ਡਾ.ਓਬਰਾਏ ਨਾ ਫੜਦੇ ਬਾਂਹ ਤਾਂ ਵਾਪਸ ਆਉਣਾ ਸੀ ਅਸੰਭਵ : ਪੀੜਤ ਨੌਜਵਾਨ
ਅੰਮ੍ਰਿਤਸਰ,(ਰਾਜਨ ਮਾਨ) ਦੁਬਈ ਅੰਦਰ ਪਾਕਿਸਤਾਨੀ ਕੰਪਨੀ ਮਾਲਕ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਲਵਾਰਸਾਂ ਵਾਂਗ ਰੁਲਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ ਨੂੰ ਆਪਣੇ ਖਰਚੇ ‘ਤੇ ਵਾਪਸ ਭੇਜਣ ਦਾ ਬੀੜਾ ਚੁੱਕਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅੱਜ ਬਾਕੀ ਬਚਦੇ 5 ਨੌਜਵਾਨ ਵੀ ਦੁਬਈ ਤੋਂ ਵਾਪਸ ਵਤਨ ਭੇਜ ਕੇ ਆਪਣੇ ਆਪਣੇ ਕਹੇ ਬੋਲ ਪੁਗਾ ਦਿੱਤੇ ਹਨ
ਡਾ. ਐਸ.ਪੀ. ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਨੌਜਵਾਨਾਂ ਨੂੰ ਹਵਾਈ ਅੱਡੇ ਤੋਂ ਲੈਣ ਲਈ ਉਚੇਚੇ ਤੌਰ ‘ਤੇ ਪਹੁੰਚੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਖਜ਼ਾਨਚੀ ਨਵਜੀਤ ਸਿੰਘ ਘਈ ਆਦਿ ਨੇ ਦੱਸਿਆ ਕਿ ਦੁਬਈ ਦੀ ਮਦਾਰ ਅਲ ਫ਼ਲਕ ਨਾਮੀ ਇੱਕ ਕੰਪਨੀ ਨੇ ਸਕਿਓਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਸਬੰਧਿਤ ਉਸ ਕੰਪਨੀ ਮਾਲਕ ਉਕਤ ਨੌਜਵਾਨਾਂ ਨੂੰ ਕਈ ਮਹੀਨਿਆਂ ਦੀ ਤਨਖ਼ਾਹ ਦਿੱਤੇ ਬਿਨ੍ਹਾਂ ਹੀ ਆਪਣੀ ਕੰਪਨੀ ਨੂੰ ਬੰਦ ਕਰਕੇ ਭੱਜ ਗਿਆ ਸੀ
ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਹੋਣਾ ਪਿਆ ਸੀ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੇ ਡਾ.ਓਬਰਾਏ ਦੇ ਸੰਪਰਕ ‘ਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਡਾ. ਓਬਰਾਏ ਨੇ ਇਨ੍ਹਾਂ ਨੌਜਵਾਨਾਂ ਨੂੰ ਜਿੱਥੇ ਰਹਿਣ ਲਈ ਛੱਤ ਦੇਣ ਤੋਂ ਇਲਾਵਾ ਤਿੰਨ ਸਮੇਂ ਦਾ ਖਾਣਾ ਮੁਹੱਈਆ ਕਰਵਾਇਆ
ਉੱਥੇ ਹੀ ਇਨ੍ਹਾਂ ਨੌਜਵਾਨਾਂ ਦੇ ਵਾਪਸ ਆਉਣ ਲਈ ਸਾਰੇ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਤੋਂ ਬਾਅਦ ਦੁਬਈ ਤੋਂ ਭਾਰਤ ਦੀਆਂ ਹਵਾਈ ਟਿਕਟਾਂ, ਜੁਰਮਾਨੇ, ਓਵਰਸਟੇਅ ਦਾ ਸਾਰਾ ਖਰਚਾ ਵੀ ਉਨ੍ਹਾਂ ਖੁਦ ਕਰਕੇ ਅੱਜ ਆਪਣੇ ਕਹੇ ਬੋਲਾਂ ਨੂੰ ਪੁਗਾਉਂਦਿਆਂ ਸਾਰੇ ਦੇ ਸਾਰੇ 29 ਨੌਜਵਾਨਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ‘ਚ ਪਹੁੰਚਾ ਦਿੱਤਾ ਹੈ
ਦੁਬਈ ਤੋਂ ਵਤਨ ਪੁੱਜੇ ਊਨਾ (ਹਿਮਾਚਲ ਪ੍ਰਦੇਸ਼) ਦੇ ਨੌਜਵਾਨ ਨੀਰਜ ਕੁਮਾਰ, ਜਿਲ੍ਹਾ ਰੋਪੜ ਦੇ ਦਰਸ਼ਨਪ੍ਰੀਤ ਸਿੰਘ ਤੇ ਅਜੇ ਕੁਮਾਰ, ਫ਼ਤਿਹਗੜ੍ਹ ਸਾਹਿਬ ਦੇ ਲਵਪ੍ਰੀਤ ਸਿੰਘ ਜਦ ਕਿ ਮੁਹਾਲੀ ਦੇ ਉਮੇਸ਼ ਕੁਮਾਰ ਨੇ ਨਮ ਅੱਖਾਂ ਨਾਲ ਬੇਗਾਨੀ ਧਰਤੀ ‘ਤੇ ਉਨ੍ਹਾਂ ਨਾਲ ਹੋਏ ਵੱਡੇ ਧੋਖੇ ਤੋਂ ਬਾਅਦ ਵਾਪਰੇ ਘਟਨਾਕ੍ਰਮ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਵਿਦੇਸ਼ ਭੇਜਿਆ ਸੀ ਪਰ ਜੋ ਕੁਝ ਉਥੇ ਉਨ੍ਹਾਂ ਨਾਲ ਵਾਪਰਿਆ
ਉਸ ਨੂੰ ਸੋਚ ਕੇ ਹੁਣ ਵੀ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਡਾ.ਐੱਸ.ਪੀ.ਸਿੰਘ ਓਬਰਾਏ ਇਸ ਔਖੇ ਸਮੇਂ ‘ਚ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਉਹ ਕਦੇ ਵੀ ਵਾਪਸ ਆਪਣੇ ਮਾਪਿਆਂ ਕੋਲ ਨਹੀਂ ਆ ਸਕਦੇ ਸਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਲ 29 ਨੌਜਵਾਨਾਂ ‘ਚੋਂ ਪੰਜਾਬ ਦੇ 18, ਹਰਿਆਣਾ ਦੇ 6,ਹਿਮਾਚਲ ਦੇ 4 ਅਤੇ ਦਿੱਲੀ ਦਾ 1 ਨੌਜਵਾਨ ਸ਼ਾਮਲ ਸੀ ਇਸ ਮੌਕੇ ਉਕਤ ਨੌਜਵਾਨਾਂ ਦੇ ਮਾਪਿਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਢਿੱਲੋਂ ਵੀ ਮੌਜੂਦ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।