ਐਕਸੀਅਨ ਦਫ਼ਤਰ ਦਾ ਕੀਤਾ ਘਿਰਾਓ, ਸੌਂਪਿਆ ਮੰਗ ਪੱਤਰ
ਸੰਦੀਪ ਕੰਬੋਜ਼ , ਡੱਬਵਾਲੀ: ਬਿਜਲੀ ਵਿਭਾਗ ਵੱਲੋਂ ਚੈਕਿੰਗ ਦੌਰਾਨ ਉੱਪ ਮੰਡਲ ਦੇ ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਦੇ ਖੇਤਾਂ ‘ਚ ਲੱਗੇ ਟਿਊਬਵੈੱਲ ਦੇ ਕੁਨੈਕਸ਼ਨ ਕੱਟੇ ਜਾਣ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਉੱਪ ਮੰਡਲ ਦੇ ਪਿੰਡ ਗੰਗਾ, ਗੋਰੀਵਾਲਾ ਤੇ ਹੋਰ ਪਿੰਡਾਂ ਦੇ ਕਿਸਾਨ ਕੌਮੀ ਕਿਸਾਨ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ ਦੀ ਅਗਵਾਈ ‘ਚ ਸਰਸਾ ਰੋਡ ‘ਤੇ ਸਥਿਤ 132 ਕੇਵੀ ਸਬ ਸਟੇਸ਼ਨ ‘ਚ ਇਕੱਠੇ ਹੋਏ ਕਿਸਾਨਾਂ ਨੇ ਐਕਸੀਅਨ ਦਫ਼ਤਰ ਦਾ ਘਿਰਾਓ ਕਰਦੇ ਹੋਏ ਸਰਕਾਰ ਤੇ ਨਿਗਮ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਐਕਸੀਅਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਬਾਅਦ ‘ਚ ਐਕਸੀਅਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ
ਕੱਟੇ ਕੁਨੈਕਸ਼ਨ ਵਾਪਸ ਦੇਣ ਤੇ ਜ਼ੁਰਮਾਨੇ ਮੁਆਫ਼ ਕਰਨ ਦੀ ਕੀਤੀ ਮੰਗ
ਕਿਸਾਨਾਂ ਦੀ ਅਗਵਾਈ ਕਰ ਰਹੇ ਜਸਵੀਰ ਸਿੰਘ ਭਾਟੀ ਤੇ ਕਿਸਾਨ ਸਵਰਨ ਸਿੰਘ, ਬੁੱਧ ਰਾਮ, ਮੋਹਨ ਲਾਲ, ਵਿਜੇ ਕੁਮਾਰ, ਅਮਰ ਚੰਦ, ਸੁਰੇਸ਼ ਕੁਮਾਰ, ਗੁਰਨੈਬ ਸਿੰਘ, ਰਾਮਸਰੂਪ, ਜਗਦੀਸ ਰਾਏ, ਮਲਕੀਤ ਸੂਚ, ਮਾਂਗੇ ਰਾਮ, ਬਿੰਦਰ ਸਿੰਘ, ਰਾਮਜੀ ਲਾਲ, ਸ੍ਰੀਚੰਦ, ਵਿਸ਼ਵਾਮਿੱਤਰ, ਸੁਰਿੰਦਰ ਕੁਮਾਰ, ਵਿਜੇ ਕੁਮਾਰ, ਸੰਜੈ ਪਾਲ, ਅਨਮੋਲਦੀਪ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਬਿਜਲੀ ਨਿਗਮ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਿਨਾਂ ਸੂਚਨਾ ਦਿੱਤੇ ਉਨ੍ਹਾਂ ਦੇ ਟਿਊਬਵੈੱਲਾਂ ਦੇ ਕੁਨੈਕਸ਼ਨ ਕੱਟ ਦਿੱਤੇ ਤੇ ਉਨ੍ਹਾਂ ਨੂੰ ਭਾਰੀ ਜ਼ੁਰਮਾਨਾ ਵੀ ਲਾਇਆ ਗਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ‘ਚ ਪਿਛਲੇ ਕਈ ਸਾਲਾਂ ਤੋਂ ਬੋਰਵੈੱਲ ਦੇ ਕੁਨੈਕਸ਼ਨ ਚੱਲ ਰਹੇ ਹਨ ਤੇ ਜਿੰਨਾ ਲੋਡ ਪਹਿਲਾਂ ਦਿੱਤਾ ਗਿਆ ਸੀ ਉਸਦੇ ਉਲਟ ਹੁਣ ਉਸ ਲੋਡ ਤੋਂ ਘੱਟ ਲੋਡ ‘ਤੇ ਛੋਟੀਆਂ ਮੋਟਰਾਂ ਚੱਲ ਰਹੀਆਂ ਹਨ, ਜੋ ਕਿ ਅੰਡਰ ਲੋਡ ਹਨ
ਉਨ੍ਹਾਂ ਕਿਹਾ ਕਿ ਛੋਟੀ ਸਬਮਰਸੀਬਲ ਮੋਟਰਾਂ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਕਿਉਂਕਿ ਪਹਿਲਾਂ ਦੀ ਧਰਤੀ ਹੇਠਲਾ ਪਾਣੀ ਖਾਰਾ ਹੋ ਚੁੱਕਾ ਹੈ ਉਨ੍ਹਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਿਭਾਗ ਵੱਲੋਂ ਜੋ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਉਨ੍ਹਾਂ ਨੂੰ ਵਾਪਸ ਜੋੜਿਆ ਜਾਵੇ ਤੇ ਉਨ੍ਹਾਂ ‘ਤੇ ਲਾਏ ਗਏ ਜ਼ੁਰਮਾਨੇ ਵੀ ਮੁਆਫ਼ ਕੀਤਾ ਜਾਣ ਕਿਸਾਨਾਂ ਦੇ ਧਰਨੇ ਦੀ ਸੂਚਨਾ ਪਾ ਕੇ ਬਿਜਲੀ ਨਿਗਮ ਦੇ ਐਕਸੀਅਨ ਡੀਆਰ ਵਰਮਾ ਤੇ ਐੱਸਡੀਓ ਮੋਹਨ ਲਾਲ ਮੌਕੇ ‘ਤੇ ਪਹੁੰਚੇ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਮੱਸਿਆ ਜਾਣੀ
ਕੀ ਕਹਿੰਦੇ ਹਨ ਐਕਸੀਅਨ ਡੀਆਰ ਵਰਮਾ
ਇਸ ਮੌਕੇ ‘ਤੇ ਐਕਸਈਐੱਨ ਡੀਆਰ ਵਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸੀ ਵੀ ਕਿਸਾਨ ਦਾ ਨਿਯਮਤ ਕੁਨੈਕਸਨ ਨਹੀਂ ਕੱਟਿਆ ਹੈ ਜੋ ਕੁਨੈਕਸ਼ਨ ਨਜਾਇਜ਼ ਤੌਰ ‘ਤੇ ਚੱਲ ਰਹੇ ਸਨ ਸਿਰਫ ਉਨ੍ਹਾਂ ਕੁਨੈਕਸ਼ਨਾਂ ਨੂੰ ਕੱਟਿਆ ਗਿਆ ਹੈ ਜਦੋਂ ਕਿ ਬਾਕੀ ਕੁਨੈਕਸ਼ਨ ਨਿਯਮਤ ਤੌਰ ‘ਤੇ ਚੱਲ ਰਹੇ ਹਨ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਜੋ ਲੋਡ ਦੇ ਮੁਤਾਬਕ ਕੁਨੈਕਸ਼ਨ ਲਏ ਹੋਏ ਹਨ ਉਸ ਇੱਕ ਕੁਨੈਕਸ਼ਨ ‘ਤੇ ਇੱਕ ਹੀ ਮੋਟਰ ਚੱਲੇਗੀ, ਇੱਕ ਕਨੈਕਸ਼ਨ ‘ਤੇ ਦੋ ਬੋਰ ਨਹੀਂ ਚੱਲ ਸਕਦੇ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ ਉਨ੍ਹਾਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।