ਕਿਸਾਨ ਜਥੇਬੰਦੀਆਂ ਦਾ ਐਲਾਨ, ਸ਼ਹੀਦ ਹੋਏ ਕਿਸਾਨਾਂ ਨੂੰ ਦੇਵਾਂਗੇ ਸਰਧਾਂਜਲੀ, ਘੇਰਾਂਗੇ ਚਹੰ ਪਾਸਿਓ ਤੋਂ ਦਿੱਲੀ

ਦਿੱਲੀ ਵਿਖੇ ਹੁਣ ਸੱਦੇ ਗਏ ਰਾਜਸਥਾਨ ਅਤੇ ਹਰਿਆਣਾ ਸਣੇ ਕਈ ਹੋਰ ਸੂਬਿਆ ਦੇ ਕਿਸਾਨ

ਚੰਡੀਗੜ, (ਅਸ਼ਵਨੀ ਚਾਵਲਾ)। ਕਿਸਾਨ ਜਥੇਬੰਦੀਆਂ ਨੇ ਅੰਦੋਲਨ ਵਿੱਚ ਮੌਤ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਹੱਕ ਵਿੱਚ ਪੰਜਾਬ ਭਰ ਵਿੱਚ ਸਰਧਾਂਜਲੀ ਸਮਾਰੋਹ ਰੱਖ ਦਿੱਤੇ ਗਏ ਹਨ ਅਤੇ ਇਨਾਂ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਰਿਹਾ ਹੈ। ਆਗੂਆ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਿਸਾਨ ਇਸ ਅੰਦੋਲਨ ਵਿੱਚ ਮੌਤ ਦਾ ਸ਼ਿਕਾਰ ਹੋਏ ਹਨ, ਉਨਾਂ ਦੀਆਂ ਤਸਵੀਰਾਂ ਫੜ ਕੇ ਪੰਜਾਬ ਦੇ ਹਰ ਪਿੰਡ ਵਿੱਚ ਘਰ ਘਰ ਜਾ ਕੇ ਸਰਧਾਂਜਲੀ ਦਿੱਤੀ ਜਾਏਗੀ ਅਤੇ ਪਿੰਡਾਂ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਜ਼ੁਲਮ ਦੀ ਗਾਥਾ ਸੁਣਾਈ ਜਾਏਗੀ।

ਇਸ ਦੇ ਨਾਲ ਹੀ ਕੇਂਦਰ ਸਰਕਾਰ ‘ਤੇ ਸ਼ਿਕੰਜਾ ਹੋਰ ਜਿਆਦਾ ਕਸਣ ਲਈ ਦੇਸ਼ ਭਰ ਦੇ ਕਈ ਸੂਬਿਆਂ ਵਿੱਚੋਂ ਕਿਸਾਨਾਂ ਨੂੰ ਦਿੱਲੀ ਸੱਦਿਆ ਗਿਆ ਹੈ ਤਾਂ ਕਿ ਇਸ ਅੰਦੋਲਨ ‘ਚ ਉਹ ਵੀ ਆਪਣੀ ਅਹੂਤੀ ਪਾਉਣ। ਹਰਿਆਣਾ ਅਤੇ ਰਾਜਸਥਾਨ ਦੇ ਕਈ ਪਿੰਡਾਂ ਵਿੱਚ ਬੁੱਧਵਾਰ ਸਵੇਰੇ ਤੋਂ ਹੀ ਸੁਨੇਹੇ ਲੱਗਣੇ ਸ਼ੁਰੂ ਹੋ ਜਾਣਗੇ ਤਾਂ ਕਿ 20 ਦਸੰਬਰ ਤੱਕ ਜਿਆਦਾ ਤੋਂ ਜਿਆਦਾ ਕਿਸਾਨ ਦਿੱਲੀ ਪੁੱਜ ਕੇ ਚਾਰੇ ਪਾਸਿਓ ਦਿੱਲੀ ਨੂੰ ਬੰਦ ਕਰ ਦਿੱਤਾ ਜਾਵੇ। ਇਹ ਐਲਾਨ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲਾ ਤੇ ਹੋਰ ਕਿਸਾਨ ਆਗੂਆ ਨੇ ਪ੍ਰੈਸ ਕਾਨਫਰੰਸ ਕੀਤੀ ਇਨਾਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਹੁਣ ਦਿੱਲੀ ਵਿਖੇ ਅੰਦੋਲਨ ਨੂੰ ਤਿੱਖਾ ਕੀਤਾ ਜਾਏਗਾ ਅਤੇ ਇਸ ਲਈ ਦੇਸ਼ ਭਰ ਵਿੱਚੋਂ ਕਿਸਾਨਾਂ ਦੀ ਡਿਊਟੀ ਲਗਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਤੋਂ ਕਿਸਾਨ ਦਿੱਲੀ ਲਈ ਰਵਾਨਾ ਵੀ ਹੋ ਗਏ ਹਨ ਅਤੇ ਇਹ ਕਿਸਾਨ ਅਗਲੇ 3-4 ਦਿਨਾਂ ਵਿੱਚ ਦਿੱਲੀ ਵਿਖੇ ਪੁੱਜਣਾ ਸ਼ੁਰੂ ਹੋ ਜਾਣਗੇ।

