ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News ਸੱਭਿਆਚਾਰ ਦਾ ਅ...

    ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ ਪੰਜਾਬ ਦੇ ਲੋਕ-ਗੀਤ

    ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ ਪੰਜਾਬ ਦੇ ਲੋਕ-ਗੀਤ

    ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ। ਸਾਡੀ ਇਸ ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਵੱਖ-ਵੱਖ ਰੁੱਤਾਂ ਅਤੇ ਮੌਸਮ ਹਨ। ਪੰਜਾਬੀ ਮਾਂ-ਬੋਲੀ ਦਾ ਦੁਨੀਆਂ ਦੀਆਂ ਬੋਲੀਆਂ ਵਿੱਚ ਵਿਲੱਖਣ ਅਤੇ ਅਹਿਮ ਸਥਾਨ ਹੈ। ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਲੋਕ ਗੀਤ ਦੁਨੀਆਂ ਵਿੱਚ ਆਪਣੀ ਵੱਖਰੀ ਟੌਹਰ ਰੱਖਦੇ ਹਨ। ਸਾਡੇ ਸੱਭਿਆਚਾਰ ਦੀ ਹਰ ਵੰਨਗੀ, ਰੁੱਤ, ਮੌਸਮ, ਰੁੱਤਾਂ, ਤਿਉਹਾਰਾਂ, ਪੰਜਾਬ ਦੀ ਸਮਾਜਿਕ, ਰਾਜਨੀਤਕ, ਧਾਰਮਿਕ ਸਥਿਤੀ, ਰਿਸ਼ਤੇ-ਨਾਤੇ, ਖੁਸ਼ੀ, ਗਮੀ ਆਦਿ ਨੂੰ ਦਰਸਾਉਂਦੇ ਲੇਖ, ਕਵਿਤਾਵਾਂ, ਗੀਤ, ਨਾਟਕ ਆਦਿ ਸਾਡੇ ਸਾਹਿਤਕਾਰਾਂ ਰਚੇ ਹਨ।

    ਅੱਜ ਇੱਥੇ ਸਿਰਫ ਪੰਜਾਬੀ ਮਾਂ-ਬੋਲੀ ਦੀ ਆਨ, ਬਾਨ ਅਤੇ ਸ਼ਾਨ ਨੂੰ ਬਰਕਰਾਰ ਰੱਖਦੇ ਤੇ ਪੰਜਾਬੀ ਵਿਰਸੇ ਦੀ ਅਮੀਰੀ ਦਰਸਾਉਂਦੇ ਲੋਕ-ਗੀਤਾਂ ਦਾ ਜ਼ਿਕਰ ਕਰਾਂਗੇ। ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ-ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ। ਲੋਕ-ਗੀਤਾਂ ਦੀ ਰਚਨਾ ਕਿਸੇ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿੱਕਲੇ ਹਨ। ਲੋਕ ਗੀਤਾਂ ਵਿੱਚ ਲੇਖਕਾਂ ਦੀ ਸਾਦਗੀ, ਸਰਲਤਾ, ਅਲਬੇਲਾਪਣ ਤੇ ਗੂੜ੍ਹੀ ਸਾਂਝ ਛੁਪੀ ਹੁੰਦੀ ਹੈ।

    ਲੋਕ ਗੀਤ ਮਨੁੱਖੀ ਮਨ ’ਚੋਂ ਉੱਠਣ ਵਾਲੀਆਂ ਸੱਧਰਾਂ, ਤਾਂਘਾਂ, ਉਬਾਲਾਂ, ਪਿਆਰ ਦਾ ਇਜ਼ਹਾਰ, ਹਾਉਕੇ-ਹਾਵਾਂ ਦਾ ਆਪ-ਮੁਹਾਰਾ ਪ੍ਰਗਟਾਅ ਹੁੰਦੇ ਹਨ। ਪੰਜਾਬੀ ਲੋਕ-ਗੀਤ ਇਸ ਦਿ੍ਰਸ਼ਟੀ ਤੋਂ ਵਧੇਰੇ ਭਾਵਪੂਰਨ ਹਨ, ਕਿਉਂਕਿ ਪੰਜਾਬੀਆਂ ਦਾ ਜੀਵਨ ਵਧੇਰੇ ਕਠਿਨਾਈਆਂ ਭਰਪੂਰ, ਘੋਲਾਂ, ਸੰਗਰਾਮਾਂ, ਪਿਆਰ ਅਤੇ ਕੁਰਬਾਨੀਆਂ ਦਾ ਜੀਵਨ ਹੈ। ਲੋਕ ਗੀਤਾਂ ਦੇ ਅਨੇਕਾਂ ਰੂਪ ਹਨ; ਜਿਵੇਂ ਖੁਸ਼ੀ-ਗਮੀ ਦੇ ਗੀਤ, ਝੂਮਰ, ਢੋਲਾ, ਟੱਪੇ, ਮਾਹੀਆ, ਬੋਲੀਆਂ ਆਦਿ। ਜੀਵਨ ਦੀ ਹਰ ਰਸਮ, ਹਰ ਰੀਤ, ਹਰ ਰਿਵਾਜ਼ ਗੀਤਾਂ ਦੀ ਕੋਮਲ ਅਤੇ ਮਿੱਠੀ ਧੁਨ ਦੁਆਲੇ ਕੇਂਦਰਿਤ ਹੈ। ਆਉ! ਲੋਕ ਗੀਤਾਂ ਦੀਆਂ ਵੱਖੋ-ਵੱਖ ਵੰਨਗੀਆਂ ’ਤੇ ਸੰਖੇਪ ਝਾਤ ਮਾਰੀਏ।

    ਬਚਪਨ ਦੇ ਗੀਤ-

    ਜਦੋਂ ਘਰ ਵਿੱਚ ਬੱਚਾ ਜੰਮਦਾ ਹੈ ਤਾਂ ਪਰਿਵਾਰ ਦੇ ਜੀਆਂ ਦੇ ਮਨ ’ਚ ਖੁਸ਼ੀ ਹੋਣਾ ਲਾਜਮੀ ਹੈ। ਬੱਚੇ ਦੀ ਮਾਂ, ਭੂਆ, ਦਾਦੀ, ਨਾਨੀ, ਚਾਚੀ, ਤਾਈ, ਮਾਸੀਆਂ ਉਸਨੂੰ ਲੋਰੀਆਂ ਦਿੰਦੀਆਂ ਨਹੀਂ ਥਕਦੀਆਂ।

