ਵੈਕਸੀਨ ਲਈ ਵਧਿਆ ਦਾਇਰਾ ਸਹੀ

ਵੈਕਸੀਨ ਲਈ ਵਧਿਆ ਦਾਇਰਾ ਸਹੀ

ਆਖ਼ਰ ਕੇਂਦਰ ਸਰਕਾਰ ਨੇ ਇੱਕ ਮਈ ਤੋਂ ਕੋਰੋਨਾ ਦਾ ਟੀਕਾ ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਉਣ ਦਾ ਫੈਸਲਾ ਕਰ ਲਿਆ ਹੈ। ਇਹ ਬਹੁਤ ਹੀ ਦਰੁਸਤ ਫੈਸਲਾ ਤੇ ਸਮੇਂ ਦੀ ਜ਼ਰੂਰਤ ਹੈ। ਵਿਰੋਧੀ ਪਾਰਟੀ ਕਾਂਗਰਸ ਨੇ ਵੀ ਸਰਕਾਰ ਨੂੰ ਇਹ ਫੈਸਲਾ ਲੈਣ ਦੀ ਅਪੀਲ ਕੀਤੀ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਟੀਕਾ ਹਰ ਉਮਰ ਦੇ ਲੋਕਾਂ ਨੂੰ ਲਾਉਣ ਦਾ ਸੁਝਾਅ ਦਿੱਤਾ ਸੀ। ਚੰਗੀ ਗੱਲ ਹੈ ਕਿ ਸਰਕਾਰ ਨੇ ਲੋਕਤੰਤਰੀ ਸਿਸਟਮ ਦੇ ਤਹਿਤ ਵਿਰੋਧੀ ਪਾਰਟੀ ਦੇ ਵਿਚਾਰਾਂ ਨੂੰ ਸਨਮਾਨ ਦਿੱਤਾ ਹੈ। ਦਰਅਸਲ ਟੀਕੇ ਲਈ ਉਮਰ ਵਰਗ ਦਾ ਦਾਇਰਾ ਵਧਾਉਣ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਹੈ।

ਕੋਰੋਨਾ ਮਰੀਜ਼ਾਂ ਦੀ ਗਿਣਤੀ ਹੀ ਇੰਨੀ ਜ਼ਿਆਦਾ ਵਧ ਰਹੀ ਹੈ ਕਿ ਸਰਕਾਰਾਂ ਕੋਲ ਹਸਪਤਾਲਾਂ ’ਚ ਸਾਰੇ ਪ੍ਰਬੰਧ ਛੋਟੇ ਪੈ ਰਹੇ ਹਨ ਤੇ ਆਕਸੀਜ਼ਨ ਤੇ ਬੈੱਡਾਂ ਦੀ ਕਮੀ ਦੀਆਂ ਰਿਪੋਰਟਾਂ ਆਮ ਹੋ ਰਹੀਆਂ ਸਨ। ਮੌਤ ਦਰ ਵਧਣ ਕਾਰਨ ਕਈ ਥਾਈਂ ਸ਼ਮਸ਼ਾਨਘਾਟਾਂ ’ਚ ਜਗ੍ਹਾ ਨਾ ਮਿਲਣ ਕਾਰਨ ਹਸਪਤਾਲਾਂ ’ਚ ਲਾਸ਼ਾਂ ਪਈਆਂ ਰਹਿਣ ਦੀਆਂ ਰਿਪੋਰਟਾਂ ਵੀ ਚੱਲ ਰਹੀਆਂ ਹਨ। ਉੱਤੋਂ ਕੋਰੋਨਾ ਵਾਇਰਸ ਦੀ ਨਵੀਂ ਕਿਸਮ ਦੀ ਲਾਗ ਦੀ ਰਫ਼ਤਾਰ ਤੇ ਮਾਰੂ ਤਾਕਤ ਵਧਣ ਦੀ ਚਰਚਾ ਨੇ ਸਰਕਾਰਾਂ ਨੂੰ ਬੇਵੱਸ ਜਿਹਾ ਕਰ ਦਿੱਤਾ ਹੈ। ਇਸ ਲਈ ਟੀਕਾਕਰਨ ਦੀ ਰਫ਼ਤਾਰ ਵਧਾਉਣੀ ਹੀ ਸਭ ਤੋਂ ਢੁੱਕਵਾਂ ਕਦਮ ਹੈ। ਚੰਗੀ ਗੱਲ ਇਹ ਵੀ ਹੈ ਕਿ ਟੀਕਾਕਰਨ ਦਾ ਕੋਈ ਮਾੜਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ 13 ਕਰੋੜ ਦੇ ਕਰੀਬ ਡੋਜ਼ਾਂ ਲੱਗ ਚੁੱਕੀਆਂ ਹਨ। ਸਰਕਾਰ ਇਸ ਮੁਹਿੰਮ ਲਈ ਸਮਾਜਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲੈ ਰਹੀ ਹੈ। ਦੁਨੀਆ ਭਰ ਦਾ ਤਜ਼ਰਬਾ ਵੀ ਇਹੀ ਰਿਹਾ ਹੈ ਕਿ ਟੀਕਾਕਰਨ ਬਹੁਤ ਜ਼ਰੂਰੀ ਹੈ।

