ਘਰਾਣਿਆਂ ਦੀ ਰਾਜਨੀਤੀ

Politics

ਘਰਾਣਿਆਂ ਦੀ ਰਾਜਨੀਤੀ

ਲੋਕ ਜਨ ਸ਼ਕਤੀ ਪਾਰਟੀ ’ਚ ਲੋਕਤੰਤਰ ਦੀ ਜੰਗ ਚਾਚੇ-ਭਤੀਜੇ ਦੀ ਜੰਗ ਬਣਦੀ ਜਾ ਰਹੀ ਹੈ ਚਾਚੇ ਪਸ਼ੂਪਤੀ ਕੁਮਾਰ ਪਾਰਸ ਨੇ ਪਾਰਟੀ ਪ੍ਰਧਾਨ ਲੋਕ ਸਭਾ ’ਚ ਸਾਂਸਦ ਤੇ ਪਾਰਟੀ ਨੇਤਾ ਚਿਰਾਗ ਪਾਸਵਾਨ ਖਿਲਾਫ ਝੰਡਾ ਚੁੱਕ ਲਿਆ ਹੈ ਲੋਕ ਸਭਾ ਮੈਂਬਰ ਪਸ਼ੂਪਤੀ ਨੇ ਪਾਰਟੀ ਦੇ 5 ਸੰਸਦ ਮੈਂਬਰਾਂ ਦੀ ਹਮਾਇਤ ਨਾਲ ਆਪਣੇ-ਆਪ ਨੂੰ ਸਦਨ ’ਚ ਪਾਰਟੀ ਦਾ ਨੇਤਾ ਚੁਣ ਲਿਆ ਹੈ ਚਿਰਾਗ ਪਾਰਟੀ ਦੇ ਮਰਹੂਮ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਦੇ ਬੇਟੇ ਹਨ ਪਰਿਵਾਰ ਦੀ ਇਸ ਲੜਾਈ ਕਾਰਨ ਪਾਰਟੀ ਟੁੱਟਣ ਦੇ ਕੰਢੇ ’ਤੇ ਹੈ।

ਦਰਅਸਲ ਪਾਰਟੀ ’ਤੇ ਕਬਜੇ ਦੀ ਲੜਾਈ ਪਰਿਵਾਰਕ ਜਾਇਦਾਦ ਦੀ ਲੜਾਈ ਵਾਂਗ ਬਣ ਗਈ ਹੈ ਪਾਰਟੀਆਂ ’ਚ ਅੰਦਰੂਨੀ ਤੇ ਬਾਹਰੀ ਲੋਕਤੰਤਰ ਖ਼ਤਮ ਹੋ ਗਿਆ ਹੈ ਪਾਰਟੀ ਨੂੰ ਵੰਸ਼ ਦੀ ਵਿਰਾਸਤ ਸਮਝ ਕੇ ਬੇਟੇ ਨੂੰ ਪਾਰਟੀ ਦਾ ਵੱਡਾ ਅਹੁਦਾ ਦੇ ਦਿੱਤਾ ਜਾਂਦਾ ਹੈ ਜੋ ਪਾਰਟੀ ਅੰਦਰਲੇ ਹੋਰ ਸੀਨੀਅਰ ਆਗੂਆਂ ਨੂੰ ਸਹਿਣ ਨਹੀਂ ਹੁੰਦਾ ਜੇਕਰ ਸ਼ੁਰੂ ਵਿੱਚ ਹੀ ਅਹੁਦਿਆਂ ਦੀ ਵੰਡ ਭਾਵਨਾਤਮਕ ਤੌਰ ’ਤੇ ਕਰਨ ਦੀ ਬਜਾਇ ਤਰਕ ਤੇ ਲੋਕਤੰਤਰੀ ਤਰੀਕੇ ਨਾਲ ਕੀਤੀ ਜਾਏ ਤਾਂ ਅਜਿਹੇ ਵਿਵਾਦਾਂ ਤੇ ਸੰਕਟਾਂ ਤੋਂ ਬਚਿਆ ਜਾ ਸਕਦਾ ਹੈ ਪਾਰਟੀਆਂ ’ਚ ਸਿਆਸੀ ਕਲੇਸ਼ ਅਸਲ ’ਚ ਸੱਤਾ ਸੁਖ ਮਾਣਨ ਦੀ ਵੀ ਇੱਛਾ ਦਾ ਨਤੀਜਾ ਹੈ ਤੇ ਇਸ ਮਾਮਲੇ ’ਚ ਸਭ ਤੋਂ ਵੱਧ ਉਹਨਾਂ ਆਗੂਆਂ ਦੀ ਹੀ ਚੱਲਦੀ ਹੈ ਜੋ ਪਾਰਟੀ ਦੇ ਸੀਨੀਅਰ ਆਗੂਆਂ ਦੇ ਪਰਿਵਾਰਕ ਮੈਂਬਰ ਹੁੰਦੇ ਹਨ ਇਹ ਸਿਰਫ਼ ਬਿਹਾਰ ’ਚ ਹੀ ਨਹੀਂ ਉੱਤਰ ਪ੍ਰਦੇਸ਼, ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਰਾਜਾਂ ’ਚ ਹੋ ਚੁੱਕਾ ਹੈ ।

ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੀ ਸਰਕਾਰ ਸਮੇਂ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਉਨ੍ਹਾਂ ਦੇ ਚਾਚੇ ਸ਼ਿਵਪਾਲ ਯਾਦਵ ਦਰਮਿਆਨ ਪਾਰਟੀ ਦੇ ਅਹੁਦਿਆਂ ਕਰਕੇ ਲੜਾਈ ਹੁੰਦੀ ਰਹੀ ਪੰਜਾਬ ’ਚ ਬਾਦਲ ਪਰਿਵਾਰ ’ਚ ਇਹੀ ਰੁਝਾਨ ਵੀ ਫੁੱਟ ਦਾ ਕਾਰਨ ਬਣਿਆ ਤੇ ਅਖੀਰ ਮਨਪ੍ਰੀਤ ਸਿੰਘ ਬਾਦਲ ਨੇ ਵੱਖਰੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾ ਲਈ ਸੀ ਪਾਰਟੀਆਂ ’ਚ ਪਰਿਵਾਰਕ ਆਧਾਰ ’ਤੇ ਪੈਦਾ ਹੋ ਰਿਹਾ ਕਲੇਸ਼ ਸਿਆਸਤ ’ਚ ਤਬਦੀਲੀਆਂ ਦੀ ਗੁੰਜਾਇਸ਼ ਜਾਹਿਰ ਕਰਦਾ ਹੈ ਇਸੇ ਪਰਿਵਾਰਕ ਮੋਹ ਕਾਰਨ ਹਰ ਵੱਡੀ-ਛੋਟੀ ਪਾਰਟੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਭਾਵੇਂ ਹਰ ਆਗੂ ਨੂੰ ਕਿਸੇ ਪਾਰਟੀ ’ਚ ਰਹਿਣ ਨਾ ਰਹਿਣ ਦੀ ਅਜ਼ਾਦੀ ਹੈ ਪਰ ਅੰਨ੍ਹੇਵਾਹ ਸਿਆਸੀ ਪਲਟੀਆਂ ਸਿਆਸੀ ਅਸਥਿਰਤਾ ਦੇ ਨਾਲ-ਨਾਲ ਲੋਕਤੰਤਰ ਨੂੰ ਕਮਜ਼ੋਰ ਕਰਦੀਆਂ ਹਨ।

ਇਸ ਰੁਝਾਨ ਨੂੰ ਵੇਖ ਕੇ ਆਮ ਲੋਕਾਂ ਦਾ ਸਿਆਸਤ ਤੋਂ ਵਿਸ਼ਵਾਸ ਉੱਠਣ ਲੱਗਦਾ ਹੈ ਅਸਲ ’ਚ ਰਾਜਨੀਤੀ ਰਾਜ ਚਲਾਉਣ ਦੀ ਨੀਤੀ ਸੀ ਜਿਸ ਨੂੰ ਸਿਰਫ਼ ਕੁਰਸੀ ਹਾਸਲ ਕਰਨ ਤੇ ਸੱਤਾ ਸੁਖ ਮਾਣਨ ਦੀ ਨੀਤੀ ਬਣਾ ਦਿੱਤਾ ਗਿਆ ਹੈ ਪਾਰਟੀ ਨੂੰ ਪਰਿਵਾਰ ਦੀ ਜਾਇਦਾਦ ਜਾਂ ਜੇਬ੍ਹੀ ਪਾਰਟੀ ਬਣਾਉਣ ਦੀ ਮਾੜੀ ਰਵਾਇਤ ਛੱਡਣੀ ਪਵੇਗੀ ਰਾਜਨੀਤੀ ’ਚ ਤਿਆਗ, ਸੇਵਾ ਵਰਗੇ ਗੁਣ ਅਲੋਪ ਹੋ ਗਏ ਹਨ ਸਿਆਸਤਦਾਨਾਂ ਨੂੰ ਫਿਰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਡਾ. ਏਪੀਜੇ ਅਬਦੁਲ ਕਲਾਮ, ਅਟੱਲ ਬਿਹਾਰੀ ਵਾਜਪਾਈ ਜਿਹੇ ਮਹਾਨ ਆਗੂਆਂ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।