    ਮਾਂ ਆਪਣੇ ਦਿਲ ਦੇ ਟੁਕੜੇ ਨੂੰ ਲੋਰੀਆਂ ਦਿੰਦੀ ਹੈ ਅਤੇ ਸੁਰ ਅਤੇ ਲੈਅ ਵਿਚ ਗਾਉਂਦੀ ਹੈ:-

    ਲੋਰੀ ਲੱਕੜੇ,..ਊਂ..ਊਂ…
    ਤੇਰੀ ਮਾਂ ਸਦੱਕੜੇ,..ਊਂ…ਊਂ…
    ਨਾਨਕੇ ਘਰ ਮਾਸੀ ਪਿੱਠ ਥਾਪੜਦੀ ਗਾਉਂਦੀ ਹੈ:-
    ਸੌਂ ਜਾ ਕਾਕਾ ਤੂੰ, ਤੇਰੇ ਬੋਦੇ ਵੜ ਗਈ ਜੂੰ।
    ਕੱਢਣ ਵਾਲੀਆਂ ਮਾਸੀਆਂ, ਕਢਾਉਣ ਵਾਲਾ ਤੂੰ।
    ਦਾਦਕੇ ਘਰ ਜੰਮੇ ਬੱਚੇ ਨੂੰ ਚਾਅ ਨਾਲ ਖੀਵੀ ਹੋਈ ਭੂਆ ਲੋਰੀਆਂ ਦਿੰਦੀ ਹੈ:-
    ਕਾਕੜੀਆਂ, ਬਲਾਕੜੀਆਂ, ਟਾਹਲੀਆਂ ਤੇਰੇ ਬੱਚੇ,
    ਨਾਨਾ ਤੇਰਾ ਢੋਲ ਵਜਾਵੇ, ਨਾਨੀ ਤੇਰੀ ਨੱਚੇ
    ਕਿੱਕਲੀ ਪਾਉਂਦੀਆਂ ਕੁੜੀਆਂ ਆਪਣੇ ਵੀਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ ਝੂਮਦੀਆਂ ਤੇ ਗਾਉਂਦੀਆਂ ਹਨ:-
    ਕਿੱਕਲੀ ਕਲੀਰ ਦੀ ,ਪੱਗ ਮੇਰੇ ਵੀਰ ਦੀ।
    ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

    ਵਿਆਹ ਸਮੇਂ ਦੇ ਗੀਤ:-

    ਵਿਆਹ ਸਮੇਂ ਦੀ ਖੁਸ਼ੀ ਦਾ ਮਾਹੌਲ ਚਾਵਾਂ ਮਲ੍ਹਾਰਾਂ ਵਾਲਾ ਹੁੰਦਾ ਹੈ। ਇਸ ਵੇਲੇ ਗੀਤਾਂ ਦਾ ਜਿਵੇਂ ਹੜ੍ਹ ਆ ਜਾਂਦਾ ਹੈ। ਵਿਆਹ ਤੋਂ ਕੁੱਝ ਕੁ ਦਿਨ ਪਹਿਲਾਂ ਘਰ ਵਿੱਚ ਗਾਉਣ ਬਿਠਾਇਆ ਜਾਂਦਾ ਹੈ। ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ। ਸਾਡੇ ਸੱਭਿਆਚਾਰਕ ਵਿਰਾਸਤ ’ਚ ਸੁਹਾਗ ਸੰਬੰਧੀ ਲੋਕ ਗੀਤ :-

    1. ਬਾਬਲ ਨੂੰ ਆਖ ਰਹੀ,
    ਮੇਰਾ ਅੱਸੂ ਦਾ ਕਾਜ ਰਚਾਵੀਂ।
    ਤੇਰਾ ਅੰਨ ਨਾ ਤਰੱਕੇ ਕੋਠੜੀ,
    ਤੇਰਾ ਦਹੀਂ ਨਾ ਉਬਾਲਿਆ ਜਾਏ।

    2. ਦੇਵੀਂ ਵੇ ਬਾਬਲ ਓਸ ਘਰੇ,
    ਜਿੱਥੇ ਸੱਸ ਭਲੀ ਪਰਧਾਨ
    ਸਹੁਰਾ ਸਰਦਾਰ ਹੋਵੇ।

    ਮੁੰਡੇ ਘਰ ਵਿੱਚ ਵੀ ਇਸ ਖੁਸ਼ੀਆਂ-ਖੇੜੇ ਭਰੇ ਮਾਹੌਲ ਵਿੱਚ ਘੋੜੀਆਂ, ਗੀਤ ਗਾਏ ਜਾਂਦੇ ਹਨ।

    1. ਹਰਿਆ ਨੀ ਮਾਏ, ਹਰਿਆ ਨੀ ਭੈਣੇ,
    ਹਰਿਆ ਤੇ ਭਾਗੀਂ ਭਰਿਆ ।
    ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ।
    ਸੋਈਓ ਦਿਹਾੜਾ ਭਾਗੀਂ ਭਰਿਆ।

    2. ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
    ਚਾਂਦੀ ਦੇ ਪੈਂਖੜ ਪਾਏ ਰਾਮਾ।
    ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
    ਲੱਠੇ ਨੇ ਖੜ-ਖੜ ਲਾਈ ਰਾਮਾ।

