‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ

Fallen, Angry, Potter

ਬਲਰਾਜ ਸਿੰਘ ਸਿੱਧੂ ਐਸ ਪੀ

ਕਈ ਵਾਰ ਆਦਮੀ ਨੂੰ ਗੁੱਸਾ ਹੁੰਦਾ ਕਿਸੇ ਹੋਰ ‘ਤੇ ਹੈ, ਪਰ ਛਿੱਥਾ ਪਿਆ ਹੋਇਆ ਕੱਢਦਾ ਕਿਸੇ ਹੋਰ ‘ਤੇ ਹੈ। ਕੁਝ ਦਿਨ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੁਲਿਸ ਅਤੇ ਵਕੀਲਾਂ ਵਿੱਚ ਝੜਪਾਂ ਹੋਈਆਂ। ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਘੱਟ ਨਹੀਂ ਗੁਜ਼ਾਰੀ। ਉਸ ਤੋਂ ਅਗਲੇ ਦਿਨ ਵਕੀਲਾਂ ਨੇ ਹੜਤਾਲ ਕਰਕੇ ਦਿੱਲੀ ਦੀਆਂ ਅਨੇਕਾਂ ਅਦਾਲਤਾਂ ਦੇ ਬਾਹਰ ਧਰਨੇ ਲਗਾ ਕੇ ਕੰਮ-ਕਾਜ ਠੱਪ ਕਰ ਦਿੱਤਾ (ਇਸ ਦੇ ਬਰਾਬਰ ਦਿੱਲੀ ਪੁਲਿਸ ਨੇ ਵੀ ਧਰਨਾ-ਪ੍ਰਦਰਸ਼ਨ ਕੀਤਾ ਹੈ)।

ਅਨੇਕਾਂ ਰਾਸ਼ਟਰੀ ਨਿਊਜ਼ ਚੈਨਲਾਂ ਨੇ ਵਿਖਾਇਆ ਕਿ ਕਿਵੇਂ ਪੁਲਿਸ ਦੇ ਕੁਟਾਪੇ ਤੋਂ ਖਿਝੇ-ਖਪੇ ਵਕੀਲਾਂ ਨੇ ਆਪਣਾ ਗੁੱਸਾ ਧਰਨੇ ਲਾਗੋਂ ਲੰਘ ਰਹੇ ਬੇਕਸੂਰ ਲੋਕਾਂ ‘ਤੇ ਕੱਢਿਆ। ਇਹ ਇੱਕ ਆਮ ਇਨਸਾਨੀ ਵਤੀਰਾ ਹੈ ਕਿ ਤਕੜੇ ਦਾ ਗੁੱਸਾ ਹਮੇਸ਼ਾ ਕਮਜ਼ੋਰ ‘ਤੇ ਹੀ ਨਿੱਕਲਦਾ ਹੈ, ਤਕੜੇ ਦਾ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ। ਸੀਨੀਅਰ ਅਫਸਰ ਤੋਂ ਬੇਇੱਜ਼ਤੀ ਕਰਵਾ ਕੇ ਆਇਆ ਜੂਨੀਅਰ ਅਧਿਕਾਰੀ ਅੱਗੇ ਮਤੈਤਾਂ ਨੂੰ ਵੱਢ ਖਾਣ ਨੂੰ ਪੈਂਦਾ ਹੈ। ਪਤੀ ਨਾਲ ਲੜਾਈ ਹੋਣ ਤੋਂ ਬਾਅਦ ਜਾਂ ਘਰੇਲੂ ਕੰਮ ਕਾਜ ਤੋਂ ਅੱਕੀਆਂ ਔਰਤਾਂ ਆਪਣਾ ਸਾਰਾ ਗੁੱਸਾ ਬੱਚਿਆਂ ਨੂੰ ਕੁਟਾਪਾ ਚਾੜ੍ਹ ਕੇ ਕੱਢਦੀਆਂ ਹਨ। ਨਾਲੇ ਬੱਚੇ ਨੂੰ ਕੁੱਟੀ ਜਾਣਗੀਆਂ, ਨਾਲੇ ਪਤੀ ਨੂੰ (ਉਸ ਦੀ ਗੈਰ-ਹਾਜ਼ਰੀ ਵਿੱਚ) ਗਾਲ੍ਹਾਂ ਕੱਢੀ ਜਾਣਗੀਆਂ ਜਾਂ ਸੱਸ-ਸਹੁਰੇ ਦੀ ਲਾਹ-ਪਾਹ ਕਰ ਦੇਣਗੀਆਂ, ਨਿੱਕਲ ਜਾਉ ਇੱਥੋਂ, ਮੇਰੇ ਕੋਲੋਂ ਨਹੀਂ ਪੱਕਦੀਆਂ ਤੁਹਾਡੀਆਂ ਰੋਟੀਆਂ।

