ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਖ਼ੁਦਕਸ਼ੀ ਦੀ ਸੋਸ਼ਲ ਮੀਡੀਆ ’ਤੇ ਫੈਲੀ ਝੂਠੀ ਖ਼ਬਰ

Fake News
ਮਾਨਸਾ : ਐਸਐਸਪੀ ਮਾਨਸਾ ਨੂੰ ਸ਼ਿਕਾਇਤ ਦੇ ਕੇ ਆਉਂਦੇ ਹੋਏ ਕਿਸਾਨ ਆਗੂ ਰੁਲਦੂ ਸਿੰਘ ਤੇ ਹੋਰ। ਤਸਵੀਰ : ਸੱਚ ਕਹੂੰ ਨਿਊਜ਼

 ਐਸਐਸਪੀ ਕੋਲ ਅਰਜੀ ਦੇ ਕੇ ਕੀਤੀ ਕਾਰਵਾਈ ਦੀ ਕੀਤੀ ਮੰਗ

(ਸੁਖਜੀਤ ਮਾਨ) ਮਾਨਸਾ। ਮਾਨਸਾ ਦੇ ਰਹਿਣ ਵਾਲੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਨੇ ਉਹਨਾਂ ਵੱਲੋਂ ਖ਼ੁਦਕੁਸ਼ੀ ਕਰਨ ਬਾਰੇ ਸੋਸ਼ਲ ਮੀਡੀਆ ਉਪਰ ਪੋਸਟਾਂ ਪਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ, ਗੁਰਲਾਭ ਸਿੰਘ ਮਾਹਲ ਐਡਵੋਕੇਟ ਰਾਹੀਂ ਜਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। (Fake News)

ਸ਼ਿਕਾਇਤ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਨੇ ਦੱਸਿਆ ਕਿ ਉਹ ਤੇ ਉਹਨਾਂ ਦੀ ਜਥੇਬੰਦੀ ਦੇਸ਼ ਵਿੱਚ ਕਿਸਾਨ ਅਤੇ ਸਮਾਜਿਕ ਹਿੱਤਾਂ ਲਈ ਲੜ ਰਹੇ ਹਨ ਅਤੇ ਦੇਸ਼ ਭਰ ਵਿੱਚ ਪ੍ਰਮੁੱਖ ਕਿਸਾਨ ਆਗੂ ਦੇ ਤੌਰ ’ਤੇ ਉਹਨਾਂ ਦੀ ਪਹਿਚਾਣ ਹੈ। ਉਹਨਾਂ ਅੱਗੇ ਕਿਹਾ ਕਿ ਇਹ ਉਸਨੂੰ ਬਦਨਾਮ ਕਰਨ ਲਈ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਉਸਦੀ ਮੌਤ ਦੀ ਖਬਰ ਬਾਰੇ ਅਤੇ ਉਸਦੀ ਨੂੰਹ ਬਾਰੇ ਗਲਤ ਅਤੇ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਬਾਰੇ ਸ਼ੋਸਲ ਮੀਡੀਆ ’ਤੇ ਪੋਸਟਾਂ ਵਾਇਰਲ ਹੋ ਰਹੀਆਂ ਹਨ।

ਉਹਨਾਂ ਦੱਸਿਆ ਕਿ ਪੋਸਟਾਂ ਬਾਰੇ ਜਾਣਕਾਰੀ ਉਹਨਾਂ ਨੂੰ ਗੁਰਲਾਭ ਸਿੰਘ ਮਾਹਲ ਐਡਵੋਕੇਟ, ਜੋ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਪ੍ਰੈਕਟਿਸ ਕਰਦੇ ਹਨ, ਨੇ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਸਮੇਤ ਪੂਰੇ ਪਰਿਵਾਰ ਵੱਲੋਂ ਇਸ ਸਬੰਧੀ ਜਾਣਕਾਰੀ ਇੱਕਠੀ ਕਰਨ ’ਤੇ ਪਤਾ ਚੱਲਿਆ ਕਿ ਦੇਸ਼ ਅਤੇ ਵਿਦੇਸ਼ ਵਿੱਚ ਇਹ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਹੈ, ਜਿਸ ਨਾਲ ਆਮ ਲੋਕਾਂ ਵਿੱਚ ਰੋਸ ਦੀ ਭਾਵਨਾ ਹੈ ਅਤੇ ਸਮੁੱਚਾ ਪਰਿਵਾਰ ਬਹੁਤ ਡੂੰਘੀ ਮਾਨਸ਼ਿਕ ਪੀੜਾਂ ਵਿੱਚ ਲੰਘ ਰਿਹਾ ਹੈ। (Fake News)

ਇਹ ਵੀ ਪੜ੍ਹੋ : ਰੇਤ ਕੱਢਣ ਲਈ ਵਰਤੀ ਜਾ ਰਹੀ ਮਸ਼ੀਨ ਟਰੈਕਟਰ-ਟਰਾਲੇ ਸਮੇਤ ਤਿੰਨ ਕਾਬੂ

ਉਹਨਾਂ ਮੰਗ ਕੀਤੀ ਕਿ ਇਸ ਪੋਸਟ ਨੂੰ ਤਿਆਰ ਕਰਨ ਵਾਲੇ ਵਿਅਕਤੀਆਂ ਅਤੇ ਬਿਨਾ ਤੱਥਾਂ ਦੀ ਜਾਂਚ ਕੀਤੇ ਬਿਨਾ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਅਤੇ ਫਾਰਵਰਡ ਕਰਨ ਵਾਲੇ ’ਤੇ ਸਾਈਬਰ ਕਰਾਈਮ ਦੀਆਂ ਧਾਰਾਵਾਂ ਅਧੀਨ ਅਤੇ ਇਸ ਪੋਸਟ ਨੂੰ ਤਿਆਰ ਕਰਨ ਵਾਲੇ ਖਿਲਾਫ ਗਲਤ ਦਸਤਾਵੇਜ ਤਿਆਰ ਕਰਨ ਦੀਆਂ ਧਾਰਾਵਾਂ ਤਹਿਤ ਅਤੇ ਉਹਨਾਂ ਦੇ ਪਰਿਵਾਰ ਦੀ ਛਵੀ ਖਰਾਬ ਕਰਨ ਦਾ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਕਾਮਰੇਡ ਕਿ੍ਰਸ਼ਨ ਚੋਹਾਨ, ਧੰਨਾ ਮੱਲ ਗੋਇਲ , ਗੋਰਾ ਸਿੰਘ ਭੈਣੀਬਾਘਾ, ਅਮਰੀਕ ਸਿੰਘ ਅਤੇ ਕਰਨੈਲ ਸਿੰਘ ਸ਼ਾਮਲ ਸਨ। ਇਸ ਮੌਕੇ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਭਰੋਸਾ ਦਿੱਤਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਜਲਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।