ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨਾਂ ਨੇ ਕੋ-ਆਪਰੇਟਿਵ ਸੁਸਾਇਟੀ ਦੇ ਦਫਤਰ ਅੱਗੇ ਲਗਾਇਆ ਧਰਨਾ

DAP Fertilizer Sachkahoon

ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨਾਂ ਨੇ ਕੋ-ਆਪਰੇਟਿਵ ਸੁਸਾਇਟੀ ਦੇ ਦਫਤਰ ਅੱਗੇ ਲਗਾਇਆ ਧਰਨਾ

(ਹਰਪਾਲ ਸਿੰਘ) ਲੌਂਗੋਵਾਲ। ਡੀਏਵੀਪੀ ਖਾਦ ਨਾ ਮਿਲਣ ਕਾਰਨ ਅੱਜ ਕਿਸਾਨਾਂ ਨੇ ਸਥਾਨਕ ਕੋਆਪਰੇਟਿਵ ਸੁਸਾਇਟੀ ਦੇ ਦਫਤਰ ਅੱਗੇ ਧਰਨਾ ਲਗਾਕੇ ਪੰਜਾਬ ਸਰਕਾਰ ਅਤੇ ਸੋਸਾਇਟੀ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸੁਸਾਇਟੀ ਵਿਖੇ ਹਰ ਸਾਲ ਕਿਸਾਨਾਂ ਨੂੰ ਡੀਏਪੀ ਖਾਦ ਉਧਾਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਸੁਸਾਇਟੀ ਅਧਿਕਾਰੀਆਂ ਨੇ ਖਾਦ ਲਈ ਤੁਰੰਤ ਅਦਾਇਗੀ ਦੀ ਮੰਗ ਕੀਤੀ ਹੈ ਜਦੋਂ ਕਿ ਹਰ ਵਾਰ ਕਿਸਾਨ ਆਪਣੀ ਫ਼ਸਲ ਦੀ ਵੇਚਣ ਤੋਂ ਬਾਅਦ ਹੀ ਸੁਸਾਇਟੀ ਨੂੰ ਖਾਦਾਂ ਦੀ ਰਕਮ ਦਿੰਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਇੱਕ ਹਫ਼ਤੇ ਤੋਂ ਲਗਾਤਾਰ ਸੁਸਾਇਟੀ ਅੱਗੇ ਖਾਦ ਲੈਣ ਲਈ ਬੈਠੇ ਹਾਂ ਪਰ ਸੁਸਾਇਟੀ ਪ੍ਰਧਾਨ ਅਤੇ ਸੈਕਟਰੀ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਪਹਿਲਾਂ ਦੀ ਤਰ੍ਹਾਂ ਹੀ ਡੀਏਵੀਪੀ ਖਾਦ ਉਧਾਰ ਦਿੱਤੀ ਜਾਵੇ।

ਇਸ ਸੰਬੰਧੀ ਕੋਆਪਰੇਟਿਵ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਮੌੜ ਨੇ ਕਿਹਾ ਕਿ ਮੈਂ ਖੁਦ ਕਿਸਾਨ ਹਾਂ ’ਤੇ ਇੰਨ੍ਹਾਂ ਦੀ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਪਰ ਸਾਨੂੰ ਸਰਕਾਰ ਨੇ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਕਿਸਾਨ ਨੂੰ ਬਿਨਾਂ ਅਦਾਇਗੀ ਤੋਂ ਖਾਦ ਨਾ ਦਿੱਤੀ ਜਾਵੇ ਜਿਸ ਕਾਰਨ ਅਸੀਂ ਮਜ਼ਬੂਰ ਹਾਂ। ਇਸ ਸੰਬੰਧੀ ਜਦੋਂ ਸੁਸਾਇਟੀ ਇੰਸਪੈਕਟਰ ਮੈਡਮ ਕਮਲਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਲੈਟਰ ਭੇਜ ਕੇ ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਪੇਮੈਂਟ ਦੇਣ ਤੋਂ ਬਾਅਦ ਹੀ ਖਾਦ ਦਿੱਤੀ ਜਾਵੇ ਅਤੇ ਅਸੀਂ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਣ ਲਈ ਪੂਰੀ ਤਰ੍ਹਾਂ ਪਾਬੰਦ ਹਾਂ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਕ ਤਾਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਵਿਰੋਧੀ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਪਹਿਲਾਂ ਹੀ ਦੁਖੀ ਕਰ ਰੱਖਿਆ ਹੈ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਸੁਸਾਇਟੀ ਅਧਿਕਾਰੀ ਸਾਨੂੰ ਖਾਦ ਨਾ ਦੇ ਕੇ ਹੱਦੋਂ ਵੱਧ ਪਰੇਸ਼ਾਨ ਕਰ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਬੂਟਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਦਰਬਾਰਾ ਸਿੰਘ ’ਤੇ ਸਰਪੰਚ ਕਾਲਾ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਸੁਸਾਇਟੀ ਅਧਿਕਾਰੀਆਂ ਨੇ ਜਲਦ ਹੀ ਖਾਦ ਨਾ ਦਿੱਤੀ ਤਾਂ ਸੰਘਰਸ਼ ਨੂੰ ਵੱਡੇ ਪੱਧਰ ਤੇ ਉਲੀਕਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