ਇਹੋ-ਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ। ਕਈ ਵਾਰੀ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਰ ਹੋ ਜਾਂਦੀ ਹੈ ਤੇ ਪੁਲਿਸ ਲਾਠੀਚਾਰਜ ਕਰ ਕੇ ਉਹਨਾਂ ਨੂੰ ਖਦੇੜ ਦਿੰਦੀ ਹੈ। ਜਦੋਂ ਮੌਰਾਂ ਭਨ੍ਹਾਂ ਕੇ ਭੱਜਦੇ ਹੋਏ ਸ਼ਰਾਰਤੀਆਂ ਦਾ ਪੁਲਿਸ ‘ਤੇ ਵੱਸ ਨਹੀਂ ਚੱਲਦਾ ਤਾਂ ਉਹ ਰਸਤੇ ਵਿੱਚ ਖੜ੍ਹੀਆਂ ਗੱਡੀਆਂ ਅਤੇ ਦੁਕਾਨਾਂ ਭੰਨ੍ਹਣੀਆਂ ਸ਼ੁਰੂ ਕਰ ਦਿੰਦੇ ਹਨ, ਅਣਭੋਲ ਲੋਕ ਬਿਨਾਂ ਮਤਲਬ ਰਗੜੇ ਜਾਂਦੇ ਹਨ।

ਸਾਡੇ ਨਜ਼ਦੀਕੀ ਪਿੰਡ ਦਾ ਸੰਤਾ ਸਕੀਮੀ ਪੁੱਠੇ ਪੰਗੇ ਲੈਣ ਦਾ ਬਹੁਤ ਸ਼ੌਕੀਨ ਸੀ। ਪੁਰਾਣੇ ਸਮੇਂ ਵਿੱਚ ਬਿਜਲੀ ਦੀਆਂ ਮੋਟਰਾਂ ਦੀ ਅਣਹੋਂਦ ਕਾਰਨ ਨਹਿਰੀ ਪਾਣੀ ਦੀ ਬਹੁਤ ਵੁੱਕਤ ਹੁੰਦੀ ਸੀ। ਸੰਤੇ ਦੀ ਰਾਤ ਗਿਆਰਾਂ ਵਜੇ ਪਾਣੀ ਦੀ ਵਾਰੀ ਸੀ। ਦੂਸਰੀ ਪਾਰਟੀ (ਜੋ ਸੰਤੇ ਦੇ ਸ਼ਰੀਕੇ-ਬਰਾਦਰੀ ਵਿੱਚੋਂ ਹੀ ਸਨ) ਦੀ ਵਾਰੀ ਗਿਆਰਾਂ ਵਜੇ ਤੱਕ ਸੀ ਤੇ ਉਹ ਉਸ ਦੀਆਂ ਕਰਤੂਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ। ਉਹ ਮੋਘੇ ਲਾਗੇ ਘਾਤ ਲਗਾ ਕੇ ਬੈਠ ਗਏ ਕਿ ਅੱਜ ਇਸ ਨੂੰ ਮੌਕੇ ‘ਤੇ ਢਾਹੁਣਾ ਹੈ। ਸੰਤੇ ਨੇ ਆਸਾ-ਪਾਸਾ ਵੇਖ ਕੇ ਸਾਢੇ ਦਸ ਵਜੇ ਹੀ ਪਾਣੀ ਵੱਢ ਲਿਆ ਤਾਂ ਉਹ ਡਾਂਗਾਂ ਲੈ ਕੇ ਐਲੀ-ਐਲੀ ਕਰਦੇ ਉਸ ਦੇ ਮਗਰ ਪੈ ਗਏ। ਸੰਤਾ ਡਰਦਾ ਮਾਰਾ ਪਾਣੀ ਦੀ ਵਾਰੀ ਵਿੱਚੇ ਛੱਡ ਕੇ ਪਿੰਡ ਨੂੰ ਭੱਜ ਨਿੱਕਲਿਆ। ਘਰ ਆਣ ਕੇ ਸ਼ਰੀਕਾਂ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਣ ਤੇ ਗੰਡਾਸੀਆਂ ਮਾਰ ਕੇ ਪਾਥੀਆਂ ਦੇ ਗਹੂਰੇ ਭੰਨ੍ਹਣ ਲੱਗ ਪਿਆ। ਜਦੋਂ ਸੰਤੇ ਦੀ ਪਤਨੀ ਨੇ ਆਪਣੀਆਂ ਮਿਹਨਤ ਨਾਲ ਸੁਕਾਈਆਂ ਪਾਥੀਆਂ ਦੇ ਗਹੂਰੇ ਭੱਜਦੇ ਵੇਖੇ ਤਾਂ ਟੁੱਟ ਕੇ ਉਸ ਦੇ ਗਲ ਪੈ ਗਈ, ਦੁਰ ਫਿਟੇ ਮੂੰਹ ਵੇ ਤੇਰੇ! ਸ਼ਰੀਕਾਂ ਅੱਗੇ ਤਾਂ ਪਿੱਠ ਵਿਖਾ ਕੇ ਨੱਠ ਆਇਆਂ, ਹੁਣ ਮੇਰੀਆਂ ਪਾਥੀਆਂ ਕਿਉਂ ਬਰਬਾਦ ਕਰੀ ਜਾਨੈਂ? ਸੰਤਾ ਪੂਰੀ ਬੇਸ਼ਰਮੀ ਨਾਲ ਦੰਦੀਆਂ ਕੱਢਣ ਲੱਗਾ, ਕਹਿੰਦਾ, ਪਾਥੀਆਂ ਨੇ ਕਿਹੜਾ ਬੋਲਣਾ ਅੱਗੋਂ, ਸ਼ਰੀਕਾਂ ਨੇ ਤਾਂ ਕੁੱਟ-ਕੁੱਟ ਕੇ ਮੇਰੀ ਮਿੱਝ ਕੱਢ ਦੇਣੀ ਸੀ।

