ਇੱਕ ਘੰਟੇ ਦੀ ਬਾਰਸ਼, ਸ਼ਹਿਰ ‘ਚ ਹੜ੍ਹਾਂ ਵਰਗੇ ਹਾਲਾਤ

ਪ੍ਰਸ਼ਾਸ਼ਨ ਦੇ ਹੜ੍ਹ ਰੋਕੂ ਇੰਤਜਾਮਾਂ ਦੀ ਪੋਲ ਖੁੱਲ੍ਹੀ

  1. ਬਿਜਲੀ ਸਪਲਾਈ ਵੀ ਰਹੀ ਠੱਪ

ਬਠਿੰਡਾ, (ਅਸ਼ੋਕ ਵਰਮਾ) ਇੱਥੇ ਅੱਜ ਹੋਈ ਭਰਵੀਂ ਬਾਰਸ਼ ਨੇ ਸ਼ਹਿਰ ਦੇ ਮੁੱਖ ਰਸਤੇ ਜਾਮ ਕਰ ਦਿੱਤੇ ਮੀਂਹ ਕਾਰਨ ਬਿਜਲੀ ਸਪਲਾਈ ਵੀ ਲੰਬਾ ਸਮਾਂ ਬੰਦ ਰਹੀ ਬਾਰਸ਼ ਅੱਜ ਸਵੇਰੇ 12.30 ਕੁ ਵਜੇ ਸ਼ੁਰੂ ਹੋਈ ਦੇਖਦਿਆਂ ਹੀ ਦੇਖਦਿਆਂ ਪਾਣੀ ਨੇ ਸ਼ਹਿਰ ਦੇ ਕਰੀਬ ਇੱਕ ਦਰਜਨ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਇੰਨ੍ਹਾਂ ਖੇਤਰਾਂ ‘ਚ ਪਾਣੀ ਭਰਨ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ ਹਾਲਾਂਕਿ ਸ਼ੁਰੂ ਵਿੱਚ ਹੋਈ ਬਾਰਸ਼ ਕਾਫੀ ਘੱਟ ਸੀ ਪਰ ਮਗਰੋਂ ਫੜੀ ਤੇਜੀ ਦੇ ਸਿੱਟੇ ਵਜੋਂ ਕਈ ਇਲਾਕੇ ਸਮੁੰਦਰ ਦਿਖਾਈ ਦੇਣ ਲੱਗੇ।

ਜੋਰਦਾਰ ਵਰਖਾ ਨੇ ਅੱਜ ਪ੍ਰਸ਼ਾਸ਼ਨ ਵੱਲੋਂ ਕੀਤੇ ਹੜ੍ਹ ਰੋਕੂ ਇੰਤਜਾਮਾਂ ਦੀ ਪੋਲ ਖੋਲ ਦਿੱਤੀ ਹੈ  ਨਗਰ ਨਿਗਮ ਵੱਲੋਂ ਕੁਝ ਦਿਨ ਪਹਿਲਾਂ ਸਮੱਸਿਆ ਦੇ ਜਲਦੀ ਹੱਲ ਦਾ ਦਾਅਵਾ ਕੀਤਾ ਗਿਆ ਸੀ ਜੋ ਗਲਤ ਸਾਬਤ ਹੋਇਆ ਹੈ ਬਠਿੰਡਾ-ਮਾਨਸਾ ਕੌਮੀ ਸੜਕ ਮਾਰਗ ‘ਤੇ ਪੈਂਦੇ ਅੰਡਰ ਬਰਿੱਜ ਵਿੱਚ ਪਾਣੀ ਭਰ ਗਿਆ ਜਿਸ ਕਰਕੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ  ਮੀਂਹ ਪੈਣ  ਨਾਲ ਪ੍ਰਸ਼ਾਸ਼ਨ ਦੇ ਵੱਡੇ ਅਫਸਰਾਂ ਦੀਆਂ ਕੋਠੀਆਂ ਛੱਪੜ ਵਰਗਾ ਨਜ਼ਾਰਾ ਪੇਸ਼ ਕਰਨ ਲੱਗੀਆਂ ।

