ਰੇਲ ਰੋਕੋ ਮੋਰਚਾ ਸ਼ੁਰੂ
(ਰਾਜਨ ਮਾਨ) ਗੁਰਦਾਸਪੁਰ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ, ਰੋਡ ਪ੍ਰੋਜੈਕਟਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਵਾਜ਼ਿਬ ਤੇ ਇੱਕਸਾਰ ਮੁਆਵਜੇ ਨਾ ਮਿਲਣ ਅਤੇ ਗੰਨੇ ਦੀ ਫਸਲ ਦੀ ਸੈਂਕੜੇ ਕਰੋੜਾਂ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਸਮੇਤ ਹੋਰ ਅਹਿਮ ਮੰਗਾਂ ਨੂੰ ਲੈ ਕੇ ਅੱਜ ਗੁਰਦਾਸਪੁਰ ਵਿਖੇ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। (Farmers Jammed Trains )
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਅਤੇ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਹਿਲਾਂ ਲੱਗੇ ਮੋਰਚੇ ਤੋਂ ਬਾਅਦ 30 ਜਨਵਰੀ ਨੂੰ ਮੰਗਾਂ ਤੇ ਕਾਰਵਾਈ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਮੰਗੇ ਸਮੇਂ ਤੋਂ ਵੀ ਕੁਝ ਦਿਨ ਉਪਰ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਇੱਕ ਵੀ ਕੰਮ ਨਹੀਂ ਕੀਤਾ ਗਿਆ, ਜਿਸ ਕਾਰਨ ਜਥੇਬੰਦੀ ਆਖਰੀ ਹੀਲੇ ਦੇ ਤੌਰ ’ਤੇ ਫਿਰ ਤੋਂ ਰੇਲ ਮਾਰਗ ਜਾਮ ਕਰਨ ਤੇ ਮਜਬੂਰ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜੇ ਦੇ ਆਪਣੇ ਕੀਤੇ ਵਾਅਦੇ ਤੋਂ ਭਗੌੜੀ ਹੋ ਚੁੱਕੀ ਹੈ।
ਮੰਨੀਆ ਮੰਗਾਂ ਲਾਗੂ ਹੋਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ
ਉਹਨਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਖਾਤਿਰ ਦਿੱਲੀ ਮੋਰਚੇ ਦੌਰਾਨ ਆਪਣੀ ਜਾਨ ਦੀ ਬਾਜ਼ੀ ਲਾ ਜਾਣ ਵਾਲੇ ਲੋਕਾਂ ਪਰਿਵਾਰਾਂ ਦਾ ਅਪਮਾਨ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਜਿਲ੍ਹਾ ਗੁਰਦਾਸਪੁਰ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਰੇਲ ਰੋਕੋ ਮੋਰਚੇ ਵਡੇਰੇ ਲੋਕ ਹਿੱਤਾਂ ਨੂੰ ਮੁਖ ਰੱਖ ਕੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਮੋਰਚੇ ਕਾਰਨ ਆਉਣ ਵਾਲੀ ਪ੍ਰੇਸ਼ਾਨੀ ਲਈ ਸਰਕਾਰ ਜਿੰਮੇਵਾਰ ਹੈ ਕਿਉਂਕਿ ਸਰਕਾਰ ਹੀ ਹੈ ਜੋ ਵਾਅਦਾ ਕਰਕੇ ਭੱਜੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪ੍ਰਸ਼ਾਸ਼ਨ ਨਾਲ ਮੀਟਿੰਗਾਂ ਦੇ ਚੱਲੇ 3 ਦੌਰ ਦੌਰਾਨ ਕੋਈ ਵੀ ਤਸੱਲੀਬਖਸ਼ ਨਤੀਜੇ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਲੋਕ ਲੰਬਾ ਲੜਨ ਦਾ ਮੂਡ ਬਣਾ ਚੁੱਕੇ ਹਨ ਤੇ ਮੰਗਾਂ ਦੇ ਹੱਲ ਤੱਕ ਲੜਾਈ ਲਈ ਤਿਆਰ ਹਨ। ਇਸ ਲਈ ਸਰਕਾਰ ਨੂੰ ਮੰਗਾਂ ’ਤੇ ਜਲਦ ਕਾਰਵਾਈ ਕਰਕੇ ਮਸਲੇ ਹੱਲ ਕਰਨੇ ਪੈਣਗੇ। ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਹਰਦੀਪ ਸਿੰਘ ਫੌਜੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਮੋਰਚੇ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਨਾਨੋਵਾਲ, ਗੁਰਮੁਖ ਸਿੰਘ ਖਾਨ ਮਾਲੱਕ, ਸੁਖਦੇਵ ਸਿੰਘ ਅੱਲੜ ਪਿੰਡੀ, ਜਸਬੀਰ ਸਿੰਘ ਗੁਰਾਇਆ, ਜਤਿੰਦਰ ਸਿੰਘ ਵਾਰਿਆਹ, ਸੁਖਜਿੰਦਰ ਸਿੰਘ ਗੋਤ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ, ਗੁਰਦੇਵ ਸਿੰਘ ਗੱਗੋਮਾਹਲ, ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜਦੂਰ ਅਤੇ ਬੀਬੀਆਂ ਹਾਜ਼ਰ ਰਹੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।