    ਸਾਡੇ ਸੱਭਿਆਚਾਰ ’ਚ ਵਟਣਾ ਮਲਣਾ ਵਿਆਹ ਵੇਲੇ ਦੀ ਇੱਕ ਅਹਿਮ ਰਸਮ ਹੁੰਦੀ ਹੈ। ਇਸ ਨੂੰ ਨਹਾਈ-ਧੋਈ ਦੀ ਰਸਮ ਵੀ ਕਿਹਾ ਜਾਂਦਾ ਹੈ। ਇਸ ਸਮੇਂ ਮੁੰਡੇ ਅਤੇ ਕੁੜੀ ਦੇ ਘਰ ਦੀਆਂ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ :-

    ਆਂਗਨ ਸਾਡੇ ਚੀਕਣਾ ਵੇ,
    ਕੀਹਨੇ ਡੋਲ੍ਹਿਆ ਪਾਣੀ।
    ਬਾਬੇ ਦਾ ਪੋਤਾ ਨਾਤੜਾ ਵੇ,
    ਉਹਨੇ ਡੋਲ੍ਹਿਆ ਪਾਣੀ।
    ਬਾਬਲ ਦਾ ਬੇਟਾ ਨਾਤੜਾ ਵੇ
    ਉਹਨੇ ਡੋਲ੍ਹਿਆ ਪਾਣੀ।

    ਫੁੱਲਾਂ ਭਰੀ ਚੰਗੇਰ ਇੱਕ ਤੋੜੀ ਦਾ ,
    ਜੀ ਐਸ ਵੇਲੇ ਜਰੂਰ ਮਾਮਾ ਲੋੜੀਦਾ।
    ਬਰਾਤ ਵਾਲੇ ਦਿਨ ਲਾੜੇ ਦੀਆਂ ਭੈਣਾਂ ਵੱਲੋਂ ਲਾੜੇ ਦੇ ਸਿਹਰਾ ਸਜਾਇਆ ਜਾਂਦਾ ਹੈ ਅਤੇ ਲੋਕ ਗਾਇਆ ਜਾਂਦਾ ਹੈ:-
    ਮੱਥੇ ’ਤੇ ਚਮਕਣ ਵਾਲ
    ਮੇਰੇ ਬੰਨੜੇ ਦੇ
    ਇੱਕ ਹੋਰ ਸਿਹਰਾ ਦਾ ਲੋਕ ਗੀਤ ਹੈ:-
    ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ
    ਬੰਨ੍ਹ ਨੀ ਲਾਲ ਜੀ ਦੇ ਮੱਥੇ।
    ਹਰਿਆ ਨੀ ਮਾਲਣ , ਹਰਿਆ ਨੀ ਭੈਣੇ
    ਹਰਿਆ ਤੇ ਬਾਗੀ ਭਰਿਆ।
    ਲੜਕੀ ਵਾਲਿਆਂ ਦੇ ਘਰ ਜੰਝ ਢੁੱਕਣ ’ਤੇ ਲਾੜੀ ਦੀਆਂ ਸਹੇਲੀਆਂ ਇਉਂ ਸੁਨੇਹਾ ਦਿੰਦੀਆਂ ਹਨ:-
    ਆਇਆ ਲਾੜੀਏ ਨੀ,
    ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
    ਆਇਆ ਤੇ ਸਦਾ ਰੰਗ ਲਾਇਆ ਨੀ,
    ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
    ਸਿੱਠਣੀਆਂ ਦੇ ਗੀਤ :-
    ਮੱਕੀ ਦਾਣਾ ਟਿੰਡ ਵਿੱਚ ਨੀ ,
    ਵਿਚੋਲਾ ਨੀ ਰੱਖਣਾ ਪਿੰਡ ਵਿੱਚ ਨੀ।
    ਡੋਲੀ ਦੇ ਗੀਤ-
    ਸਾਡੇ ਲੋਕ ਗੀਤ ਡੋਲੀ ਤੋਰਨ ਵੇਲੇ ਵਿਆਹੀ ਜਾਣ ਵਾਲੀ ਕੁੜੀ ਦੇ ਦਿਲ ਦੀ ਹੂਕ ਅਤੇ ਭਾਵਨਾਵਾਂ ਨੂੰ ਵੀ ਪ੍ਰਗਟਾਉਂਦੇ ਹਨ।
    ਮੇਰੀ ਡੋਲੀ ’ਤੇ ਪਾ ਦਿਉ ਲੋਈ,
    ਮੈਂ ਅੱਜ ਪਰਦੇਸਣ ਹੋਈ।
    ਮੇਰੀ ਡੋਲੀ ’ਤੇ ਪਾ ਦਿਉ ਖੇਸ
    ਮੈਂ ਜਾਣਾ ਬਿਗਾਨੇ ਦੇਸ।

