ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਚਾਹ ਦੇ ਕੱਪ ਜਰੀਏ ਸੋਸ਼ਲ ਮੀਡੀਆ ’ਤੇ ਘਿਰੇ

Finance Minister Manpreet Badal Sachkahoon

ਮਨਪ੍ਰੀਤ ਬਾਦਲ ਨੂੰ ਆਪਣੀ ਹੀ ਫੇਸਬੁੱਕ ਆਈਡੀ ਤੇ ਲੋਕਾਂ ਨੇ ਤਿੱਖੇ ਕੁਮੈਂਟਾਂ ਰਾਹੀਂ ਘੇਰਿਆ

ਵੱਡੀ ਗਿਣਤੀ ਲੋਕਾਂ ਵੱਲੋਂ ਖਾਲੀ ਪੀਪਾ ਮੰਤਰੀ ਨਾਲ ਕੀਤਾ ਗਿਆ ਸੰਬੋਧਨ

ਖੁਸ਼ਵੀਰ ਸਿੰਘ ਤੂਰ, ਪਟਿਆਲਾ । ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਅਤੇ ਚਾਹ ਬਣਾਉਂਦੇ ਨਜ਼ਰੀ ਆਏ ਤਾ ਲੋਕਾਂ ਨੇ ਸ਼ੋਸਲ ਮੀਡੀਆ ਤੇ ਹੱਥੋਂ ਹੱਥੀ ਚੱਕ ਲਏ। ਵਿੱਤ ਮੰਤਰੀ ਤੋਂ ਅੱਕੀਆਂ ਬੈਠੀਆਂ ਜਥੇਬੰਦੀਆਂ ਨੂੰ ਜਿਵੇਂ ਮੰਤਰੀ ਕੜਾਹ ਵਾਂਗ ਮਿਲੇ ਹੋਣ ਅਤੇ ਹਰ ਕੋਈ ਸ਼ੋਸਲ ਮੀਡੀਆਂ ਤੇ ਵਿੱਤ ਮੰਤਰੀ ਸਾਹਿਬ ਨੂੰ ਖਰੀਆਂ ਖਰੀਆਂ ਸੁਣਾਉਂਦਾ ਨਜਰੀ ਆਇਆ। ਇੱਥੋਂ ਤੱਕ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਫੇਸਬੁੱਕ ਆਈਡੀ ਤੇ ਵੀ ਲੋਕਾਂ ਵੱਲੋਂ ਜਮ ਕੇ ਕੁਮੈਂਟ ਕੀਤੇ ਗਏ।

ਦੱਸਣਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੀ ਅਰਜ਼ਨ ਟੀ ਸਟਾਲ ਤੇ ਲੋਕਾਂ ਨਾਲ ਚਾਹ ਦਾ ਕੱਪ ਸਾਂਝਾ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਤੇ ਜੰਮ ਕੇ ਵਾਇਰਲ ਹੋਈਆਂ। ਕਈ ਫੋਟੋਆਂ ਅੰਦਰ ਮਨਪ੍ਰੀਤ ਬਾਦਲ ਚਾਹ ਬਣਾਉਂਦੇ ਵੀ ਨਜ਼ਰੀ ਆਏ ਹਨ। ਮਨਪ੍ਰੀਤ ਸਿੰਘ ਬਾਦਲ ਵੱਲੋਂ ਇਹ ਫੋਟੋਆਂ ਜਦੋਂ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਕੀਤੀਆਂ ਗਈਆਂ ਤਾਂ ਉਨ੍ਹਾਂ ਨਾਲ ਜੁੜੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਤੰਜ ਕੱਸੇ ਗਏ। ਇਥੋਂ ਤੱਕ ਕਿ ਲੋਕਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਸ਼ੇਅਰੋ-ਸਾਇਰੀ ਵਾਲੀ ਤਰਜ਼ ’ਤੇ ਹੀ ਘੇਰਿਆ ਗਿਆ। ਇੱਕ ਵਿਅਕਤੀ ਨੇ ਕੁਮੈਂਟ ਕਰਦਿਆਂ ਆਖਿਆ ਕਿ ਵਿੱਤ ਮੰਤਰੀ ਸਾਹਬ ਸਾਢੇ ਚਾਰ ਸਾਲਾ ਬਾਅਦ ਬੜੇ ਚੇਤੇ ਆਇਆ ਆਮ ਲੋਕਾਂ ਨਾਲ ਚਾਹ ਦਾ ਕੱਪ ਪੀਣਾ। ਦੂਸਰੀ ਗੱਲ ਪੰਜਾਬ ਦੇ ਮੁਲਾਜ਼ਮਾਂ ਨੂੰ ਖਾਲੀ ਠੂਠਾ ਤੇ ਖੁਦ ਤੁਸੀ ਭਲਾ ਕਿੰਨੀਆਂ ਪੈਨਸ਼ਨਾ ਲੈ ਰਹੇ ਹੋ।

