ਖਜ਼ਾਨਾ ਮੰਤਰੀ ਦੇ ਪਿਤਾ ਗੁਰਦਾਸ ਸਿੰਘ ਬਾਦਲ ਨਹੀਂ ਰਹੇ

ਲੰਮੇਂ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਸਨ ਪੀੜਤ

ਲੰਬੀ (ਮੇਵਾ ਸਿੰਘ)। ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ (Gurdas Badal) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੀ ਉਮਰ 90 ਸਾਲ ਸੀ।  ਗੁਰਦਾਸ ਸਿੰਘ ਬਾਦਲ ਨੇ ਵੀਰਵਾਰ ਦੇਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। ਪਿਛਲੇ ਹਫਤੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿਛਲੇ ਮਹੀਨੇ ਹੀ ਗੁਰਦਾਸ ਸਿੰਘ ਬਾਦਲ ਦੀ ਪਤਨੀ ਮਹਿੰਦਰ ਕੌਰ ਦਾ ਵੀ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਗੁਰਦਾਸ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ।

Manpreet Singh Badal

ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਆਪਣੇ ਟਵੀਟਰ ਹੈਂਡਲ ਤੇ ਫੇਸਬੁੱਕ ਅਕਾਊਂਟ ਰਾਹੀਂ ਦਿੱਤੀ। ਉਨ੍ਹਾਂ ਫੇਸਬੁੱਕ ਅਕਾਊਂਟ ‘ਤੇ ਲਿਖਿਆ ਹੈ ਕਿ ਪਿਛਲੇ ਮਹੀਨੇ ਦੀ ਉਹਨਾਂ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਸ. ਗੁਰਦਾਸ ਸਿੰਘ ਬਾਦਲ ਦੀ ਸਿਹਤ ਜ਼ਿਆਦਾ ਹੀ ਖ਼ਰਾਬ ਹੋ ਗਈ ਸੀ। ਜਿਸ ਕਾਰਨ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਟਵੀਟਰ ਹੈਂਡਲ ਤੇ ਫੇਸਬੁੱਕ ਅਕਾਊਂਟ

ਇਸ ਦੇ ਨਾਲ ਹੀ ਉਨ੍ਹਾਂ ਇਸ ਮੈਸੇਜ਼ ਜ਼ਰੀਏ ਨਿੱਜੀ ਪਰਿਵਾਰ ਤੋਂ ਇਲਾਵਾ ਸਾਰਿਆਂ ਨੂੰ ਸਸਕਾਰ ਦੌਰਾਨ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਲਈ ਬੇਨਤੀ ਕੀਤੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਉਨ੍ਹਾਂ ਇਹ ਗੱਲ ਕਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।