    ਭੈਣ ਭਰਾ ਦੇ ਰਿਸ਼ਤੇ ਦੇ ਗੀਤ-

    ਭੈਣ ਤੇ ਭਰਾ ਦੇ ਰਿਸ਼ਤੇ ਵਿੱਚ ਅੰਤਾਂ ਦਾ ਪਿਆਰ ਛੁਪਿਆ ਹੁੰਦਾ ਹੈ। ਛੋਟੀ ਉਮਰ ਤੋਂ ਹੀ ਭੈਣ ਗੀਤਾਂ ਵਿੱਚ ਭਰਾ ਦੀਆਂ ਸੁੱਖਾ ਮੰਗਦੀ ਹੈ।

    ਇੱਕ ਵੀਰ ਦੇਈਂ ਵੇ ਰੱਬਾ
    ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।

    ਉੱਡੀਂ-ਉੱਡੀਂ ਵੇ ਕਾਵਾਂ, ਜਾਈਂ ਬਾਬਲ ਦੇ ਦੇਸ।
    ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ, ਰੋਊਗੀ ਗੁੱਡੀਆਂ ਫੋਲ ਕੇ।
    ਇੱਕ ਨਾ ਦੱਸੀ ਮੇਰੇ ਰਾਜੇ ਬਾਬਲ ਨੂੰ, ਰੋਊਗਾ ਕਚਹਿਰੀ ਛੱਡ ਕੇ…
    ਗਿੱਧੇ ਦੇ ਲੋਕ ਗੀਤ-
    ਕੱਠੀਆਂ ਹੋਕੇ ਆਈਆਂ ਗਿੱਧੇ ਵਿੱਚ ਇੱਕੋ ਜਿਹੀਆਂ ਮੁਟਿਆਰਾਂ,
    ਚਾਨਣ ਦੇ ਵਿੱਚ ਏਦਾਂ ਚਮਕਣ ਜਿਉ ਸੋਨੇ ਦੀਆਂ ਤਾਰਾਂ।
    ਦੂਹਰੀਆਂ ਹੋ ਹੋ ਨੱਚਣ ਕੁੜੀਆਂ, ਜਿਉਂ ਹਰਨਾਂ ਦੀਆਂ ਡਾਰਾਂ,
    ਜੋਰ ਜਵਾਨੀ ਦਾ ਲੁੱਟ ਲੈ ਮੌਜ ਬਹਾਰਾਂ।
    ਭੰਗੜੇ ਦੇ ਲੋਕ ਗੀਤ-
    ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ।
    ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਜਿਉਂ ਪਿੰਜਣੀ ਨਾਲ ਸੁਹਾਵੇ।
    ਗਿੱਧਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ।
    ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਗੀਤ ਹਨ, ਕਿਉਂਕਿ ਪੰਜਾਬੀ ਸਾਹਿਤ ਬਹੁਤ ਹੀ ਅਮੀਰ ਤੇ ਵਿਲੱਖਣਤਾ ਭਰਿਆ ਹੈ।
    -ਸਾਡਾ ਚਿੜੀਆਂ ਦਾ ਚੰਬਾ ਵੇ
    ਬਾਬਲ ਅਸਾਂ ਉੱਡ ਜਾਣਾ।
    -ਲੈ ਦਿਉਰਾ ਤੈਨੂੰ ਅੱਡ ਕਰ ਦੇਨੀ ਆ
    ਦੇ ਕੇ ਸੇਰ ਕੁ ਆਟਾ।