ਕਈ ਡਰਪੋਕ ਤੇ ਢੀਠ ਕਿਸਮ ਦੇ ਵਿਅਕਤੀ, ਜੋ ਬਾਹਰ ਲੜਨ ਜੋਗੇ ਨਹੀਂ ਹੁੰਦੇ, ਲੋਕਾਂ ਕੋਲੋਂ ਬੇਇੱਜ਼ਤੀ ਕਰਵਾ ਕੇ ਗੁੱਸਾ ਆਪਣੀ ਪਤਨੀ ਜਾਂ ਬੱਚਿਆਂ ‘ਤੇ ਕੱਢਦੇ ਹਨ। ਇਹੋ-ਜਿਹਾ ਇੱਕ ਵਿਅਕਤੀ ਆਪਣੇ ਪਸ਼ੂਆਂ ਵਾਲੇ ਵਾੜੇ ਦੀ ਰਾਖੀ ਕਰਨ ਲਈ ਸੁੱਤਾ ਪਿਆ ਸੀ ਕਿ ਅੱਧੀ ਰਾਤ ਨੂੰ ਚੋਰ ਆਣ ਪਏ। ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਥੰਮਲੇ ਨਾਲ ਬੰਨ੍ਹ ਦਿੱਤਾ ਤੇ ਸਾਰੀਆਂ ਮੱਝਾਂ ਖੋਲ੍ਹ ਕੇ ਲੈ ਗਏ। ਸਵੇਰੇ ਜਦੋਂ ਲੋਕਾਂ ਨੇ ਉਸ ਨੂੰ ਖੋਲ੍ਹਿਆ ਤਾਂ ਉਹ ਇੱਕਦਮ ਡੰਡਾ ਲੈ ਕੇ ਇੱਕ ਛੋਟੇ ਜਿਹੇ ਕੱਟੇ ਨੂੰ ਕੁੱਟਣ ਲੱਗ ਪਿਆ। ਲੋਕਾਂ ਨੇ ਪੁੱਛਿਆ ਕਿ ਮੱਝਾਂ ਤਾਂ ਚੋਰ ਲੈ ਕੇ ਗਏ ਹਨ, ਤੂੰ ਇਸ ਬੇਜ਼ੁਬਾਨ ਨੂੰ ਕਿਉਂ ਕੁੱਟ ਰਿਹੈਂ? ਉਹ ਅੱਗੋਂ ਰੋਣਹਾਕਾ ਜਿਹਾ ਹੋ ਕੇ ਬੋਲਿਆ, ਮੱਝਾਂ ਨੂੰ ਛੱਡੋ, ਉਹ ਤਾਂ ਗਈਆਂ ਸੋ ਗਈਆਂ। ਇਹਦਾ ਬੇੜਾ ਗਰਕ ਹੋ ਜੇ, ਇਹਨੇ ਸਾਰੀ ਰਾਤ ਚੱਟ-ਚੱਟ ਕੇ ਮੇਰੀਆਂ ਲੱਤਾਂ ਛਿੱਲ ਛੱਡੀਆਂ ਨੇ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।