ਖੰਡ ਮਿੱਲ ਦਾ ਮਾਲਕ ਗ੍ਰਿਫ਼ਤਾਰ
ਭੜਕੇ ਲੋਕਾਂ ਨੇ ਮਿੱਲ ਮਾਲਕ ਦੀਆਂ ਕਈ ਗੱਡੀਆਂ ਫੂਕੀਆਂ
ਏਜੰਸੀ
ਪਟਨਾ, 21 ਦਸੰਬਰ।
ਗੋਪਾਲਗੰਜ ਜ਼ਿਲ੍ਹੇ ਵਿੱਚ ਸਾਸਾਮੁਸਾ ਖੰਡ ਮਿੱਲ ਵਿੱਚ ਬਾਇਲਰ ਫਟਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਨੌ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਮਿੱਲ ਵਿੱਚ ਮਜ਼ਦੂਰੀ ਕਰਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਮਿੱਲ ਮਾਲਕ ਅਤੇ ਉਸ ਦੇ ਦੋ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਅਜੇ ਵੀ ਕਈ ਮਜ਼ਦੂਰ ਮਿੱਲ ਵਿੱਚ ਫਸੇ ਹੋਏ ਹਨ।
ਮ੍ਰਿਤਕਾਂ ਦੀ ਪਛਾਣ ਕੁਚਾਯਾਕੋਟ ਦੇ ਖਜੁਰੀ ਨਿਵਾਸੀ ਅਰਜੁਨ ਕੁਮਾਰ ਕੁਸ਼ਵਾਹਾ, ਕੁਚਾਯਾਕੋਟ ਦੇ ਬਾਣੀ, ਖਜੂਰੀ ਨਿਵਾਸੀ ਕ੍ਰਿਪਾ ਯਾਦਵ ਅਤੇ ਯੂਪੀ ਦੇ ਪਢਰੌਨਾ ਨਿਵਾਸੀ ਮੁਹੰਮਦ ਸ਼ਮਸੁਦੀਨ ਸ਼ਾਮਲ ਹਨ। 60 ਸਾਲਾ ਮੁਹੰਮਦ ਇਸ ਮਿੱਲ ਵਿੱਚ ਪਿਛਲੇ 40 ਸਾਲਾਂ ਤੋਂ ਟਰਬਾਈਨ ਚਲਾਉਣ ਦਾ ਕੰਮ ਕਰਦੇ ਸਨ।
ਗੰਭੀਰ ਜ਼ਖ਼ਮੀਆਂ ਨੂੰ ਗੋਪਾਲਗੰਜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਤਿੰਨ ਜਣਿਆਂ ਨੂੰ ਪੀਐੱਮਸੀਐੱਚ ਲਈ ਰੈਫ਼ ਕੀਤਾ ਗਿਆ ਹੈ। ਜਦੋਂਕਿ ਸਿਵਲ ਹਸਪਤਾਲ ਵਿੱਚ ਦਾਖਲ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਹਾਦਸੇ ਪਿੱਛੋਂ ਗੁੱਸੇ ਵਿੱਚ ਆਏ ਲੋਕਾਂ ਨੇ ਮਿੱਲ ਮਾਲਕ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਹੰਗਾਮਾ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਮਿੱਲ ਵਿੱਚ ਅਜੇ ਵੀ ਕਈ ਲੋਕ ਫਸੇ ਹੋਏ ਹਨ। ਪਹਿਲਾਂ ਉਨ੍ਹਾਂ ਨੂੰ ਕੱਢਿਆ ਜਾਵੇ। ਹਾਦਸਾ ਵਾਪਰੇ ਨੂੰ ਦਸ ਘੰਟੇ ਹੋ ਗਏ ਹਨ, ਪਰ ਅਜੇ ਤੱਕ ਫਸੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਗਿਆ।
ਲੋਕਾਂ ਨੇ ਮਿੱਲ ਮਾਲਕ ‘ਤੇ ਲਾਪਰਵਾਹੀ ਵਰਤਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥ ਹਫ਼ਤਾ ਪਹਿਲਾਂ ਵੀ ਬਾਇਲਰ ਦਾ ਪਾਈਪ ਫਟਿਆ ਸੀ, ਪਰ ਇਸ ਹਾਦਸੇ ਤੋਂ ਸਬਕ ਨਹੀਂ ਲਿਆ ਗਿਆ। ਵਿਰੋਧ ਕਰ ਰਹੇ ਲੋਕਾਂ ਦੀ ਮੰਗ ਹੈ ਕਿ ਮਿੱਲ ਮਾਲਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਵੇ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇ।
ਉੱਧਰ ਮਿੱਲ ਮਾਲਕ ਮਹਿਮੂਦ ਆਲਮ ਨੇ ਕਿਹਾ ਕਿ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਲੋਕਾਂ ਨੂੰ ਕੰਮ ਉਦੋਂ ਹੀ ਦਿੱਤਾ ਜਾ ਸਕੇਗਾ, ਜਦੋਂ ਮੁੜ ਕਾਰੋਬਾਰ ਸ਼ੁਰੂ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।