ਮੋਹਾਲੀ ’ਚ ਪਟਾਖਿਆਂ ਦੀ ਵਿਕਰੀ ਲਈ 44 ਲਾਇਸੈਂਸ ਜਾਰੀ

Firecrackers

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੱਢਿਆ ਡਰਾਅ (Firecrackers)

  • ਦੀਵਾਲੀ ਅਤੇ ਗੁਰਪੁਰਬ ਮੌਕੇ ਕੇਵਲ ਦੋ ਘੰਟਿਆਂ ਲਈ ਚਲਾਏ ਜਾ ਸਕਣਗੇ ਪਟਾਖੇ‌

ਮੁਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਟਾਖਿਆਂ (Firecrackers)ਦੀ ਵਿਕਰੀ ਲਈ ਲੋਕਾਂ ਨੂੰ 44 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਲਾਇਸੈਂਸ ਜਾਰੀ ਕਰਨ ਲਈ ਅੱਜ ਡਰਾਅ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਨਗਰ ਨਿਗਮ ਦਮਨਦੀਪ ਕੌਰ, ਐਸ.ਡੀ.ਐਮ. ਐਸ.ਏ.ਐਸ.ਨਗਰ ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ) ਹਰਨਵਜੀਤ ਸਿੰਘ ਰੱਕੜ ਤੇ ਹੋਰ ਅਧਿਕਾਰੀ, ਕਰਮਚਾਰੀਆਂ ਅਤੇ ਆਮ ਪਬਲਿਕ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਰਾਹੀਂ ਕੱਢਿਆ ਗਿਆ। ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ ਵਿੱਚ ਨੇਪਰੇ ਚਾੜ੍ਹੀ ਗਈ।

ਇਹ ਵੀ ਪੜ੍ਹੋ : ਕਰਵਾ ਚੌਥ ’ਤੇ ਸੰਤ ਡਾ. ਐਮਐਸਜੀ ਦੇ ਸਪੈਸ਼ਲ ਬਚਨ

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਅਤੇ ਪੰਜਾਬ ਸਰਕਾਰ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਸਾਲ 2016 ਵਿੱਚ ਜਾਰੀ ਹੋਏ ਲਾਇਸੈਂਸਾਂ ਦੇ ਮੁਕਾਬਲੇ ਸਿਰਫ਼ 20 ਫੀਸਦੀ ਲਾਇਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।

ਜ਼ਿਲ੍ਹੇ ਭਰ ਦੇ 44 ਲਾਇਸੈਂਸਾਂ ਲਈ ਕੁੱਲ 1440 ਅਰਜ਼ੀਆਂ ਪ੍ਰਾਪਤ ਹੋਈਆਂ (Firecrackers)

ਡਰਾਅ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ਦੇ 44 ਲਾਇਸੈਂਸਾਂ ਲਈ ਕੁੱਲ 1440 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1425 ਠੀਕ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਬਨੂੰੜ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 1086 ਅਰਜ਼ੀਆਂ ਮਿਲੀਆਂ, ਖਰੜ, ਕੁਰਾਲੀ ਅਤੇ ਨਯਾ ਗਾਉਂ ਵਿੱਚ ਪਟਾਖਿਆਂ ਦੀ ਵਿਕਰੀ ਲਈ 8 ਲਾਇਸੈਂਸਾਂ ਵਾਸਤੇ 33 ਅਰਜ਼ੀਆਂ ਮਿਲੀਆਂ ਜਦੋਂ ਕਿ ਡੇਰਾਬਸੀ , ਲਾਲੜੂ ਅਤੇ ਜ਼ੀਰਕਪੁਰ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸ ਵਾਸਤੇ 321 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਲਈ ਸਿਰਫ਼ 12 ਥਾਵਾਂ ਨਿਰਧਾਰਿਤ

ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਨੂੰ ਸੁਚਾਰੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਅਮਿਤ ਤਲਵਾੜ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਲਈ ਸਿਰਫ਼ 12 ਥਾਵਾਂ ਨਿਰਧਾਰਿਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਚਤ ਸਮੇਂ ’ਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਖੇ ਚਲਾਉਣ ਅਤੇ ਬਿਨਾਂ ਲਾਇਸੈਂਸ ਤੋਂ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ।

ਦੀਵਾਲੀ ਵਾਲੇ ਦਿਨ ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟਾਖਕਿਆਂ ਦੇ ਵਪਾਰੀਆਂ ਨੂੰ ਸਥਾਈ ਲਾਇਸੈਂਸ ਜਾਰੀ ਕਰਨ ਤੋਂ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਆਰਜ਼ੀ ਲਾਇਸੈਂਸ ਜਾਰੀ ਕਰਨ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 24 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਅਤੇ ਮਿਤੀ 8 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਸ਼ਾਮ ਨੂੰ 09.00 ਵਜੇ ਤੋਂ 10.00 ਵਜੇ ਤੱਕ ਨਿਰਧਾਰਤ ਅਵਾਜ ਅੰਦਰ ਹੀ ਫਾਇਰ ਕਰੈਕਰਜ / ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।

ਬਿਨਾਂ ਲਾਇਸੰਸ ਤੋਂ ਕੋਈ ਵੀ ਪਟਾਕਿਆਂ ਦੀ ਵਿਕਰੀ ਨਹੀਂ ਕਰੇਗਾ

ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਫਾਇਰ ਕਰੈਕਰਜ / ਪਟਾਖੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਪਾਲਣਾ ਵੀ ਕਰੇਗਾ।ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਪਟਾਖੇ ਵੇਚਣ ਲਈ ਮਿਤੀ 22, 23 ਅਤੇ 24 ਅਕਤੂਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਅਤੇ ਗੁਰਪੁਰਬ ਮੌਕੇ 8 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਨਿਰਧਾਰਤ ਸਥਾਨਾਂ ਤੇ ਹੀ ਸਟਾਲ ਲਗਾਉਣ ਦੀ ਆਗਿਆ ਹੋਵੇਗੀ। ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ / ਪਟਾਖਿਆਂ ਦੀ ਸਟੋਰੇਜ਼ ਨਹੀਂ ਕਰੇਗਾ ਅਤੇ ਬਿਨਾਂ ਲਾਇਸੰਸ ਤੋਂ ਵਿਕਰੀ ਨਹੀਂ ਕਰੇਗਾ। ਪਟਾਖੇ ਵੇਚਣ ਸਬੰਧੀ ਨਿਰਧਾਰਤ ਥਾਵਾਂ ਅਤੇ ਮੁੱਖ ਸ਼ਰਤਾਂ ਅਤੇ ਵਧੇਰੇ ਜਾਣਕਾਰੀ ਲਈ ਵੈਬਸਾਈਟ www.sasnagar.nic.in ਤੇ ਵੇਖਿਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