ਇਹ ਕਿਸ ਰੂਟ ਰਾਹੀਂ ਅਤੇ ਕਿਹੜੇ ਕਿਹੜੇ ਸੂਬਿਆ ਤੋਂ ਆ ਰਹੇ ਹਨ, ਇਸ ਦਾ ਖ਼ੁਲਾਸਾ ਕਰਨ ਤੋਂ ਕਿਸਾਨ ਜਥੇਬੰਦੀਆਂ ਨੇ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਰਸਤੇ ਵਿੱਚ ਹੀ ਕਈ ਤਰਾਂ ਦੇ ਅੜਿੱਕੇ ਪੈਦਾ ਕਰਦੇ ਹੋਏ ਇਨਾਂ ਕਿਸਾਨਾਂ ਨੂੰ ਰੋਕ ਸਕਦੀ ਹੈ। ਇਸ ਲਈ ਦਿੱਲੀ ਆਉਣ ਵਾਲੇ ਕਿਸਾਨਾਂ ਬਾਰੇ ਕੋਈ ਵੀ ਜਾਣਕਾਰੀ ਹੁਣ ਤੋਂ ਬਾਅਦ ਜਨਤਕ ਨਹੀਂ ਕੀਤੀ ਜਾਏਗੀ ਤਾਂ ਕਿ ਕਿਸਾਨ ਬਿਨਾਂ ਕਿਸੇ ਪਰੇਸ਼ਾਨੀ ਦੇ ਦਿੱਲੀ ਪੁੱਜ ਕੇ ਇਸ ਅੰਦੋਲਨ ਵਿੱਚ ਭਾਗ ਲੈ ਸਕਣ।

ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ 13-14 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨਾਂ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ ਹੈ, ਕਿਉਂਕਿ ਇਨਾਂ ਨੇ ਹਕੂਮਤ ਦੇ ਜ਼ੁਲਮ ਦੇ ਖ਼ਿਲਾਫ਼ ਅੰਦੋਲਨ ਵਿੱਚ ਭਾਗ ਲੈਂਦੇ ਹੋਏ ਆਪਣੀ ਕੁਰਬਾਨੀ ਦਿੱਤੀ ਹੈ,

ਇਸ ਕਰਕੇ ਹੀ ਇਨਾਂ ਸਹੀਦਾ ਨੂੰ 20 ਦਸੰਬਰ ਨੂੰ ਪੰਜਾਬ ਭਰ ਵਿੱਚ ਪਿੰਡਾਂ ਵਿੱਚ ਸ਼ਰਧਾਂਜਲੀ ਦਿੱਤੀ ਜਾਏਗੀ। ਇਨਾਂ ਦੀਆਂ ਤਸਵੀਰਾਂ ਕਿਸਾਨ ਜਥੇਬੰਦੀਆਂ ਦੇ ਆਗੂ ਹੱਥਾਂ ਵਿੱਚ ਚੁੱਕ ਕੇ ਘਰ ਘਰ ਜਾਣਗੇ, ਜਿਥੇ ਕਿ ਕਿਸਾਨਾਂ ਨਾਲ ਹੋਣ ਰਹੇ ਧੱਕੇ ਬਾਰੇ ਵੀ ਹਰ ਕਿਸੇ ਨੂੰ ਜਾਣਕਾਰੀ ਦਿੱਤੀ ਜਾਏਗੀ।

ਦੋ ਟੁੱਕ ਵਿੱਚ ਦਿਆਂਗੇ ਜੁਆਬ, ਨਹੀਂ ਚਾਹੀਦੀ ਤਜਵੀਜ਼, ਰੱਦ ਕਰੋਂ ਕਾਨੂੰਨ

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਗੁਮਰਾਹ ਕਰ ਰਹੇ ਹਨ, ਕਿਉਂਕਿ ਉਨਾਂ ਵਲੋਂ ਪਹਿਲਾਂ ਹੀ 9 ਦਸੰਬਰ ਨੂੰ ਆਈ ਤਜਵੀਜ਼ ਨੂੰ ਨਕਾਰ ਦਿੱਤਾ ਗਿਆ ਸੀ ਪਰ ਕੇਂਦਰੀ ਮੰਤਰੀ ਮੀਡੀਆ ਨੂੰ ਆਖ ਰਹੇ ਹਨ ਕਿਸਾਨਾਂ ਵਲੋਂ ਕੋਈ ਜੁਆਬ ਅਜੇ ਤੱਕ ਨਹੀਂ ਆਇਆ ਹੈ। ਉਨਾਂ ਕਿਹਾ ਕਿ ਜੇਕਰ ਲਿਖਤੀ ਰੂਪ ਵਿੱਚ ਹੀ ਵਾਪਸੀ ਜੁਆਬ ਚਾਹੀਦਾ ਹੈ ਤਾਂ ਉਹ ਜਲਦ ਹੀ ਦੋ ਟੁੱਕ ਜੁਆਬ ਲਿਖ ਕੇ ਭੇਜ ਦੇਣਗੇ ਕਿ ਉਨਾਂ ਨੂੰ ਤਜਵੀਜ਼ ਪਸੰਦ ਨਹੀਂ ਆਈਆਂ ਹਨ ਅਤੇ ਤਿੰਨੇ ਖੇਤੀਬਾੜੀ ਐਕਟ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਕਿਸੇ ਵੀ ਮੁੱਦੇ ‘ਤੇ ਚਰਚਾ ਨਹੀਂ ਹੋਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.