ਜਾਂਚ ਦੌਰਾਨ ਹੋਣਗੇ ਅਹਿਮ ਖੁਲਾਸੇ : ਥਾਣਾ ਮੁਖੀ
ਧਨੌਲਾ, (ਸੰਦੀਪ ਸਿੰਘ/ਸੱਚ ਕਹੂੰ ਨਿਊਜ਼)। ਲੋਨ ਕਰਵਾ ਕਰਜ਼ਾ ਦੇਣ ਦੇ ਬਹਾਨੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੀ ਗ੍ਰਿਫ਼ਤਾਰ ਮਹਿਲਾ ਤੋਂ ਪੁਲਿਸ ਥਾਣਾ ਧਨੌਲਾ ਨੇ 14 ਲੱਖ 65 ਹਜ਼ਾਰ ਰੁਪਏ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਥਾਣਾ ਮੁਖੀ ਧਨੌਲਾ ਨੈਬ ਸਿੰਘ ਬੈਨੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਲੋਨ ਮਨਜ਼ੂਰ ਕਰਵਾ ਦੇਣ ਦਾ ਝਾਂਸਾ ਦੇ ਕੇ ਪੈਸੇ ਠੱਗਣ ‘ਤੇ ਦਰਜ ਹੋਏ ਪਰਚੇ ‘ਚ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਭੈਣੀ ਜੱਸਾ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਕੋਲੋਂ 14 ਲੱਖ 65 ਹਜ਼ਾਰ 500 ਰੁਪਏ ਦੀ ਜਾਅਲੀ ਕਰੰਸੀ, ਜਿਸ ਉੱਪਰ ਚਿਲਡਰਨ ਬੈਂਕ ਆਫ਼ ਇੰਡੀਆ ਲਿਖਿਆ ਹੋਇਆ ਹੈ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਇਹ ਉਕਤ ਕਰੰਸੀ ਉਸ ਨੂੰ ਗੁਰਮੀਤ ਸਿੰਘ ਨੇ ਇਹ ਕਹਿ ਕੇ ਭੇਜੀ ਸੀ ਸਬੰਧਿਤ ਲੋਕਾਂ ਨੂੰ ਇਹ ਪੈਸੇ ਵੰਡ ਦਿਓ। ਥਾਣਾ ਮੁਖੀ ਨੇ ਦੱਸਿਆ ਕਿ ਇਹ ਲੋਕ ਇਸ ਕਰੰਸੀ ਦਾ ਦਿਖਾਵਾ ਕਰਕੇ ਹੋਰ ਲੋਕਾਂ ਤੋਂ ਪੈਸੇ ਬਟੋਰਨ ਦੀ ਸਕੀਮ ਲਗਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੂੰ ਕੋਰਟ ‘ਚ ਪੇਸ਼ ਕਰਕੇ ਹੋਰ 3 ਦਿਨਾਂ ਦਾ ਰਿਮਾਂਡ ਲਿਆ ਜਾਵੇਗਾ, ਜਿਸ ਦੌਰਾਨ ਇਸ ਧੰਦੇ ਨਾਲ ਸੰਬੰਧੀ ਅਹਿਮ ਖੁਲਾਸੇ ਹੋਣਗੇ। ਜਿੰਨਾਂ ਲੋਕਾਂ ਨਾਲ ਇਹ ਠੱਗੀ ਵੱਜੀ ਹੈ ਉਹ ਵੀ ਬਿਆਨ ਦਰਜ ਕਰਵਾ ਰਹੇ ਹਨ। ਇਸ ਧੰਦੇ ਨਾਲ ਜੁੜੇ ਗੁਰਮੀਤ ਸਿੰਘ ਵਾਸੀ ਅਤਰ ਸਿੰਘ ਵਾਲਾ ਦੇ ਘਰ ਰੇਡ ਕੀਤੀ ਸੀ ਜਿੱਥੇ ਕਿ ਜ਼ਿੰਦਰੇ ਲੱਗੇ ਹੋਏ ਮਿਲੇ।