ਪੰਜਾਬ ਤੇ ਹਰਿਆਣਾ ਵਿੱਚ ਮਿਲਾਵਟੀ ਦੁੱਧ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

ਤਿੰਨ ਸਰਗਰਮ ਮੈਂਬਰ ਗ੍ਰਿਫ਼ਤਾਰ, ਵੱਡੇ ਪੱਧਰ ‘ਤੇ ਮਿਲਾਵਟੀ ਸਮਾਨ ਤੇ ਵਾਹਨ ਬਰਾਮਦ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਤਿਉਹਾਰਾਂ ਦੇ ਸੀਜ਼ਨ ਮੌਕੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਸੂਬੇ ਵਿੱਚ ਮਿਲਾਵਟੀ ਦੁੱਧ ਤੇ ਹੋਰ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਇਸਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਗ੍ਰਿਫ਼ਤਾਰ ਹੋਏ ਇਨ੍ਹਾਂ ਮੈਂਬਰਾਂ ਦੀ ਨਿਸ਼ਾਨਦੇਹੀ ‘ਤੇ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਨ ਵਾਲਾ ਸਾਮਾਨ, ਢੋਆ-ਢੁਆਈ ਲਈ ਵਰਤੇ ਜਾਂਦੇ ਵਾਹਨ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ

ਸੰਗਰੂਰ ਦੇ ਜ਼ਿਲਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਾਅਲੀ ਅਤੇ ਮਿਲਾਵਟੀ ਵਸਤਾਂ ਤਿਆਰ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਡੀ.ਐਸ.ਪੀ (ਡੀ) ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈਲ ਸੰਗਰੂਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਖਬਰੀ ਮਿਲਣ ‘ਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਜ਼ ਕਲੋਨੀ ਸੰਗਰੂਰ ਜੋ ਕਿ ਪਿੰਡ ਸੋਹੀਆਂ ਵਿਖੇ ਦੁੱਧ ਦੀ ਫੈਕਟਰੀ ਚਲਾ ਰਿਹਾ ਹੈ,

ਜੋ ਇਸ ਫੈਕਟਰੀ ਵਿੱਚ ਜਾਅਲੀ ਦੁੱਧ ਤਿਆਰ ਕਰਕੇ, ਮੋਟਾ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਆ ਕੇ ਆਮ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਅਤੇ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ, ਅੱਗੇ ਵੇਚਦਾ ਹੈ ਜਿਸ ‘ਤੇ ਐਸ.ਸੀ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈਲ ਸੰਗਰੂਰ ਨੇ ਮੁਕਦਮਾ ਦਰਜ਼ ਕਰਕੇ ਧਾਰਾ 308, 272, 273, 420 ਆਈਪੀਸੀ  ਥਾਣਾ ਸਦਰ ਸੰਗਰੂਰ ਵਿਖੇ ਦਰਜ ਕਰਵਾਇਆ ਅਤੇ ਰਵਿੰਦਰ ਗਰਗ ਸਹਾਇਕ ਫੂਡ ਕਮਿਸ਼ਨਰ ਅਤੇ  ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਜਿਲਾ ਮਾਨਸਾ ਨਾਲ ਮੌਕੇ ‘ਤੇ ਪਹੁੰਚਣ ਲਈ ਤਾਲਮੇਲ ਕੀਤਾ ਗਿਆ।

ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਗਏ ਸਨ

ਐਸ.ਐਸ.ਪੀ ਨੇ ਦੱਸਿਆ ਕਿ ਅਂੈਟੀ ਨਾਰਕੋਟਿਕ ਸੈਲ ਸੰਗਰੂਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਰਿੰਦਰਪਾਲ ਉਰਫ ਬੰਟੀ ਉਕਤ ਦੀ ਫੈਕਟਰੀ ‘ਤੇ ਰੇਡ ਕਰਕੇ ਮੌਕੇ ਤੇ ਇੱਕ ਟਾਟਾ 407 ਜਿਸ ਵਿੱਚ ਕਰੀਬ 4 ਹਜਾਰ ਲੀਟਰ ਮਿਲਾਵਟੀ ਦੁੱਧ, ਇੱਕ ਟਾਟਾ 409 ਜਿਸ ਵਿੱਚ ਕਰੀਬ 3 ਹਜਾਰ ਲੀਟਰ ਮਿਲਾਵਟੀ ਦੁੱਧ (ਕੁੱਲ 7 ਹਜਾਰ ਲੀਟਰ ਮਿਲਾਵਟੀ ਦੁੱਧ), ਇੱਕ ਡਰੰਮ ਪਲਾਸਟਿਕ ਜਿਸ ਵਿੱਚ 200 ਲੀਟਰ ਸੋਰਬੀਟੋਲ ਤੇਲ, 18 ਸੌ ਟੀਨ ਵਨਸਪਤੀ ਡਾਲਡਾ ਘੀ, ਇਲੈਕਟ੍ਰਿਕ ਭੱਠੀ ਸਮੇਤ ਦੇਗਾ ਜਿਸ ਵਿੱਚ ਡਾਲਡਾ ਘੀ ਅਤੇ ਮਿਲਾਵਟੀ ਮਟੀਰੀਅਲ, ਇੱਕ ਮਿਕਸਰ ਗ੍ਰੈਂਡਰ ਸਮੇਤ ਡਰੰਮੀ ਜਿਸ ਵਿੱਚ ਕਰੀਬ 20 ਲੀਟਰ ਮਿਲਾਵਟੀ ਦੁੱਧ ਤਿਆਰ ਕਰਨ ਵਾਲਾ ਤਰਲ ਪਦਾਰਥ, ਇੱਕ ਗਰੇਅ ਰੰਗ ਦਾ ਟੀਨ ਡਰੰਮ ਜਿਸ ਵਿੱਚ 175 ਲੀਟਰ ਆਰ.ਐਮ, 11 ਥੈਲੇ ਪਲਾਸਟਿਕ ਜਿਸ ਵਿੱਚ ਗੂਲੁਕੋਜ ਪਾਊਡਰ ਅਤੇ ਇੱਕ ਵਹੀਕਲ ਛੋਟਾ ਹਾਥੀ ਬਰਾਮਦ ਕਰਵਾਇਆ ਅਤੇ ਮੌਕੇ ਤੇ ਬਰਾਮਦ ਵਸਤੂਆਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਗਏ ਸਨ।

ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਐਸ.ਐਸ.ਪੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੋਨੀ ਕਾਫੀ ਲੰਮੇ ਸਮੇਂ ਤੋਂ ਜਾਅਲੀ ਦੁੱਧ ਵੱਡੇ ਪੱਧਰ ‘ਤੇ ਸਪਲਾਈ ਕਰਨ ਲਈ ਤਿਆਰ ਕਰਦਾ ਹੈ। ਉਨਾਂ ਦੱਸਿਆ ਕਿ ਸੈਂਟਰ ‘ਤੇ ਫੂਡ ਵਿਭਾਗ ਵੱਲੋਂ ਪਹਿਲਾਂ ਵੀ 6 ਵਾਰ ਰੇਡ ਹੋ ਚੁੱਕੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਪੁੱਛ ਗਿੱਛ ਤੋਂ ਪਤਾ ਲੱਗਿਆ ਹੈ ਕਿ ਇਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਅਲੀ ਦੁੱਧ ਦੀ ਸਪਲਾਈ ਕੀਤੀ ਜਾਂਦੀ ਸੀ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ। ਫੜੇ ਗਏ ਮੁਲਜ਼ਮਾਂ ਦੀ ਪਾਛਾਣ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਜ਼ ਕਲੌਨੀ ਸੰਗਰੂਰ, ਰਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਡਬਰ, ਬਲਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੰਤ ਈਸ਼ਰ ਸਿੰਘ ਨਗਰ ਗਲੀ ਨੰ. 6 ਸੰਗਰੂਰ ਵਜੋਂ ਹੋਈ ਹੈ

ਬਰਾਮਦ ਹੋਇਆ ਸਮਾਨ

ਇੱਕ ਟਾਟਾ 407 ਜਿਸ ਵਿੱਚ ਕਰੀਬ 4 ਹਜਾਰ ਲੀਟਰ ਮਿਲਾਵਟੀ ਦੁੱਧ ਸੀ , ਇੱਕ ਟਾਟਾ 409 ਜਿਸ ਵਿੱਚ ਕਰੀਬ 3 ਹਜਾਰ ਲੀਟਰ ਮਿਲਾਵਟੀ ਦੁੱਧ
ਸੀ, ਇੱਕ ਡਰੰਮ ਪਲਾਸਟਿਕ ਜਿਸ ਵਿੱਚ 200 ਲੀਟਰ ਸੋਰਬੀਟੋਲ ਤੇਲ ਸੀ, 18 ਸੌ ਟੀਨ ਬਨਸਪਤੀ ਡਾਲਡਾ ਘਿਓ, ਇਲੈਕਟ੍ਰਿਕ ਭੱਠੀ ਸਮੇਤ ਦੇਗਾ ਜਿਸ ਵਿੱਚ ਡਾਲਡਾ ਘੀ ਅਤੇ ਮਿਲਾਵਟੀ ਮਟੀਰੀਅਲ, ਤੋਂ ਇਲਾਵਾ ਹੋਰ ਵੀ ਕਾਫ਼ੀ ਸਮਾਨ ਬਰਾਮਦ ਹੋਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।