ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ 41 ਸ਼ਹਿਰਾਂ ‘ਚ ਕਿਸਾਨ ਮਨਾਉਣਗੇ ‘ਵੱਖਰਾ’ ਦੁਸ਼ਹਿਰਾ

ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ. ਦੀ ਤਿੱਕੜੀ ਦੇ ਦਿਓ ਕੱਦ ਬੁੱਤਾਂ ਨੂੰ ਲਾਇਆ ਜਾਵੇਗਾ ਲਾਂਬੂ : ਉਗਰਾਹਾਂ

ਬਠਿੰਡਾ, (ਸੁਖਜੀਤ ਮਾਨ) ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 14 ਜ਼ਿਲ੍ਹਿਆਂ ‘ਚ 41 ਸ਼ਹਿਰਾਂ ਤੇ ਕਸਬਿਆਂ ‘ਚ ਪੇਂਡੂ ਤੇ ਸ਼ਹਿਰੀ ਜਨਤਾ ਵੱਲੋਂ ਮਿਲਕੇ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ. ਦੀ ਤਿੱਕੜੀ ਦੇ ਦਿਓ ਕੱਦ ਬੁੱਤਾਂ ਨੂੰ ਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਜਾਣਗੇ ਇਹ ਜਾਣਕਾਰੀ ਅੱਜ ਟੀਚਰਜ ਹੋਮ ਬਠਿੰਡਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ , ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਲੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ ਗਈ

ਕਿਸਾਨ ਆਗੂਆਂ ਨੇ ਦੱਸਿਆ ਕਿ ਬਠਿੰਡਾ ਦੇ 8, ਸੰਗਰੂਰ 9, ਮਾਨਸਾ 3, ਮੋਗਾ 4, ਬਰਨਾਲਾ 2, ਪਟਿਆਲਾ 3, ਅੰਮ੍ਰਿਤਸਰ 3, ਮੁਕਤਸਰ ਸਾਹਿਬ 2, ਫਰੀਦਕੋਟ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਪੁਰ ਜ਼ਿਲ੍ਹਿਆਂ ਦੇ 1-1 ਸ਼ਹਿਰੀ ਕੇਂਦਰਾਂ ਵਿੱਚ ਦੁਸਹਿਰੇ ਦੇ ਮੌਕੇ ਇਹ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਹਿਯੋਗ ਦੀ ਬਦੌਲਤ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਸ਼ਹਿਰੀ ਗਰੀਬਾਂ, ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਵੱਲੋਂ ਮੰਡੀ ਕਿਲ੍ਹਿਆਂਵਾਲੀ (ਡੱਬਵਾਲੀ) ‘ਚ ਇਸ ਤਿੱਕੜੀ ਦੇ ਬੁੱਤਾਂ ਨੂੰ ਸਾੜ ਕੇ ਕੀਤਾ ਜਾਣ ਵਾਲਾ ਪ੍ਰਦਰਸ਼ਨ ਵਿਸ਼ਾਲ ਏਕਤਾ ਤੇ ਅੰਤਰਰਾਜੀ ਸੰਘਰਸ਼ੀ ਸਾਂਝ ਦਾ ਵਿੱਲਖਣ ਨਮੂਨਾ ਸਾਬਤ ਹੋਵੇਗਾ।

ਕਿਸਾਨ ਆਗੂਆਂ ਨੇ ਪ੍ਰਾਈਵੇਟ ਥਰਮਲਾਂ ਨਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਲੋਕ ਵਿਰੋਧੀ ਸਮਝੌਤੇ ਰੱਦ ਕਰਕੇ ਸਰਕਾਰੀ ਥਰਮਲ ਚਲਾਏ ਜਾਣ ਦੀ ਮੰਗ ਉੱਪਰ ਜੋਰ ਦੇਣ ਲਈ ਬਣਾਵਾਲੀ ਥਰਮਲ ਨੂੰ ਜਾਂਦੀ ਕੋਇਲੇ ਦੀ ਸਪਲਾਈ ਠੱਪ ਕਰਨ ਲਈ ਇਸ ਪਲਾਟ ਨੂੰ ਜਾਂਦੀ ਰੇਲਵੇਂ ਲਾਈਨ ‘ਤੇ ਅੱਜ ਤੋਂ ਜਾਮ ਸ਼ੁਰੂ ਕਰਨ ਦੀ ਜਾਣਕਾਰੀ ਦਿੰਦਿਆ ਕੱਲ ਤੋਂ ਰਾਜਪੁਰਾ ਥਰਮਲ ਨੂੰ ਜਾਂਦੀ ਲਾਈਨ ਉੱਪਰ ਵੀ ਧਰਨਾ ਦੇਣ ਦਾ ਐਲਾਨ ਕੀਤਾ।

ਉਹਨਾਂ ਦੱਸਿਆ ਕਿ 5 ਨਵੰਬਰ ਨੂੰ ਮੁਲਕ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਵੀ ਉਹ ਆਪਣੇ ਅਜ਼ਾਦ ਐਕਸ਼ਨ ਰਾਹੀਂ ਸਫ਼ਲ ਬਨਾਉਣ ‘ਚ ਹਿੱਸਾ ਪਾਉਣਗੇ ਪਰ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਇਸ ਐਕਸ਼ਨ ਦਾ ਬਿਹਾਰ ਦੀਆਂ ਚੋਣਾਂ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੀ ਮੌਜੂਦ ਸਨ।

ਪੈਟਰੋਲ ਪੰਪ ਡੀਲਰਾਂ ਨਾਲ ਮੀਟਿੰਗ ਅੱਜ

ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ 1 ਅਕਤੂਬਰ ਤੋਂ ਰਿੰਲਾਇੰਸ ਤੇ ਐਸਾਰ ਕੰਪਨੀਆਂ ਦੇ ਪ੍ਰੈਟਰੋਲ ਪੰਪਾਂ ਅੱਗੇ ਚੱਲ ਰਹੇ ਧਰਨਿਆਂ ਕਾਰਨ ਪੰਪ ਡੀਲਰਾਂ ਵੱਲੋਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਥੇਬੰਦੀ ਕੋਲ ਭੇਜੇ ਪੱਤਰ ਉੱਪਰ ਵਿਚਾਰ ਕਰਨ ਲਈ 24 ਅਕਤੂਬਰ ਨੂੰ ਸਵੇਰੇ 10 ਵਜੇ ਇਹਨਾਂ ਡੀਲਰਾਂ ਨਾਲ ਟੀਚਰ ਹੋਮ ਬਠਿੰਡਾ ਵਿਖੇ ਮੀਟਿੰਗ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.