ਇੰਨ੍ਹਾਂ ਕੋਠੀਆਂ ਨੂੰ ਪਾਣੀ ਤੋਂ ਬਚਾਅ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਐਸ ਐਸ ਪੀ ਦੀ ਕੋਠੀ ਦੇ ਇੱਕ ਪਾਸੇ ਤਾਂ ਲਾਂਘਾ ਬੰਦ ਕੀਤਾ ਹੋਇਆ ਸੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਗੋਡੇ ਗੋਡੇ ਪਾਣੀ ਕਾਰਨ ਲੋਕ ਇਸ ਤਰਫ ਜਾਣ ਤੋਂ ਹੀ ਗੁਰੇਜ਼ ਕਰ ਰਹੇ ਸਨ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸ਼ਹਿਰ ਨੂੰ 15 ਸੈਕਟਰਾਂ ‘ਚ ਵੰਡਿਆ ਹੋਇਆ ਹੈ ਸਭ ਤੋਂ ਵੱਧ ਪਾਣੀ ਸੈਕਟਰ ਨੰ: 4 ‘ਚ ਹੈ ਜਿਸ ਅਧੀਨ ਆਉਂਦੀ ਪਾਵਰ ਹਾਊਸ ਰੋਡ ਤੇ ਅੱਜ ਬਾਰਸ਼ ਦਾ ਸਭ ਤੋਂ ਜਿਆਦਾ ਪ੍ਰਭਾਵ ਦਿਖਾਈ ਦਿੱਤਾ  ਉਂਜ ਇੱਕ ਵਾਰ ਫਿਰ ਸਿਰਕੀ ਬਜ਼ਾਰ ਪਾਣੀ ਦੀ ਮਾਰ ਵਾਲੇ ਖੇਤਰਾਂ ‘ਚ ਸ਼ਾਮਲ ਰਿਹਾ ਪਾਵਰ ਹਾਊਸ ਤੇ ਤਾਂ ਇੱਕ ਦਰਜਨ ਤੋਂ ਵਧੇਰੇ ਵਾਹਨ ਪਾਣੀ ‘ਚ ਫਸ ਗਏ ਜਿੰਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ।

batihnda rain
ਮੀਂਹ ਵਿੱਚ ਫਸੇ ਵਾਹਨਾਂ ਦੇ ਮਾਲਕਾਂ ਨੇ ਸਰਕਾਰ ਅਤੇ ਨਗਰ ਨਿਗਮ ਤੇ ਗੁੱਸਾ ਕੱਢਿਆ ਏਦਾਂ ਹੀ ਸ਼ਹਿਰ ਦੇ ਮੁੱਖ ਸਿਰਕੀ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਬਾਰਸ਼ ਨੇ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ ਬੀਬੀ ਵਾਲਾ ਰੋਡ, ਸੌ ਫੁੱਟੀ ਰੋਡ, ਅਮਰੀਕ ਸਿੰਘ ਰੋਡ ਉਪਰੋਂ ਲੰਘਣ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਤਾ ਲੱਗਿਆ ਹੈ। ਕਿ ਨੀਵੇਂ ਇਲਾਕਿਆਂ ਵਿਚ ਕਈ ਦੁਕਾਨਾਂ ਤੇ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਲਾਈਨੋਪਾਰ ਇਲਾਕੇ ‘ਚ ਤਾਂ ਘੰਟਿਆਂ ਬੱਧੀ ਆਵਾਜਾਈ ਜਾਮ ਰਹੀ ਅੱਜ ਦੀ ਬਾਰਸ਼ ਨਾਲ ਘਰਾਂ ਨੂੰ ਪਰਤਣ ਵਾਲੇ ਸਕੂਲੀ ਬੱਚੇ ਖੱਜਲ ਖੁਆਰ ਹੋਏ ਨਗਰ ਨਿਗਮ ਨੇ ਪਾਣੀ ਨਿਕਾਸੀ ਲਈ ਮੋਟਰਾਂ ਚਲਾਈਆਂ ਪ੍ਰੰਤੂ ਕਾਰਗਰ ਨਾ ਸਿੱਧ ਹੋ ਸਕੀਆਂ ਲੋਕਾਂ ਦਾ ਕਹਿਣਾ ਸੀ ਕਿ ਹਰ ਵਾਰ ਦੀ ਬਾਰਸ਼ ਨਾਲ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ ਪਰ ਅਧਿਕਾਰੀ ਕੋਈ ਕਾਰਵਾਈ ਕਰਨ ਦੀ ਬਜਾਏ ਮੀਟਿੰਗਾਂ ਤੇ ਜੋਰ ਦਿੰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਆਓ ਜਾਣੀਏ ਹੋਮਿਓਪੈਥਿਕ ਦੇ ਜਨਮਦਾਤਾ ਡਾਕਟਰ ਸੈਮੂਅਲ ਫ੍ਰੈਡਰਿਕ ਹੈਨੀਮੈਨ ਬਾਰੇ