ਖਾਸ ਕਰਕੇ ਭਾਰਤ ਵਰਗੇ ਵੱਧ ਤੇ ਸੰਘਣੀ ਆਬਾਦੀ ਵਾਲੇ ਮੁਲਕ ’ਚ ਤਾਂ ਸਿਰਫ਼ ਸਾਵਧਾਨੀਆਂ ਵਰਤ ਕੇ ਕੋਰੋਨਾ ਤੋਂ ਬਚਣਾ ਕਾਫ਼ੀ ਔਖਾ ਹੈ। ਸਾਡੇ ਕੋਲ ਦੁਨੀਆ ਦੀ ਜ਼ਮੀਨ ਦਾ ਢਾਈ ਫੀਸਦੀ ਤੋਂ ਵੀ ਘੱਟ ਹਿੱਸਾ ਹੈ ਪਰ ਆਬਾਦੀ 16 ਫੀਸਦੀ ਤੋਂ ਵੱਧ ਹੈ ਦੂਜੀ ਗੱਲ, ਸਾਡੇ ਲੋਕ ਸਾਵਧਾਨੀ ਵਰਤਣ ਨੂੰ ਗੁਲਾਮੀ ਭੋਗਣਾ ਮੰਨਦੇ ਹਨ, ਜਿਵੇਂ ਕਿਸੇ ਕੈਦ ਕਰ ਦਿੱਤਾ ਹੋਵੇ। ਵਿਆਹ-ਸ਼ਾਦੀਆਂ ਤੇ ਦੁੱਖ ਦੇ ਪ੍ਰੋਗਰਾਮਾਂ ’ਚ ਵੱਡੇ ਇਕੱਠ ਕਰਨ ਦੀ ਰਵਾਇਤ ਵੀ ਸਾਨੂੰ ਪੱਛਮੀ ਮੁਲਕਾਂ ਨਾਲੋਂ ਨਿਖੇੜਦੀ ਹੈ ਸਾਡੀ ਭੂਗੋਲਿਕ, ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਰਹਿਤਲ ਭੀੜ-ਭਾੜ ਤੇ ਇਕੱਠੇ ਰਹਿਣ ਵਾਲੀ ਹੋਣ ਕਰਕੇ ਆਪਸੀ ਸੰਪਰਕ ਜ਼ਿਆਦਾ ਹਨ ਸਥਾਨਕ ਤੋਂ ਲੈ ਕੇ ਕੌਮੀ ਆਗੂਆਂ ਤੱਕ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਉੱਤੋਂ ਸਾਰੀ ਕਸਰ ਤਾਂ ਸਿਆਸੀ ਰੈਲੀਆਂ ਨੇ ਕੱਢ ਦਿੱਤੀ ਹੈ। ਇਸ ਲਈ ਟੀਕਾਕਰਨ ਸਾਡੇ ਦੇਸ਼ ਲਈ ਬੇਹੱਦ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।