ਇੱਕ ਹੋਰ ਵਿਅਕਤੀ ਨੇ ਕੁਮੈਂਟ ਕੀਤਾ ਕਿ ਹੁਣ ਤਾ ਬਹੁਤ ਕੁਝ ਸਾਝਾ ਕਰਨਾ ਤੁਸੀ ਲੋਕਾਂ ਨਾਲ, ਵੋਟਾਂ ਲਾਗੇ ਆ ਗਈਆਂ। ਹੁਣ ਤਾ ਇਹ ਕਹਿ ਦਿਓ ਖ਼ਜਾਨਾ ਭਰਿਆ ਪਿਆ ਦੱਸੋਂ ਕੀ ਚਾਹੀਦਾ, ਬਹੁਤ ਆਸਾ ਰੱਖੀਆ ਸੀ ਲੋਕਾਂ ਨੇ ਤੁਹਾਡੇ ਤੋਂ, ਪਰ ਜਿੰਨੇ ਸ਼ਬਦਾ ਦੇ ਧਨੀ ਹੋਂ ਓਨੇ ਹੀ ਨਿਕੰਮੇ ਹੋ। ਇੱਕ ਹੋਰ ਨੇ ਲਿਖਿਆ ਹੈ ਕਿ ਹੋਗੇ ਡਰਾਮੇ ਸ਼ੁਰੂ ਲੀਡਰਾਂ ਦੇ ਹੁਣ ਇਹ 2022 ਤੱਕ ਡਰਾਮੇ ਕਰਨਗੇ। ਕਿਤੇ ਕਿਸੇ ਗਰੀਬ ਦੇ ਘਰ ਬੈਠੇ ਰੋਟੀ ਖਾਣਗੇ, ਝੂਠੇ ਭਾਂਡੇ ਵੀ ਮਾਜਣਗੇ, ਪਰ ਲੋਕ ਇਸ ਵਾਰ ਇਹੋ ਜਿਹੇ ਲੀਡਰਾਂ ਨੂੰ ਮਾਜਣਗੇ। ਮਨਪ੍ਰੀਤ ਬਾਦਲ ਦੀ ਖੁਦ ਫੇਸਬੁੱਕ ਆਈਡੀ ਤੇ ਪਾਈ ਇਸ ਪੋਸਟ ਉੱਪਰ 900 ਤੋਂ ਵੱਧ ਕੁਮੈਂਟ ਆਏ ਹਨ, ਜਿਨ੍ਹਾਂ ਵਿੱਚੋਂ ਜਿਆਦਾਤਰ ਲੋਕਾਂ ਵੱਲੋਂ ਖਾਲੀ ਪੀਪੇ ਵਾਲਾ ਮੰਤਰੀ ਕਹਿ ਕੇ ਹੀ ਸੰਬੋਧਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖ ਵੱਖ ਸ਼ੋਸਲ ਮੀਡੀਆਂ ਗਰੁੱਪਾਂ ਵਿੱਚ ਵੀ ਵਿੱਤ ਮੰਤਰੀ ਤਰ੍ਹਾਂ ਤਰ੍ਹਾਂ ਦੇ ਕੁਮੈਟਾਂ ਨਾਲ ਘਿਰੇ ਰਹੇ। ਮੁਲਾਜ਼ਮ ਜਥੇਬੰਦੀਆਂ ਦੇ ਇੱਕ ਆਗੂ ਦਾ ਕਹਿਣਾ ਸੀ ਕਿ ਪੰਜਾਬ ਦੇ ਨਿਜ਼ਾਮ ਬਦਲਣ ਦੀਆਂ ਗੱਲਾਂ ਕਰਨ ਵਾਲੇ ਖੁਦ ਹੀ ਬਦਲ ਗਏ ਅਤੇ ਪੰਜਾਬ ਦੇ ਲੋਕ ਹੁਣ ਅਜਿਹੇ ਆਗੂਆਂ ਦੇ ਝਾਂਸੇ ਵਿੱਚ ਨਹੀਂ ਆਉਣਗੇ।

‘ਸਰਕਾਰ ਬਣਦੇ ਤੁਸੀਂ ਚਾਹ ਪਿਆਉਣੀ ਬੰਦ ਕਰ ਦਿੱਤੀ ਸੀ’

ਇੱਕ ਸਖ਼ਸ ਨੇ ਲਿਖਿਆ ਹੈ ਕਿ ਹੁਣ ਬੜੇ ਚੇਤੇ ਆਇਆ ਆਮ ਲੋਕਾਂ ਨਾਲ ਚਾਹ ਦਾ ਕੱਪ ਪੀਣਾ, ਸਰਕਾਰ ਬਣਦੇ ਹੀ ਤੁਸੀਂ ਲੋਕਾਂ ਨੂੰ ਚਾਹ ਪਿਆਉਣੀ ਬੰਦ ਕਰ ’ਤੀ ਸੀ। ਇੱਕ ਹੋਰ ਨੇ ਲਿਖਿਆ ਕਿ ਹੁਣ ਤਾ ਬੜਾ ਬਠਿੰਡੇ ਨਾਲ ਮੋਹ ਜਾਗਿਆ, ਪਰ ਮੁਲਾਜ਼ਮਾਂ ਦੀ ਅੱਖ ’ਚ ਸੌਕਣ ਵਾਗੂ ਰੜਕਦਾ, ਉਹ ਵੀ ਤਲੀਆਂ ਨੂੰ ਥੁੱਕ ਲਾਈ ਬੈਠੇ ਨੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