ਜਿਆਦਾ ਮੀਂਹ ਕਰਕੇ ਸਮੱਸਿਆ ਆਈ: ਪੁਰੀ

ਤ੍ਰਿਵੈਣੀ ਕੰਪਨੀ ਦੇ ਬੁਲਾਰੇ ਸਾਹਿਲ ਪੁਰੀ ਦਾ ਕਹਿਣਾ ਸੀ ਕਿ ਪਾਣੀ ਨਿਕਾਸੀ ਲਈ 15 ਥਾਵਾਂ ‘ਤੇ ਮੋਟਰਾਂ ਚੱਲ ਰਹੀਆਂ ਹਨ ਉਨ੍ਹਾਂ ਆਖਿਆ ਕਿ ਅੱਜ ਤਾਂ ਜ਼ਿਆਦਾ ਬਾਰਸ਼ ਕਰਕੇ ਹੀ ਸਮੱਸਿਆ ਆਈ ਹੈ ਉਨ੍ਹਾਂ ਦੱਸਿਆ ਕਿ ਜੇ ਹੋਰ ਮੀਂਹ ਨਾ ਪਿਆ ਤਾਂ ਦੋ ਤਿੰਨ ਘੰਟਿਆਂ ਤੱਕ ਪਾਣੀ ਨਿਕਲ ਜਾਣ ਦੀ ਸੰਭਾਵਨਾ ਹੈ।

ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਾਇਤਾ ਦੀ ਪੇਸ਼ਕਸ਼

ਸਾਬਕਾ ਕੌਂਸਲਰ  ਵਿਜੇ ਕੁਮਾਰ ਸ਼ਰਮਾਂ ਨੇ ਅੱਜ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਲਾਗੇ ਖਲੋਤੇ ਚਾਰ ਤੋਂ ਪੰਜ ਫੁੱਟ ਪਾਣੀ ਵਿਚ ਕਿਸ਼ਤੀ ਚਲਾਕੇ ਰੋਸ ਜਤਾਇਆ ਸ੍ਰੀ ਸ਼ਰਮਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਪੇਸ਼ਕਸ਼ ਕੀਤੀ ਹੈ । ਕਿ ਜੇਕਰ ਉਹ ਬੇਵੱਸ ਹਨ ਤਾਂ ਉਹ ਬਠਿੰਡਾ ਚੋਂ ਪਾਣੀ ਕੱਢਣ ਲਈ ਸਹਾਇਤਾ ਕਰਨ ਵਾਸਤੇ ਤਿਆਰ ਹਨ। ਸਾਬਕਾ ਕੌਂਸਲਰ ਨੇ ਕਿਹਾ ਕਿ ਬਠਿੰਡਾ ਪਿਛਲੇ ਕਾਫੀ ਵਰ੍ਹਿਆਂ ਤੋਂ ਪਾਣੀ ਦੀ ਨਿਕਾਸੀ ਦਾ ਸੰਤਾਪ ਹੰਢਾਉਂਦਾ ਆ ਰਿਹਾ ਹੈ ਤੇ ਹਕੂਮਤ ਇਹ ਸਮੱਸਿਆ ਹੱਲ ਕਰਨ ‘ਚ ਫੇਲ੍ਹ ਰਹੀ ਹੈ।