    ਵੇ ਨਿੱਤ ਕੌਣ ਲੜੇ
    ਕੌਣ ਪਵਾਵੇ ਝਾਟਾ।
    -ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ
    ਵੀਰ ਮੇਰੇ ਰਹਿਣ ਵੱਸਦੇ।
    -ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ,
    ਕਰਦੀਆਂ ਗਾਲੜੀਆਂ।
    ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
    ਰੁੱਤਾਂ ਦੇ ਗੀਤ:-
    ਚੇਤਰ ਨਾ ਜਾਈਂ ਚੰਨਾ
    ਖਿੜੀ ਬਹਾਰ ਵੇ।
    ਵਿਸਾਖ ਨਾ ਜਾਈਂ ਚੰਨਾ
    ਕੰਮਾਂ ਦੀ ਮਾਰ ਵੇ।
    ਤੀਆਂ ਦੇ ਗੀਤ-
    ਰਲ ਆਓ ਸਈਓ ਨੀ,
    ਸਭ ਤੀਆਂ ਖੇਡਣ ਜਾਈਏ।
    ਚੜ੍ਹ ਆ ਗਿਆ ਸਾਵਣ ਨੀ,
    ਪੀਘਾਂ ਪਿੱਪਲੀਂ ਜਾ ਕੇ ਪਾਈਏ।
    ਸੱਥਰ ਵੇਲੇ ਦੇ ਵੈਣ-
    ਤੈਨੂੰ ਮੌਤ ਪੁਛੇਂਦੀ ਆਈ, ਧੀਏ!
    ਹਾਇਆ ਧੀਏ!
    ਤੈਨੂੰ ਕੀ ਹੋਇਆ ਕੀ ਹੋਇਆ,
    ਬੀਬੋ ਮੋਰਨੀਏ!
    ਹਾਇਆ ਧੀਏ ਮੋਰਨੀਏ!
    ਨਸੀਹਤ ਵਾਲੇ ਗੀਤ:-
    ਢਾਈਏ ਢਾਈਏ ਢਾਈਏ,
    ਮਾਪੇ ਹੁੰਦੇ ਰੱਬ ਵਰਗੇ
    ਸਦਾ ਰੱਬ ਦਾ ਨਾਮ ਧਿਆਈਏ।

    ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਜਿੰਦ ਜਾਨ ਹਨ। ਇਹ ਸਾਡੀ ਸੱਭਿਆਚਾਰਕ ਅਮੀਰੀ, ਸਮਾਜਿਕ ਕਦਰਾਂ-ਕੀਮਤਾਂ, ਸਾਡੀ ਸ਼ਾਨ ਤੇ ਮਾਣ ਦਾ ਪ੍ਰਤੀਕ ਹਨ। ਇਨ੍ਹਾਂ ਨੂੰ ਸੰਭਾਲਣ ਲਈ ਬਹੁਤ ਲੋੜ ਹੈ, ਨਹੀਂ ਤਾਂ ਅਸੀਂ ਇੱਕ ਦਿਨ ਸਾਡੀ ਇਸ ਅਮੀਰ ਵਿਰਾਸਤ ਤੋਂ ਵਿਰਵੇ ਹੋ ਜਾਵਾਂਗੇ।

    ਇੰਜੀ. ਸਤਨਾਮ ਸਿੰਘ ਮੱਟੂ
    ਬੀਂਬੜ੍ਹ, ਸੰਗਰੂਰ
    ਮੋ. 97797-08257

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here