ਪਹਿਲੀ ਵਾਰ ਆਨਲਾਈਨ ਹੋਏ 4551ਅਧਿਆਪਕਾਂ ਦੇ ਤਬਾਦਲੇ 

First Time, 4551 Teachers, Online Transfers

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਟਨ ਦਬਾ ਕੇ ਕੀਤੀ ਗਈ ਤਬਾਦਲੇ ਕਰਨ ਦੀ ਸ਼ੁਰੂਆਤ

ਖ਼ੁਦ ਅਮਰਿੰਦਰ ਸਿੰਘ ਨੇ ਮੰਨਿਆ ਕਿ ਤਬਾਦਲਾ ਕਰਵਾਉਣ ਦੇ ਮਾਮਲੇ ‘ਚ ਹੁੰਦਾ ਸੀ ਭ੍ਰਿਸ਼ਟਾਚਾਰ

ਸਿੱਖਿਆ ਵਿਭਾਗ ਤੋਂ ਬਾਅਦ ਹੁਣ ਹੋਰ ਵਿਭਾਗਾਂ ਵਿੱਚ ਵੀ ਲਾਗੂ ਹੋਏਗੀ ਇਹ ਆਨਲਾਈਨ ਤਬਾਦਲਾ ਨੀਤੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਿੱਖਿਆ ਵਿਭਾਗ ਪੰਜਾਬ ‘ਚ ਤਬਾਦਲਾ ਕਰਵਾਉਣ ਦੇ ਮਾਮਲੇ ‘ਚ ਚਲ ਰਹੇ ਲੱਖਾਂ ਰੁਪਏ ਦੇ ਭ੍ਰਿਸ਼ਟਾਚਾਰ ਨੂੰ ਮੰਗਲਵਾਰ ਤੋਂ ਖ਼ਤਮ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵਿੱਚ ਪਹਿਲੀ ਵਾਰ ਮੈਰਿਟ ਦੇ ਅਧਾਰ ‘ਤੇ ਆਨਲਾਈਨ ਰਾਹੀਂ ਤਬਾਦਲੇ ਕੀਤੇ ਗਏ ਹਨ। ਕਾਂਗਰਸ ਸਰਕਾਰ ਲਈ ਇਹ ਸਭ ਤੋਂ ਵੱਡਾ ਮੌਕਾ ਸੀ ਤਾਂ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਨ੍ਹਾਂ ਤਬਾਦਲੇ  ਕਰਦੇ ਹੋਏ ਕੰਪਿਊਟਰ ਦਾ ਬਟਨ ਦਬਾਉਂਦੇ ਹੋਏ ਉਦਘਾਟਨ ਕੀਤਾ। ਅਮਰਿੰਦਰ ਸਿੰਘ ਵੱਲੋਂ ਇੱਕ ਕਲਿਕ ਕਰਦੇ ਹੀ 4551 ਅਧਿਆਪਕਾਂ ਦੇ ਤਬਾਦਲੇ ਦਾ ਉਨ੍ਹਾਂ ਕੋਲ ਮੈਸੇਜ਼ ਵੀ ਚਲਾ ਗਿਆ ਮੈਰਿਟ ‘ਚ ਨਾ ਆਉਣ ਕਰਕੇ 6506 ਅਧਿਆਪਕਾਂ ਦਾ ਤਬਾਦਲਾ ਨਹੀਂ ਹੋ ਸਕਿਆ

ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਤਬਾਦਲਾ ਕਰਵਾਉਣ ਲਈ ਇੱਕ-ਇੱਕ ਅਧਿਆਪਕ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਤੱਕ ਦੇਣੀ ਪੈਂਦੀ ਸੀ ਪਰ ਹੁਣ ਸਿੱਖਿਆ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੋਣ ਦਾ ਮਾਮਲਾ ਪੁਰਾਣਾ ਹੋਣ ਦੀ ਕਗਾਰ ‘ਤੇ ਪੁੱਜ ਗਿਆ ਹੈ। ਇਸ ਆਨਲਾਈਨ ਤਬਾਦਲਾ ਨੀਤੀ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੀਤੀ ਨੂੰ ਹੋਰਨਾਂ ਵਿਭਾਗਾਂ ਵਿੱਚ ਲਾਗੂ ਕਰਨ ਦੀ ਵੀ ਉਨ੍ਹਾਂ ਦੀ ਸਰਕਾਰ ਦੀ ਯੋਜਨਾ ਹੈ।  ਇਸ ਪ੍ਰਣਾਲੀ ਨਾਲ ਮੁਕੰਮਲ ਪਾਰਦਰਸ਼ਤਾ ਦਾ ਯੁਗ ਸ਼ੁਰੂ ਹੋ ਗਿਆ ਹੈ। ਕੰਪਿਊਟਰ ਨਾਲ ਚੱਲਣ ਵਾਲੀ ਇਸ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਹੇਠ ਕਾਰਗੁਜ਼ਾਰੀ ਨੂੰ ਸਥਾਨ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਆਨ ਲਾਈਨ ਤਬਾਦਲਾ ਹੁਕਮ ਜਾਰੀ ਕਰਨ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਬਾਦਲਿਆਂ ਲਈ ਕੁਲ 11063 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਵਿਚੋਂ 4551 ਲਈ ਆਡਰ ਜਾਰੀ ਕਰ ਦਿੱਤੇ ਹਨ ਜਦਕਿ ਪਹਿਲੇ ਗੇੜ ਦੌਰਾਨ 6506 ਅਰਜ਼ੀਆਂ ‘ਤੇ ਕਾਰਵਾਈ ਨਹੀਂ ਕੀਤੀ ਗਈ।

