ਪੁਲਿਸ ‘ਚ ਭਰਤੀ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲਾ ਕਾਬੂ

ਪੁਲਿਸ ਅਫਸਰਾਂ ਨੇ ਜਲਦੀ ਖੁਲਾਸੇ ਦੀ ਗੱਲ ਕਹੀ

ਬਠਿਡਾ, (ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਪੁਲਿਸ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇਕੇ ਠੱਗੀ ਮਾਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਪਤਾ ਲੱਗਿਆ ਕਿ ਪੁਲਿਸ ਨੇ ਕਰੀਬ 10 ਲੱਖ ਰੁਪਏ ਦੀ ਰਾਸ਼ੀ ਵੀ ਬਰਾਮਦ ਕੀਤੀ ਹੈ ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਸਿੱਧੇ ਤੌਰ ਤੇ ਕੁਝ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੋਇਆ ਹੈ।

ਸੂਤਰਾਂ ਮੁਤਾਬਕ ਪੁਲਿਸ ਨੇ ਇਸ ਸਬੰਧੀ ਦੋ ਜਣਿਆਂ ਨੂੰ ਹਿਰਾਸਤ ‘ਚ ਲਿਆ ਸੀ ਜਿਸ ਚੋਂ ਇੱਕ ਨੂੰ ਮੁਢਲੀ ਪੁੱਛ ਪੜਤਾਲ ਤੋਂ ਬਾਅਦ ਛੱਡ ਦਿੱਤਾ ਗਿਆ ਹੈ ਸੂਤਰ ਦੱਸਦੇ ਹਨ ਕਿ ਇਹ ਸ਼ੁਰੂਆਤੀ ਕਾਮਯਾਬੀ ਹੈ ਤੇ ਪੁਲਿਸ ਅਫਸਰਾਂ ਨੂੰ ਕਿਸੇ ਵੱਡੇ ਖੁਲਾਸੇ ਦੀ ਆਸ ਹੈ ਇਸ ਵੇਲੇ ਰਾਜ ਵਿਚ ਜਿਸ ਤਰਾਂ ਦੇ ਸਿਆਸੀ ਹਾਲਾਤ ਚਲ ਰਹੇ ਹਨ ਸਰਕਾਰ ਵੀ ਇਸ ਮੁੱਦੇ ਤੇ ਬਦਨਾਮੀ ਤੋਂ ਬਚਣਾ ਚਾਹੁੰਦੀ ਹੈ ਪੰਜਾਬ ਵਿਚ ਨੌਕਰੀ ਘੁਟਾਲਾ ਬੇਪਰਦ ਹੋਇਆ ਹੋਣ ਕਰਕੇ ਪੁਲਿਸ ਅਧਿਕਾਰੀ ਹਰ ਕਦਮ ਫੂਕ ਫੂਕ ਕੇ ਰੱਖ ਰਹੇ ਹਨ ।

ਦੂਜੇ ਪਾਸੇ ਪੁਲਿਸ ਦੀ ਇਸ ਸਫਲਤਾ ਨਾਲ ਸੱਚ ਕਹੂੰ ਵੱਲੋਂ 31 ਜੁਲਾਈ ਦੇ ਅੰਕ ਵਿਚ ‘ਦਲਾਲਾਂ ਨੇ ਆਪਣੀਆਂ ਸਰਗਰਮੀਆਂ ਵਧਾਈਆਂ’ ਤਹਿਤ ਬਠਿੰਡਾ ਪੱਟੀ ਵਿਚ ਸ਼ੁਰੂ ਹੋਏ ਗੋਰਖਧੰਦੇ ਸਬੰਧੀ ਕੀਤੇ ਖੁਲਾਸੇ ‘ਤੇ ਮੋਹਰ ਲੱਗ ਗਈ ਹੈ ਇਸ ਪੱਤਰਕਾਰ ਵੱਲੋਂ ਦੱਸਿਆ ਗਿਆ ਸੀ । ਕਿ ਪੰਜਾਬ ਪੁਲੀਸ ਵਿੱਚ ਭਰਤੀ ਕਰਵਾਉਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਤੋਂ ਰੁਪਏ ਬਟੋਰਨ ਲਈ ਦਲਾਲਾਂ ਨੇ ਸਰੀਰਕ ਟੈਸਟ ਚੋਂ ਪਾਸ ਉਮੀਦਵਾਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਵੇਰਵਿਆਂ ਮੁਤਾਬਕ ਪੰਜਾਬ ਪੁਲਿਸ ‘ਚ 7416 ਸਿਪਾਹੀਆਂ ਦੀ ਭਰਤੀ ਕੀਤੀ ਜਾਣੀ ਹੈ ਇੰਨ੍ਹਾਂ ਵਿੱਚੋਂ 1164 ਅਸਾਮੀਆਂ ਤੇ ਮਹਿਲਾ ਪੁਲਿਸ ਮੁਲਾਜਮਾਂ ਭਰਤੀ ਕੀਤੀਆਂ ਜਾਣਗੀਆਂ ਜਦੋਂਕਿ 4915 ਅਸਾਮੀਆਂ ਜਿਲ੍ਹਾ ਪੁਲਿਸ ਕਾਡਰ ਦੀਆਂ ਅਤੇ 2501 ਅਸਾਮੀਆਂ ਹਥਿਆਰਬੰਦ ਪੁਲਿਸ ਕਾਡਰ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਸ਼ਬਦ ਵਾਪਸ ਨਹੀਂ ਆਉਂਦੇ

ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸੁਵਪਨ ਸ਼ਰਮਾ ਦਾ ਕਹਿਣਾ ਸੀ ਕਿ ਚੰਡੀਗੜ੍ਹ ਤੋਂ ਹਾਸਲ ਸੂਚਨਾ ਦੇ ਅਧਾਰ ‘ਤੇ ਪੁਲਿਸ ਇਸ ਦਿਸ਼ਾ ਵਿਚ ਕਾਫੀ ਤੇਜੀ ਨਾਲ ਕੰਮ ਕਰ ਰਹੀ ਹੈ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਤਿੰਨ ਚਾਰ ਦਿਨਾਂ ਦੌਰਾਨ ਕੋਈ ਅਹਿਮ ਖੁਲਾਸਾ ਹੋ ਸਕਦਾ ਹੈ ਸ੍ਰੀ ਸ਼ਰਮਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਸੀ ਜਿਸ ਨੂੰ ਪੁਛ ਪੜਤਾਲ ਤੋਂ ਬਾਅਦ ਛੱਡ ਦਿੱਤਾ ਗਿਆ ਸੀ।