ਸ੍ਰੀਨਗਰ (ਏਜੰਸੀ)। ਉੱਤਰ ਕਸ਼ਮੀਰ ਵਿੱਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਅੱਜ ਹੜਤਾਲ ਦੌਰਾਨ ਇੱਕ ਜ਼ੋਰਦਾਰ ਧਮਾਕੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਇੱਕ ਸ਼ਕਤੀਸ਼ਾਲੀ ਬੰਬ ਧਮਾਕੇ ਨੂੰ ਇੱਕ ਦੁਕਾਨ ਦੇ ਹੇਠਾਂ ਲਾ ਰੱਖਿਆ ਸੀ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਘਟਨਾ ਤੋਂ ਬਾਅਦ ਖੁਫ਼ੀਆ ਅਧਿਕਾਰੀਆਂ ਨੇ ਹੋਰ ਬੰਬ ਧਮਾਕਿਆਂ ਦਾ ਸ਼ੱਕ ਪ੍ਰਗਟਾਇਆ ਹੈ, ਜਿਸ ਨੂੰ ਵੇਖਦੇ ਹੋਏ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰ ਦੀ ਹੈ। ਅੱਤਵਾਦੀਆਂ ਨੇ ਇੱਕ ਦੁਕਾਨ ਵਿੱਚ ਆਈਈਡੀ ਵਿਛਾਈ ਹੋਈ ਸੀ। ਜਿਉਂ ਹੀ ਉੱਥੋਂ ਪੁਲਿਸ ਪਾਰਟੀ ਲੰਘੀ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕਰ ਦਿੱਤਾ ਗਿਆ। ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਪਛਾਣਾ ਏਐਸਆਈ ਇਰਸ਼ਾਦ ਮੁਹੰਮਦ, ਕੁਪਵਾੜਾ ਦੇ ਕਾਂਸਟੇਬਲ ਮੁਹੰਮਦ ਅਮੀਨ, ਸੋਪੋਰ ਤੋਂ ਕਾਂਸਟੇਬਲ ਗਲਾਮ ਨਬੀ ਅਤੇ ਹੰਦਵਾੜਾ ਤੋਂ ਕਾਂਸਟੇਬਲ ਮੁਹੰਮਦ ਅਮੀਨ ਦੇ ਰੂਪ ਵਿੱਚ ਹੋਈ ਹੈ।
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਆਈਈਡੀ ਧਮਾਕੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੌਤ ‘ਤੇ ਡੂੰਘੇ ਦੁੱਖ ਦੇ ਇਜ਼ਹਾਰ ਕਰਦਿਆਂ ਦੁਖੀ ਪਰਿਵਾਰਾਂ ਪ੍ਰਤੀ ਡੂੰਘਾ ਦੁੱਖ ਪ੍ਰਗਟਾਇਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸੋਪੋਰ ਤੋਂ ਇੱਕ ਬਹੁਤ ਦੁਖਦਾਈ ਖ਼ਬਰ ਹੈ। ਜੰਮੂ-ਕਸ਼ਮੀਰ ਦੇ ਚਾਰ ਬਹਾਦਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਸ਼ਹੀਦ ਹੋ ਗਏ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।