ਇਸ ਮਕਸਦ ਲਈ ਸਕੂਲਾਂ ਨੂੰ 5 ਜ਼ੋਨਾਂ ਵਿੱਚ ਵੰਡਿਆਂ ਗਿਆ ਸੀ। ਤਬਾਦਲਿਆਂ ਦੇ ਵਿਰੁੱਧ ਦਾਅਵਿਆਂ ਦਾ ਫੈਸਲਾ ਕਰਨ ਲਈ ਵਿਸਤ੍ਰਿਤ ਮਾਪ-ਦੰਡ ਤਿਆਰ ਕੀਤੇ ਗਏ। ਇਨਾਂ ਮਾਪਦੰਡਾਂ ਵਿੱਚ ਸੇਵਾ ਕਾਲ, ਉਮਰ, ਔਰਤਾਂ, ਵਿਧਵਾਵਾਂ, ਤਲਾਕਸ਼ੁਦਾ, ਅਣਵਿਹਾਈਆਂ ਔਰਤਾਂ, ਅਪੰਗ ਵਿਅਕਤੀਆਂ, ਪਤੀ-ਪਤਨੀ ਕੇਸਾਂ ਵਰਗੀਆਂ ਵਿਸ਼ੇਸ਼ ਸ਼੍ਰੇਣੀਆਂ ਲਈ ਅੰਕ ਰੱਖੇ ਗਏ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀ ਕਾਰਗੁਜ਼ਾਰੀ ਲਈ ਕੁਲ 250 ਵਿੱਚੋਂ 90 ਅੰਕ ਮੁਹੱਈਆ ਕਰਵਾਏ ਗਏ। ਇਸ ਦੇ ਨਾਲ ਇਸ ਪ੍ਰਣਾਲੀ ਨੂੰ ਪੂਰੀ ਤਰਾਂ ਕਾਰਗੁਜ਼ਾਰੀ ਅਧਾਰਿਤ ਬਣਾਇਆ ਗਿਆ। ਇਸ ਵਿੱਚ ਅਧਿਆਪਕਾਂ ਦੇ ਨਤੀਜੇ, ਸਲਾਨਾ ਗੁਪਤ ਰਿਪੋਰਟ ਆਦਿ ਅਨੁਸਾਰ ਕਾਰਗੁਜ਼ਾਰੀ ਸ਼ਾਮਲ ਕੀਤੀ ਗਈ। ਇਸ ਤੋਂ ਇਲਾਵਾ 15 ਅੰਕ ਉਨਾਂ ਅਧਿਆਪਕਾਂ ਨੂੰ ਮੁਹੱਈਆ ਕਰਵਾਏ ਗਏ ਜਿਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ। ਇਸ ਦਾ ਉਦੇਸ਼ ਅਧਿਆਪਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਦੇ ਨਾਲ ਹੀ ਇਸ ਦਾ ਮਕਸਦ ਸਿੱਖਿਆ ਦੇ ਮਿਆਰ ਅਤੇ ਕਾਰਗੁਜ਼ਾਰੀ ਨੂੰ ਵੀ ਵਧਾਉਣਾ ਹੈ।

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੀ.ਡਬਲਯੂ.ਡੀ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਕੱਤਰ ਕ੍ਰਿਸ਼ਨ ਕੁਮਾਰ, ਵਿਸ਼ੇਸ਼ ਸਕੱਤਰ ਸਿੱਖਿਆ ਮਨਵੇਸ਼ ਸਿੱਧੂ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਡੀ.ਜੀ.ਐਸ.ਈ ਮੁਹੰਮਦ ਤਾਇਬ ਅਤੇ ਡੀ.ਪੀ.ਆਈ ਸੈਕੰਡਰੀ ਸੁਖਜੀਤਪਾਲ ਸਿੰਘ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।