ ਖ਼ਾਤਰ ਤੁਣਕੇ ਮਾਰਦਿਆਂ-ਮਾਰਦਿਆਂ ਉਸ ਦਾ ਪੈਰ ਤਿਲ੍ਹਲਿਆ ਤੇ ਉਹ ਪਿਛਲਖੁਰੀ ਕੋਠੇ ਤੋਂ ਖੁੱਲ੍ਹੇ ਪੱਪੂ ਕੇ ਵਿਹੜੇ ‘ਚ ਪਏ ਘਾਹ ‘ਤੇ ਆਣ ਡਿੱਗਾ। ਪੱਪੂ ਦੀ ਮਾਂ ਨੇ ਭੱਜ ਕੇ ਚੁੱਕਿਆ। ਘਾਹ ਤੋਂ ਡਿੱਗਿਆ ਉਠਾ ਕੇ ਪਾਣੀ ਪਿਲਾਇਆ। ਪੋਲੇ-ਪੋਲੇ ਘਾਹ ‘ਤੇ ਡਿੱਗਣ ਕਰਕੇ ਉਸ ਨੂੰ ਸੱਟ ਤਾਂ ਨਹੀਂ ਸੀ ਲੱਗੀ ਪਰ ਉਹ ਅਚਾਨਕ ਡਿੱਗਣ ਕਰਕੇ ਘਬਰਾ ਗਿਆ ਸੀ।

ਪੱਪੂ ਹੋਰੀਂ ਵੀ ਕੋਲ ਆ ਗਏ ਸਨ। ਪੱਪੂ ਹੋਰਾਂ ਨੂੰ ਵੇਖ ਕੇ ਸੁਨੀਲ ਦੀਆਂ ਅੱਖਾਂ ਵਿੱਚ ਅੱਥਰੂ ਛਲਕ ਪਏ। ਪੱਪੂ ਦੀ ਮਾਂ ਨੇ ਉਸ ਨੂੰ ਹੌਂਸਲਾ ਦਿੰਦਿਆਂ ਆਖਿਆ, ”ਕੋਈ ਨਹੀਂ ਪੁੱਤ ਬਚ ਗਿਆ ਏਂ! ਗੁੱਡੀ ਧਿਆਨ ਨਾਲ ਚੜ੍ਹਾਇਆ ਕਰ। ਅੱਵਲ ਤਾਂ ਬਾਹਰ ਗਰਾਉਂਡ ਵਿੱਚ ਜਾਂ ਬਾਹਰ ਫਿਰਨੀ ‘ਤੇ ਜਾ ਕੇ ਗੁੱਡੀ ਚੜ੍ਹਾਇਆ ਕਰੋ, ਇੱਥੇ ਕੋਠਿਆਂ-ਕਾਠਿਆਂ ‘ਤੇ ਤਾਂ ਜਾਨ ਨੂੰ ਖਤਰਾ ਰਹਿੰਦਾ ਹੈ!” ਸੁਨੀਲ ਆਗਿਆਕਾਰ ਬਣਿਆ ਬੈਠਾ ‘ਹਾਂ’ ਵਿੱਚ ਸਿਰ ਮਾਰ ਰਿਹਾ ਸੀ।

ਅੱਜ ਉਸ ਦੀ ਜਾਨ ਬਚ ਗਈ ਸੀ। ਉਹ ਰੋਂਦੀ ਅਵਾਜ਼ ‘ਚ ਬੋਲਿਆ, ”ਤਾਈ ਅੱਜ ਇਸ ਸੁੱਕੇ ਘਾਹ ਨੇ ਮੇਰੀ ਜਾਨ ਬਚਾਈ ਹੈ। ਜੇ ਇਹ ਘਾਹ ਨਾ ਇੱਥੇ ਪਿਆ ਹੁੰਦਾ ਤਾਂ ਅੱਜ ਮੈਂ ਖਤਮ ਹੋ ਗਿਆ ਹੁੰਦਾ ਜਾਂ ਮੇਰੀ ਲੱਤ-ਬਾਂਹ ਟੁੱਟ ਜਾਂਦੀ ਤੇ ਮੈਂ ਜ਼ਿਦਗੀ ਭਰ ਵਾਸਤੇ ਅਪਾਹਜ ਹੋ ਜਾਂਦਾ। ਮੈਂ ਹਰ ਰੋਜ਼ ਇਸ ਘਾਹ ਪਿੱਛੇ ਪੱਪੂ ਹੋਰਾਂ ਨੂੰ ਮਖੌਲ ਕਰਦਾ ਹਾਂ। ਇਨ੍ਹਾਂ ਨੂੰ ‘ਘਾਹ-ਚੁਗਣੇ’ ਆਖਦਾ ਹਾਂ ਪਰ ਇਹੀ ਘਾਹ ਮੇਰੇ ਲਈ ਰੱਬ ਬਣ ਕੇ ਬਹੁੜਿਆ ਹੈ।

ਮੈਨੂੰ ਮਾਫ਼ ਕਰਦੇ ਪੱਪੂ ਮੇਰੇ ਵੀਰ! ਮੈਂ ਅੱਗੇ ਤੋਂ ਕਦੇ ਵੀ ਤੇਰਾ ਜਾਂ ਇਸ ਘਾਹ ਦਾ ਮਖੌਲ ਨਹੀਂ ਉਡਾਵਾਂਗਾ!” ਸੁਨੀਲ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਸਨ। ਪੱਪੂ ਨੇ ਉੱਠ ਕੇ ਸੁਨੀਲ ਨੂੰ ਗਲ਼ੇ ਨਾਲ ਲਾ ਲਿਆ। ਬੇ-ਵਜ੍ਹਾ ਦੇ ਫਾਸਲੇ ਮਿਟ ਗਏ ਸਨ। ਦੋਹਾਂ ਵਿੱਚ ਦੋਸਤੀ ਦੀ ਸ਼ੁਰੂਆਤ ਹੋ ਗਈ ਸੀ।
ਓਮਕਾਰ ਸੂਦ ਫ਼ਰੀਦਾਬਾਦ
ਮੋ. 96540-36080

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