ਦਸ ਦਿਨਾਂ ਲਈ ਦੁੱਧ, ਸਬਜ਼ੀਆਂ, ਫਲ ਤੇ ਹਰਾ ਚਾਰੇ ਦਾ ਇੰਤਜਾਮ ਕਰ ਲੈਣ ਸ਼ਹਿਰ ਵਾਸੀ
- ਦਸ ਦਿਨ ਨਾ ਕਿਸਾਨ ਘਰੋਂ ਕੋਈ ਚੀਜ਼ ਵੇਚਣਗੇ ਅਤੇ ਨਾ ਹੀ ਬਜ਼ਾਰ ਤੋਂ ਖਰੀਦਣਗੇ : ਬਹਿਰੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਕਿਸਾਨ ਜੱਥੇਬੰਦੀਆਂ ਵੱਲੋਂ ਇੱਕ ਸਰਬ ਸਾਂਝੇ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਬੈਨਰ ਹੇਠ ਭਾਰਤ ਦੇ ਕਿਸਾਨਾਂ ਦੀਆਂ ਸੰਵਧਾਨਿਕ ਮੰਗਾਂ ਮੰਨਵਾਉਣ ਲਈ ਦੇਸ਼ ਦੇ ਕਿਸਾਨ ਰੋਸ ਵਜੋਂ 1 ਜੂਨ ਤੋਂ 10 ਜੂਨ ਤੱਕ ਪੂਰਨ ਛੁੱਟੀ ‘ਤੇ ਜਾਣਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਕਿਸਾਨ ਜਿੱਥੇ ਛੁੱਟੀ ‘ਤੇ ਜਾ ਰਹੇ ਹਨ। ਉੱਥੇ ਪੂਰੇ ਦਸ ਦਿਨ ਦੁੱਧ, ਸਬਜ਼ੀਆਂ, ਫਲ ਅਤੇ ਹਰਾ ਚਾਰਾ ਆਪਣੇ ਘਰਾਂ ਤੋਂ ਵੇਚਣ ਨਹੀਂ ਜਾਣਗੇ ਅਤੇ ਨਾ ਹੀ ਇਨ੍ਹਾਂ ਦਸ ਦਿਨਾਂ ਦੌਰਾਨ ਆਪਣੇ ਘਰੋਂ ਕੋਈ ਚੀਜ ਵੇਚਣਗੇ ਅਤੇ ਨਾ ਹੀ ਬਜ਼ਾਰ ਤੋਂ ਕੋਈ ਚੀਜ਼ ਖਰੀਦਣਗੇ ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੂਰੇ ਦੇਸ਼ ਦੇ ਕਿਸਾਨ ਦੁਖੀ ਹਨ ਕੇਂਦਰ ਸਰਕਾਰ ਨੇ ਕਰੋੜਾਂ ਕਿਸਾਨਾਂ ਨਾਲ ਕੀਤਾ ਵਾਅਦਾ ਤੋੜਿਆ ਹੈ।
ਸ਼ੁਰੂ ਹੋਣ ਵਾਲੇ ਦੇਸ਼ ਵਿਆਪਕ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਬਾਰੇ ਬਹਿਰੂ ਨੇ ਦੱਸਿਆ ਕਿ ਦੇਸ਼ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਦੀਆਂ ਮੁੱਖ ਮੰਗਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਅਰਬਾਂ-ਖਰਬਾਂ ਰੁਪਏ ਦੇ ਕਰਜਾਈ ਹੋਏ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦੇ ਸਮੁੱਚੇ ਕਰਜ਼ੇ ‘ਤੇ ਲਕੀਰ ਫਿਰਾਉਣ, ਦੁਨੀਆ ਦੇ ਮੰਨੇ-ਪ੍ਰਮੰਨੇ ਆਰਥਿਕ ਵਿਗਿਆਨੀ ਡਾ. ਐਮ.ਐਸ. ਸਵਾਮੀਨਾਥਨ ਦੀ ਦੇਸ਼ ਦੀ ਖੇਤੀ ਨੀਤੀ ਬਾਰੇ ਦਿੱਤੀ ਰਿਪੋਰਟ ਨੂੰ ਲਾਗੂ ਕਰਵਾਉਣ ਅਤੇ ਡੀਜਲ ਪੈਟਰੋਲ ਦੀਆਂ ਅਸਮਾਨੇ ਚੜ੍ਹੀਆਂ ਕੀਮਤਾਂ ਨੂੰ ਰੋਕਣ ਲਈ ਡੀਜਲ ਪੈਟਰੋਲ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਉਣ ਆਦਿ। ਉਨ੍ਹਾਂ ਦੱਸਿਆ ਕਿ ਅੱਜ ਤੱਕ ਮਿਲੀਆਂ ਰਿਪੋਰਟਾਂ ਮੁਤਾਬਿਕ ਦੇਸ਼ ਵਿੱਚ ਪਹਿਲੀ ਵਾਰ ਪੂਰੇ ਭਾਰਤ ਦੇ ਕਿਸਾਨ 10 ਦਿਨਾਂ ਦੀ ਛੁੱਟੀ ‘ਤੇ ਜਾ ਰਹੇ ਹਨ। ਇਸ ਛੁੱਟੀ ਦੌਰਾਨ ਕਿਸਾਨ ਆਪੋ-ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਜਾਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।