ਕਿਸਾਨਾਂ ਨੇ ਨੈਸ਼ਨਲ ਹਾਈਵੇ ਦੀ ਇੱਕ ਸਾਈਡ ਕੀਤੀ ਖਾਲੀ

ਲੋਕਾਂ ਨੂੰ ਪਰੇਸ਼ਾਨੀ ਆਉਣ ਕਾਰਨ ਕਿਸਾਨਾਂ ਨੇ ਲਿਆ ਫੈਸਲਾ

ਫਗਵਾੜਾ : ਫਗਵਾੜਾ ਸ਼ੂਗਰ ਮਿੱਲ ਵੱਲੋਂ ਗੰਨੇ ਦੀ 72 ਕਰੋੜ ਰੁਪਏ ਬਕਾਇਆ ਰਾਸ਼ੀ ਅਦਾ ਨਾ ਕਰਨ ’ਤੇ ਕਿਸਾਨਾਂ ਨੇ ਬੀਤੇ ਦਿਨ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਬੰਦ ਕਰ ਦਿੱਤੀਆਂ ਸਨ ਜਿਸ ਕਾਰਨ ਪੂਰੇ ਸ਼ਹਿਰ ’ਚ ਜਾਮ ਵਾਲਾ ਮਾਹੌਲ ਪੈਦਾ ਹੋ ਗਿਆ। ਲੋਕਾਂ ’ਚ ਅਫਰਾ-ਤਫਰੀ ਨੂੰ ਦੇਖਦੇ ਹੋਏ ਅਤੇ ਪਰੇਸ਼ਾਨੀ ਨੂੰ ਸਮਝਦੇ ਹੋਏ ਕਿਸਾਨਾਂ ਨੇ ਕੌਮੀ ਰਾਜ ਮਾਰਗ ਦੀ ਜਲੰਧਰ ਤੋਂ ਲੁਧਿਆਣਾ ਜਾਣ ਵਾਲੀ ਸਾਈਡ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ ਤੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੀ ਸਾਈਡ ਉੱਪਰ ਕੌਮੀ ਰਾਜਮਾਰਗ ਸਤਨਾਮਪੁਰਾ ਪੁਲ ’ਤੇ ਧਰਨਾ ਲਗਾਇਆ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੌਮੀ ਰਾਜ ਮਾਰਗ ਦੀ ਇਕ ਸਾਈਡ ਨੂੰ ਖੋਲ੍ਹ ਦਿੱਤਾ ਗਿਆ ਹੈ ਜਦਕਿ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਲੋਕ ਪੁਲ ਦੀ ਕਰਾਸਿੰਗ ਸਰਵਿਸ ਲਾਈਨ ਤੋਂ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦਾ 25 ਅਗਸਤ ਨੂੰ ਸੂਬਾ ਪੱਧਰੀ ਧਰਨਾ ਫਗਵਾੜਾ ਸ਼ੂਗਰ ਮਿਲ ਪੁਲ ਉੱਪਰ ਹੋਣ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੂੰ ਵੀ 25 ਅਗਸਤ ਤਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਕਿਸਾਨਾਂ ਦੀ ਬਕਾਇਆ ਰਾਸ਼ੀ ਅਦਾ ਕਰਵਾ ਦੇਵੇ, ਨਹੀਂ ਤਾਂ 25 ਅਗਸਤ ਨੂੰ ਸੂਬਾ ਪੱਧਰੀ ਧਰਨੇ ਤੋਂ ਬਾਅਦ 31 ਜਥੇਬੰਦੀਆਂ ਦੀ ਮੀਟਿੰਗ ’ਚ ਜੋ ਵੀ ਫੈਸਲਾ ਹੋਇਆ, ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। 25 ਅਗਸਤ ਨੂੰ ਸੂਬਾ ਪੱਧਰੀ ਧਰਨੇ ਦੇ ਨਾਲ-ਨਾਲ ਕੌਮੀ ਰਾਜਮਾਰਗ ਦੀਆਂ ਦੋਵੇਂ ਸਾਈਡਾਂ ਨੂੰ ਬੰਦ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